ਅੱਥਰੀ ਮੰਡੀਰ ਨੂੰ ਭਵਿੱਖ ਨਹੀਂ, ਈਵੀਐਮ 'ਚੋਂ ਦਿੱਸਦੈ 'ਟਿੱਕ ਟਾਕ'!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 17:37
Reading time: 3 mins, 53 secs

ਪੰਜਾਬ ਦੇ ਅੰਦਰ ਅੱਜ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਹਰ ਕੋਈ ਆਪੋ ਆਪਣੇ ਉਮੀਦਵਾਰਾਂ ਨੂੰ ਵੋਟ ਪਾ ਕੇ ਖੁਸ਼ੀ ਖੁਸ਼ੀ ਬੂਥ ਵਿੱਚੋਂ ਬਾਹਰ ਨਿਕਲ ਰਿਹਾ ਹੈ। ਸਾਰੇ ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵੀ ਵੋਟਾਂ ਪਾਈਆਂ ਜਾ ਰਹੀਆਂ ਹਨ। ਵੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਦਾ ਆਲਮ ਛਾਇਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀਆਂ ਦਾ ਰਸਤਾ ਅਪਣਾ ਰਹੇ ਹਨ।

ਇਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਸਮੇਂ ਦੀਆਂ ਸਰਕਾਰਾਂ ਨੌਜਵਾਨਾਂ ਅਤੇ ਕਿਸਾਨਾਂ ਨੂੰ ਵਿਸਾਰ ਕੇ ਆਪਣੇ ਢਿੱਡ ਭਰਨ 'ਤੇ ਲੱਗੀਆਂ ਹੋਈਆਂ ਹਨ। ਅੱਜ ਵੋਟਾਂ ਵਾਲੇ ਦਿਨ ਵੀ ਅੱਥਰੀ ਮੰਡੀਰ ਕਮਲੀ ਹੋਈ ਫਿਰਦੀ ਵਿਖਾਈ ਦਿੱਤੀ ਅਤੇ ਧੜਾਧੜ ਲੀਡਰਾਂ ਦੇ ਹੱਕ ਵਿੱਚ ਨੌਜਵਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਵਿਖਾਈ ਦਿੱਤੇ। ਹੱਦ ਤਾਂ ਉਦੋਂ ਹੋ ਗਈ, ਜਦੋਂ ਸੱਤਾਧਿਰ ਦੇ ਨਾਲ ਜੁੜੇ ਕੁਝ ਨੌਜਵਾਨਾਂ ਦੇ ਵੱਲੋਂ ਗਰਮ ਜੋਸ਼ੀ ਦੇ ਵਿੱਚ ਆਉਂਦਿਆਂ ਹੋਇਆ ਵੋਟ ਪਾਉਣ ਸਮੇਂ 'ਟਿੱਕ ਟੋਕ' ਹੀ ਚਲਾ ਦਿੱਤਾ ਗਿਆ।

ਦੱਸ ਦਈਏ ਕਿ ਅੱਜ ਜਦੋਂ ਕੁਝ ਸੱਤਾਧਿਰ ਨਾਲ ਜੁੜੇ ਨੌਜਵਾਨਾਂ ਦੇ ਵਲੋਂ ਵੋਟਾਂ ਪਾਉਣ ਲਈ ਪੋਲਿੰਗ ਬੂਥ ਦੇ ਵਿੱਚ ਪਹੁੰਚਿਆ ਗਿਆ ਤਾਂ ਉੱਥੇ ਉਕਤ ਨੌਜਵਾਨਾਂ ਨੇ ਆਪਣੇ ਭਵਿੱਖ ਨੂੰ ਦਾਅ 'ਤੇ ਲਗਾਉਂਦਿਆਂ ਹੋਇਆ ਵੋਟ ਪਾਉਣ ਸਮੇਂ ਅਜਿਹੇ ਮਜ਼ਾਕ ਕੀਤੇ ਕਿ ਉਸ ਨੂੰ ਵੇਖ ਕੇ ਹਰ ਕੋਈ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਹੈਰਾਨ ਰਹਿ ਗਿਆ। ਦੱਸ ਦਈਏ ਕਿ ਅੱਥਰੀ ਹੋਈ ਫਿਰਦੀ ਮੰਡੀਰ ਦੇ ਵੱਲੋਂ ਈਵੀਐਮ ਮਸ਼ੀਨ ਦੇ ਉੱਪਰ ਹੀ 'ਟਿੱਕ ਟੋਕ' ਚਲਾ ਕੇ ਵੀਡੀਓ ਬਣਾ ਦਿੱਤੀਆਂ ਗਈਆਂ।

ਈਵੀਐਮ ਮਸ਼ੀਨ ਦੇ ਉੱਪਰ ਹੀ ਜਦੋਂ ਉਕਤ ਨੌਜਵਾਨ ਵੀਡੀਓ ਬਣਾ ਰਹੇ ਸਨ ਤਾਂ ਉਦੋਂ ਉਕਤ ਨੌਜਵਾਨਾਂ ਨੂੰ ਕਿਸੇ ਨੇ ਵੀ ਨਾ ਰੋਕਿਆ। ਇੱਥੋਂ ਤੱਕ ਕਿ ਵੋਟਾਂ ਪਵਾਉਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਵੀ ਅੱਖਾਂ ਮੀਚ ਕੇ ਤਮਾਸ਼ਾ ਵੇਖਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਅਸ਼ਲੀਲ ਗੀਤ ਚਲਾ ਕੇ ਪਹਿਲੋਂ ਤਾਂ ਈਵੀਐਮ ਦੇ ਕੋਲ ਖੜਿਆ ਗਿਆ ਅਤੇ ਉਸ ਤੋਂ ਬਾਅਦ ਵੀਡੀਓ ਬਣਾ ਕੇ ''ਟਿੱਕ ਟਾਕ ਐਪ'' ਉੱਪਰ ਸ਼ੇਅਰ ਕਰ ਦਿੱਤੀ ਗਈ। ਜਦੋਂ ਇਹ ਵੀਡੀਓ ਧੜਾਧੜ ਨੌਜਵਾਨਾਂ ਦੇ ਸਟੇਟਸਾਂ 'ਤੇ ਪਈਆਂ ਤਾਂ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਜਿਹੜੇ ਚੋਣ ਅਧਿਕਾਰੀ ਵੱਡੇ ਵੱਡੇ ਦਾਅਵੇ ਕਰਦੇ ਨਹੀਂ ਸੀ ਥੱਕਦੇ ਉਹ ਵੀ ਆਖਣ ਲੱਗ ਪਏ ਕਿ ਪਤਾ ਕਰੋਂ ਕਿ ਇਹ ਕੌਣ ਨੌਜਵਾਨ ਸਨ, ਜਿਨ੍ਹਾਂ ਨੇ ਈਵੀਐਮ ਨੂੰ ਹੀ ਮਜ਼ਾਕ ਬਣਾ ਕੇ ਰੱਖ ਦਿੱਤਾ। ਭਾਵੇਂ ਕਿ ਇਸ ਸਮੇਂ ਟਿੱਕ ਟਾਕ ਕਾਫੀ ਜ਼ਿਆਦਾ ਫੇਮਸ ਹੋਇਆ ਪਿਆ ਹੈ ਅਤੇ ਕਈ ਨੌਜਵਾਨ ਮੁੰਡੇ ਕੁੜੀਆਂ ਨੂੰ ਟਿੱਕ ਟਾਕ ਨੇ ਬਾਦਸ਼ਾਹ ਵੀ ਬਣਾ ਦਿੱਤਾ ਹੈ, ਪਰ ਜਿੰਨ੍ਹਾਂ ਨੇ ਈਵੀਐਮ ਮਸ਼ੀਨ ਮੂਹਰੇ ਖੜ੍ਹ ਕੇ ਵੋਟ ਪਾਉਂਦਿਆਂ ਸਮੇਂ ਵੀਡੀਓ ਬਣਾਈ, ਲੱਗਦੈ ਹੈ ਕਿ ਉਕਤ ਨੌਜਵਾਨਾਂ ਦਾ ਭਵਿੱਖ ਬਰਬਾਦ ਹੋ ਜਾਵੇਗਾ।

ਦੋਸਤੋਂ, ਤੁਹਾਨੂੰ ਵਿਸ਼ੇਸ਼ ਤੌਰ 'ਤੇ ਦੱਸ ਦਈਏ ਕਿ ਜਦੋਂ ਕੁਝ ਵੀਡੀਓ ਬਣਾਉਣ ਵਾਲੇ ਨੌਜਵਾਨਾਂ ਦੇ ਨਾਲ 'ਨਿਊਜ਼ਨੰਬਰ' ਦੇ ਵਲੋਂ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦਾ ਜਵਾਬ ਬੜੀ ਹੀ ਮਜ਼ਾਕੀਆ ਸੀ ਅਤੇ ਉਕਤ ਨੌਜਵਾਨ ਕਹਿੰਦੇ ਨਜ਼ਰੀ ਆ ਰਹੇ ਸਨ ਕਿ ਨੇਤਾ ਤਾਂ ਹਮੇਸ਼ਾ ਹੀ ਸਾਡੇ ਨਾਲ ਵਿਤਕਰਾ ਕਰਦੇ ਹਨ, ਜੇ ਅਸੀਂ ਵੋਟ ਪਾਉਣ ਸਮੇਂ ਵੀਡੀਓ ਬਣਾ ਲਈ ਤਾਂ ਕੀ ਆਖ਼ਰ ਆ ਗਈ। ਨੌਜਵਾਨਾਂ ਦਾ ਕਹਿਣਾ ਸੀ ਕਿ ਈਵੀਐਮ ਭਾਵੇਂ ਸਾਡੀ ਮਾਂ ਨਹੀਂ ਲੱਗਦੀ, ਪਰ ਮਾਸੀ ਜਿਹੀ ਪਿਆਰ ਸਤਿਕਾਰ ਤਾਂ ਦਿੰਦੀ ਹੀ ਹੈ।

ਦੋਸਤੋਂ, ਕੁਝ ਵੀ ਕਹਿ ਲਓ, ਪਰ ਇੱਥੇ ਇਹ ਤਾਂ ਜ਼ਰੂਰ ਕਿਹਾ ਹੀ ਜਾ ਸਕਦਾ ਹੈ ਕਿ ਪੋਲਿੰਗ ਬੂਥਾਂ ਦੇ ਵਿੱਚ ਹੀ ਸ਼ਰੇਆਮ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਉਡੀਆਂ। ਕੁੰਭਕਰਨੀ ਨੀਂਦ ਸੁੱਤੇ ਚੋਣ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਰ੍ਹਾ ਜਿੰਨਾਂ ਵੀ ਪਤਾ ਨਹੀਂ ਲੱਗਿਆ, ਜਦੋਂ ਨੌਜਵਾਨ ਈਵੀਐਮ ਮਸ਼ੀਨਾਂ ਦੇ ਨਾਲ ਛੇੜਛਾੜ ਕਰਦਿਆ ਹੋਇਆ 'ਟਿੱਕ ਟਾਕ' 'ਤੇ ਵੀਡੀਓ ਬਣਾ ਕੇ ਪਾ ਰਹੇ ਸਨ। ਦੋਸਤੋਂ, ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਭਾਰੀ ਸੁਰੱਖਿਆ ਦੇ ਬਾਵਜੂਦ ਵੀ ਖੁੱਲ੍ਹੇਆਮ ਕਿਵੇਂ ਪੋਲਿੰਗ ਬੂਥਾਂ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ ਹੁੰਦੀ ਰਹੀ?

ਕਿਉਂ ਨਹੀਂ ਉਕਤ ਨੌਜਵਾਨਾਂ ਨੂੰ ਵੀਡੀਓ ਬਣਾਉਣ ਦੇ ਸਮੇਂ ਰੋਕਿਆ ਗਿਆ, ਜੋ ਈਵੀਐਮ ਮਸ਼ੀਨ ਦੇ ਕੋਲ ਖੜ੍ਹ ਕੇ ਵੋਟਾਂ ਪਾ ਰਹੇ ਸੀ? ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦਾ ਪ੍ਰਸ਼ਾਸਨ ਜਵਾਬ ਦੇਣ ਤੋਂ ਅਸਮਰਥ ਹੈ। ਦੂਜੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਚੰਦਰ ਗੈਂਦ ਦੇ ਨਾਲ 'ਨਿਊਜ਼ਨੰਬਰ' ਦੇ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਈਵੀਐਮ ਮਸ਼ੀਨਾਂ ਦੇ ਕੋਲ ਖੜ੍ਹ ਕੇ ਕਈ ਨੌਜਵਾਨਾਂ ਨੇ ਵੀਡੀਓ ਬਣਾਈਆਂ। ਚੋਣ ਅਫ਼ਸਰ ਨੇ ਦਾਅਵਾ ਕੀਤਾ ਕਿ ਜਿੰਨਾਂ ਵੀ ਨੌਜਵਾਨਾਂ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ, ਉਨ੍ਹਾਂ ਦੇ ਵਿਰੁੱਧ ਮਾਮਲੇ ਦਰਜ ਕਰਨ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ।

ਚੋਣ ਅਫ਼ਸਰ ਨੇ ਦਾਅਵਾ ਕਰਦਿਆ ਹੋਇਆ ਇਹ ਵੀ ਕਿਹਾ ਕਿ ਜਿਵੇਂ ਜਿਵੇਂ ਉਨ੍ਹਾਂ ਦੇ ਕੋਲ ਮਾਮਲੇ ਸਾਹਮਣੇ ਆ ਰਹੇ ਹਨ, ਉਵੇਂ ਉਵੇਂ ਹੀ ਉਹ ਕਾਰਵਾਈ ਕਰ ਰਹੇ ਹਨ। ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਕੀ ਸੱਚਮੁੱਚ ਹੀ ਈਵੀਐਮ ਮਸ਼ੀਨਾਂ ਦੇ ਕੋਲ ਖੜ੍ਹ ਕੇ ਵੀਡੀਓ ਬਣਾ ਕੇ ਟਿਕ ਟਾਕ 'ਤੇ ਸ਼ੇਅਰ ਕਰਨ ਵਾਲੇ ਫੜੇ ਜਾਣਗੇ? ਕੀ ਮੁਕੱਦਮਾ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿਰੁੱਧ ਵੀ ਦਰਜ਼ ਹੋਵੇਗਾ, ਜਿਨ੍ਹਾਂ ਦੀ ਨਿਗਰਾਨੀ ਹੇਠ ਨੌਜਵਾਨਾਂ ਨੇ ਈਵੀਐਮ ਮਸ਼ੀਨ ਦੇ ਕੋਲ ਖੜ੍ਹ ਕੇ ਵੀਡੀਓ ਬਣਾਈਆਂ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਹੜਾ ਕਿਹੜਾ ਅਧਿਕਾਰੀ, ਕਰਮਚਾਰੀ ਅਤੇ ਨੌਜਵਾਨ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਰਗੜਿਆ ਜਾਂਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।