ਦੋਸਤ ਦੇ ਘਰ ਭੇਦਭਰੇ ਹਾਲਾਤ 'ਚ ਹੋਈ ਬਲਰਾਜ ਦੀ ਮੌਤ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 14:39
Reading time: 2 mins, 34 secs

ਨਜ਼ਦੀਕੀ ਪਿੰਡ ਜਸਪਾਲੋਂ 'ਚ ਭੇਦਭਰੇ ਹਾਲਾਤ 'ਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਉਸਦੇ ਦੋਸਤ ਦੇ ਘਰੋਂ ਬਰਾਮਦ ਹੋਈ ਹੈ। ਹਾਲਾਂਕਿ, ਮ੍ਰਿਤਕ ਦੇ ਦੋਸਤ ਦਾ ਦਾਅਵਾ ਹੈ ਕਿ ਰਾਤ ਸਮੇਂ ਜ਼ਿਆਦਾ ਸ਼ਰਾਬ ਪੀਣ ਦੇ ਚੱਲਦੇ ਉਸਦੀ ਮੌਤ ਹੋਈ ਹੈ। ਜਦਕਿ ਮ੍ਰਿਤਕ ਬਲਰਾਜ ਸਿੰਘ (18) ਵਾਸੀ ਪਿੰਡ ਜਸਪਾਲੋਂ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇ ਦੋਸਤ ਗੁਰਪ੍ਰੀਤ ਸਿੰਘ ਖ਼ਿਲਾਫ਼ ਸ਼ਰਾਬ ਪਿਲਾਕੇ ਕਤਲ ਕਰਨ ਦਾ ਦੋਸ਼ ਲਗਾਉਂਦੇ ਹੋਏ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨਾਲ ਮੁਲਾਕਾਤ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਨੇ ਮ੍ਰਿਤਕ ਦੀ ਮਾਂ ਮਨਜੀਤ ਕੌਰ ਦੇ ਬਿਆਨ ਦਰਜ ਕਰਕੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਉਪਰੰਤ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਬਲਰਾਜ ਦੀ ਮੌਤ ਦਾ ਮਾਮਲਾ ?

ਜਾਣਕਾਰੀ ਮੁਤਾਬਿਕ ਨਜ਼ਦੀਕੀ ਜਸਪਾਲੋਂ 'ਚ ਰਹਿੰਦੇ ਖੇਤਾਂ 'ਚ ਮਜ਼ਦੂਰੀ ਕਰਨ ਵਾਲੇ ਇੱਕ ਪ੍ਰਵਾਸੀ ਮਜ਼ਦੂਰ ਨੇ ਖੇਤਾਂ 'ਚ ਮੋਟਰ ਵਾਲੇ ਕਮਰੇ 'ਚ ਆਪਣੇ ਦੋਸਤਾਂ ਗੁਰਪ੍ਰੀਤ ਸਿੰਘ ਅਤੇ ਬਲਰਾਜ ਸਿੰਘ ਦੇ ਨਾਲ ਦੋਸਤਾਨਾ ਪਾਰਟੀ ਰੱਖੀ ਹੋਈ ਸੀ। ਜਿੱਥੇ ਤਿੰਨਾਂ ਨੌਜਵਾਨਾਂ ਨੇ ਆਪਸ 'ਚ ਮਿਲਕੇ ਸ਼ਰਾਬ ਪੀਤੀ। ਜਿੱਥੇ ਗੁਰਪ੍ਰੀਤ ਸਿੰਘ ਅਤੇ ਉਸਦੇ ਦੋਸਤ ਬਲਰਾਜ ਸਿੰਘ ਨੇ ਜ਼ਿਆਦਾ ਸ਼ਰਾਬ ਪੀ ਲਈ ਤਾਂ ਗੁਰਪ੍ਰੀਤ ਸਿੰਘ ਆਪਣੇ ਦੋਸਤ ਬਲਰਾਜ ਨੂੰ ਆਪਣੇ ਘਰ ਲੈ ਗਿਆ ਅਤੇ ਸੌ ਗਏ। ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਬਲਰਾਜ ਸਿੰਘ ਦੀ ਮੌਤ ਹੋ ਗਈ ਅਤੇ ਸਵੇਰ ਹੋਣ ਤੇ ਗੁਰਪ੍ਰੀਤ ਸਿੰਘ ਦੀ ਨੀਂਦ ਖੁੱਲ੍ਹੀ ਤਾਂ ਪਤਾ ਲੱਗਿਆ ਕਿ ਉਸਦੀ ਦੋਸਤ ਦੀ ਮੌਤ ਹੋ ਚੁੱਕੀ ਹੈ।

ਜਾਣਕਾਰੀ ਮੁਤਾਬਿਕ ਇਸਦੇ ਬਾਅਦ ਪਿੰਡ 'ਚ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ ਹੋਣ ਸਬੰਧੀ ਰੌਲਾ ਪੈ ਗਿਆ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਚੌਂਕੀ ਕੋਟਾਂ ਦੇ ਇੰਚਾਰਜ ਏਐਸਆਈ ਜਗਜੀਤ ਸਿੰਘ ਨੂੰ ਸੂਚਨਾ ਦਿੱਤੀ। ਜਿਸਦੇ ਬਾਅਦ ਥਾਣਾ ਸਦਰ ਖੰਨਾ ਦੇ ਐਸਐਚਓ ਇੰਸਪੈਕਟਰ ਅਨਵਰ ਅਲੀ ਅਤੇ ਏਐਸਆਈ ਜਗਜੀਤ ਸਿੰਘ ਨੇ ਮੌਕੇ ਤੇ ਪਹੁੰਚਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਾਇਆ।

ਮ੍ਰਿਤਕ ਦੀ ਮਾਂ ਨੇ ਦੋਸਤ ਤੇ ਲਗਾਇਆ ਸ਼ਰਾਬ ਪਿਲਾਕੇ ਕਤਲ ਕਰਨ ਦਾ ਇਲਜ਼ਾਮ

ਦੂਜੇ ਪਾਸੇ, ਮ੍ਰਿਤਕ ਬਲਰਾਜ ਸਿੰਘ ਦੀ ਮਾਂ ਮਨਜੀਤ ਸਿੰਘ ਨੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨਾਲ ਮਿਲਕੇ ਜ਼ਿਲ੍ਹਾ ਪੁਲਿਸ ਹੈਡਕੁਆਟਰ ਪਹੁੰਚਕੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨਾਲ ਮੁਲਾਕਾਤ ਕਰਦੇ ਹੋਏ ਮ੍ਰਿਤਕ ਦੇ ਦੋਸਤ ਗੁਰਪ੍ਰੀਤ ਸਿੰਘ ਖ਼ਿਲਾਫ਼ ਉਸਦੇ ਲੜਕੇ ਨੂੰ ਜ਼ਿਆਦਾ ਸ਼ਰਾਬ ਪਿਲਾਕੇ ਕਤਲ ਕਰਨ ਦੇ ਸੰਗੀਨ ਇਲਜ਼ਾਮ ਲਗਾਏ ਹਨ। ਮਨਜੀਤ ਕੌਰ ਨੇ ਦੋਸ਼ ਲਗਾਇਆ ਹੈ ਕਿ ਗੁਰਪ੍ਰੀਤ ਸਿੰਘ ਅਕਸਰ ਉਸਦੇ ਲੜਕੇ ਨੂੰ ਸ਼ਰਾਬ ਪਿਲਾਉਂਦਾ ਰਹਿੰਦਾ ਸੀ। ਬੀਤ ਦਿਨ ਵੀ ਗੁਰਪ੍ਰੀਤ ਨੇ ਉਸਦੇ ਲੜਕੇ ਨੂੰ ਜ਼ਿਆਦਾ ਸ਼ਰਾਬ ਪਿਲਾਕੇ ਆਪਣੇ ਘਰ ਰੱਖ ਲਿਆ ਅਤੇ ਪਤਾ ਨਹੀਂ ਉੱਥੇ ਉਸਦੇ ਲੜਕੇ ਨਾਲ ਕੀ ਕੀਤਾ ਕਿ ਬਲਰਾਜ ਦੀ ਮੌਤ ਹੋ ਗਈ। ਉਨ੍ਹਾਂ ਨੂੰ ਸਵੇਰੇ ਸੂਚਨਾ ਦਿੱਤੀ ਗਈ ਕਿ ਬਲਰਾਜ ਦੀ ਮੌਤ ਹੋ ਗਈ ਹੈ।

ਕੀ ਕਹਿਣਾ ਹੈ ਥਾਣਾ ਸਦਰ ਖੰਨਾ ਦੇ ਐਸਐਚਓ ਅਨਵਰ ਅਲੀ ਦਾ ?

ਦੂਜੇ ਪਾਸੇ ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਅਨਵਰ ਅਲੀ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਬਲਰਾਜ ਸਿੰਘ ਦੀ ਮਾਂ ਮਨਜੀਤ ਕੌਰ ਦੇ ਬਿਆਨ ਦਰਜ ਕਰਕੇ ਗੁਰਪ੍ਰੀਤ ਸਿੰਘ ਦੇ ਖ਼ਿਲਾਫ਼ ਕਤਲ ਦੇ ਦੋਸ਼ 'ਚ ਮਾਮਲਾ ਕਰ ਲਿਆ ਗਿਆ ਹੈ। ਬਾਅਦ 'ਚ ਸਿਵਲ ਹਸਪਤਾਲ ਚੋਂ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਪਰ ਮ੍ਰਿਤਕ ਦੀ ਮੌਤ ਦੇ ਅਸਲ ਕਾਰਨਾਂ ਸਬੰਧੀ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਸਥਿਤੀ ਸਪਸ਼ਟ ਹੋ ਸਕੇਗੀ। ਮਾਮਲੇ ਸਬੰਧੀ ਗੁਰਪ੍ਰੀਤ ਸਿੰਘ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।