ਪੰਥ ਹਿਤੈਸ਼ੀ ਕਹਾਉਂਦੇ ਬਾਦਲਾਂ ਨੇ ਸ਼ਹੀਦਾਂ ਦੀ ਧਰਤੀ ਫਤਹਿਗੜ ਸਾਹਿਬ ਦੀ ਕਦੇ ਨਹੀਂ ਲਈ ਸਾਰ- ਡਾ. ਅਮਰ ਸਿੰਘ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 16 2019 18:50
Reading time: 2 mins, 36 secs

ਜੇਕਰ ਸ਼ਹੀਦਾਂ ਦੀ ਇਤਿਹਾਸਕ ਧਰਤੀ ਸ੍ਰੀ ਫਤਹਿਗੜ ਸਾਹਿਬ ਦਾ ਵਿਕਾਸ ਹੋਇਆ ਹੈ ਤਾਂ ਸਿਰਫ ਕਾਂਗਰਸ ਸਰਕਾਰਾਂ ਦੇ ਸਮੇਂ ਹੀ ਹੋਇਆ ਹੈ। ਕਾਂਗਰਸ ਸਰਕਾਰ ਨੇ ਹੀ ਫਤਹਿਗੜ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਅਤੇ ਫਤਹਿਗੜ ਸਾਹਿਬ ਦੇ ਆਲੇ-ਦੁਆਲੇ ਚਾਰ ਗੇਟਾਂ ਦਾ ਨਿਰਮਾਣ ਕਰਵਾਇਆ ਅਤੇ ਹੁਣ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਵਿਕਾਸ ਪ੍ਰੋਜੈਕਟ ਸ਼ੁਰੂ ਕਰਵਾਕੇ ਫਤਹਿਗੜ ਸਾਹਿਬ ਹਲਕੇ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ, ਪੰਥ ਅਤੇ ਧਰਮ ਦੇ ਹਿਤੈਸ਼ੀ ਕਹਾਉਣ ਅਤੇ ਪੰਥ ਦੇ ਨਾਮ ਤੇ ਵੋਟਾਂ ਮੰਗਣ ਵਾਲੇ ਬਾਦਲਾਂ ਵੱਲੋਂ ਪਿਛਲੇ ਦੱਸ ਸਾਲਾਂ ਦੌਰਾਨ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦੇ ਸਮੇਂ ਦੌਰਾਨ ਇਸ ਇਤਿਹਾਸਕ ਧਰਤੀ ਦੀ ਕਦੇ ਸਾਰ ਤੱਕ ਨਹੀਂ ਲਈ ਗਈ। ਉਪਰੋਕਤ ਵਿੱਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਫਤਹਿਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਵੱਲੋਂ ਪਿੰਡ ਚਨਾਰਥਲ ਕਲਾਂ ਵਿਖੇ ਚੋਣ ਪ੍ਰਚਾਰ ਦੌਰਾਨ ਸਾਂਝਾ ਕੀਤਾ ਗਿਆ।

ਚੋਣ ਪ੍ਰਚਾਰ ਕਰਦੇ ਹੋਏ ਡਾ. ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਉਦੇਸ਼ ਕੇਵਲ ਦੇਸ਼ ਦਾ ਵਿਕਾਸ ਤੇ ਦੇਸ਼ ਦੀ ਖੁਸ਼ਹਾਲੀ ਹੈ। ਕਾਂਗਰਸ ਪਾਰਟੀ ਕੰਮ ਕਰਕੇ ਦਿਖਾਉਣ ਵਿੱਚ ਯਕੀਨ ਰੱਖਦੀ ਹੈ ਅਤੇ ਅਕਾਲੀ ਦਲ-ਭਾਜਪਾ ਵਾਂਗ ਸੌੜੇ ਹੱਥਕੰਡੇ ਨਹੀਂ ਵਰਤੇ ਜਾਂਦੇ। ਹੁਣ ਤੱਕ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਜੇ ਉਨ੍ਹਾਂ ਨੂੰ ਇਸ ਇਤਿਹਾਸਕ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਹ ਦਿੱਲੀ ਵਿੱਚ ਇਸ ਹਲਕੇ ਦੀ ਆਵਾਜ਼ ਤਾਂ ਬੁਲੰਦ ਕਰਨਗੇ ਹੀ, ਨਾਲ ਹੀ ਇਸ ਹਲਕੇ ਦੇ ਵਿਕਾਸ ਲਈ ਵੀ ਦਿਨ ਰਾਤ ਇੱਕ ਕਰ ਦੇਣਗੇ।

ਇਸ ਮੌਕੇ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ 10 ਸਾਲ ਅਕਾਲੀ ਦਲ-ਭਾਜਪਾ ਦੀ ਸਰਕਾਰ ਰਹੀ ਅਤੇ ਵਿਧਾਨ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਅਕਾਲੀ ਦਲ ਦੇ ਅਹੁਦੇਦਾਰਾਂ 'ਚ ਪਿੰਡ ਚਨਾਰਥਲ ਕਲਾਂ ਨਾਲ ਸਬੰਧਤ ਅਕਾਲੀ ਦਲ ਦੇ ਆਗੂ ਹੀ ਸ਼ਾਮਲ ਸਨ। ਇਸਦੇ ਬਾਵਜੂਦ ਹੋਰਨਾਂ ਪਿੰਡਾਂ ਦਾ ਵਿਕਾਸ ਤਾਂ ਦੂਰ ਦੀ ਗੱਲ ਪਿੰਡ ਚਨਾਰਥਲ ਕਲਾਂ ਦੀਆਂ ਮੁਸ਼ਕਲਾਂ ਤੱਕ ਹੱਲ ਨਹੀਂ ਕੀਤੀਆਂ ਗਈਆਂ। ਮਰਹੂਮ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਮ ਤੇ ਸਿਆਸੀ ਲਾਹਾ ਖੱਟਣ ਵਾਲੇ ਅਖੌਤੀ ਪੰਥਕ ਆਗੂ ਸ. ਟੌਹੜਾ ਦੇ ਪਿੰਡ ਟੌਹੜਾ ਨੂੰ ਜਾਂਦੀ ਸੜਕ ਤੱਕ ਨਹੀਂ ਬਣਵਾ ਸਕੇ। ਅਜਿਹੇ ਲੋਕਾਂ ਤੋਂ ਪੰਥ ਦੇ ਭਲੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।

ਵਿਧਾਇਕ ਕੁਲਜੀਤ ਨਾਗਰਾ ਨੇ ਅੱਗੇ ਕਿਹਾ ਕਿ ਇਸਦੇ ਉਲਟ ਕਾਂਗਰਸ ਪਾਰਟੀ ਦੀ ਸਰਕਾਰ ਨੇ ਰੁੜਕੀ-ਚਨਾਰਥਲ ਕਲਾਂ-ਟੌਹੜਾ-ਤਰਖੇੜੀ ਸੜਕ ਦਾ ਪ੍ਰੋਜੈਕਟ ਪਾਸ ਕੀਤਾ ਹੈ। ਪਿਛਲੇ ਦੋ ਸਾਲ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਨੇ ਫ਼ਤਿਹਗੜ ਸਾਹਿਬ ਲਈ ਕਈ ਸੌ ਕਰੋੜ ਰੁਪਏ ਦੇ ਪ੍ਰੋਜੈਕਟ ਲਿਆਂਦੇ ਹਨ, ਜਿਨ੍ਹਾਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਪਿੰਡਾਂ ਦੀਆਂ ਸੜਕਾਂ ਅਤੇ ਗਲੀਆਂ ਦੀ ਅਕਾਲੀ ਭਾਜਪਾ ਸਰਕਾਰ ਨੇ 10 ਸਾਲ 'ਚ ਸਾਰ ਨਹੀਂ ਲਈ ਅਤੇ ਪਿਛਲੇ ਦੋ ਸਾਲ ਦੌਰਾਨ ਕਾਂਗਰਸ ਸਰਕਾਰ ਨੇ ਪਿੰਡਾਂ ਦੀਆਂ ਵੱਡੀ ਗਿਣਤੀ 'ਚ ਸੜਕਾਂ ਤੇ ਗਲੀਆਂ ਦਾ ਨਿਰਮਾਣ ਕਰਵਾਇਆ ਹੈ ਅਤੇ ਰਹਿੰਦੀਆਂ ਸੜਕਾਂ ਦੀ ਮੁਰੰਮਤ ਤੇ ਨਿਰਮਾਣ ਦੇ ਪ੍ਰੋਜੈਕਟ ਪਾਸ ਹੋ ਚੁੱਕੇ ਹਨ।

ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਮਨਦੀਪ ਕੌਰ ਨਾਗਰਾ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਗੇਜਾ ਰਾਮ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਲੱਖੀ, ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਪਾਲ ਸਿੰਘ, ਯੂਥ ਪ੍ਰਧਾਨ ਪਰਮਿੰਦਰ ਸਿੰਘ ਨੋਨੀ ਜੱਲਾ, ਗੁਰਪ੍ਰੀਤ ਸਿੰਘ ਬਾਵਾ, ਸੁਖਰਾਜ ਸਿੰਘ ਰਾਜਾ, ਭੁਪਿੰਦਰ ਸਿੰਘ ਬਧੌਛੀ, ਗੁਰਮੁੱਖ ਸਿੰਘ ਪੰਡਰਾਲੀ, ਬਲਜਿੰਦਰ ਸਿੰਘ ਅਤਾਪੁਰ, ਪਰਮਵੀਰ ਸਿੰਘ ਟਿਵਾਣਾ, ਰਾਜਿੰਦਰ ਸਿੰਘ ਜਖਵਾਲੀ, ਗੁਰਬਾਜ ਸਿੰਘ ਰਾਜੂ, ਠੇਕੇਦਾਰ ਪਰਮਜੀਤ ਸਿੰਘ, ਅਵਤਾਰ ਸਿੰਘ ਠੇਕੇਦਾਰ, ਗੁਰਸੇਵਕ ਸਿੰਘ ਸੋਨੀ ਆਦਿ ਤੋਂ ਇਲਾਵਾ ਕਾਂਗਰਸੀ ਆਗੂ ਅਤੇ ਇਲਾਕਾ ਵਾਸੀ ਮੌਜੂਦ ਸਨ।