ਡੇਂਗੂ ਤੋਂ ਬਚਾਅ ਤੇ ਇਲਾਜ ਲਈ ਸਮੇਂ ਸਿਰ ਜਾਗਰੂਕ ਹੋਣਾ ਜ਼ਰੂਰੀ : ਡਿਪਟੀ ਕਮਿਸ਼ਨਰ

Last Updated: May 16 2019 17:20
Reading time: 3 mins, 35 secs

ਡੇਂਗੂ ਤੋਂ ਬਚਾਅ ਲਈ ਸਮੇਂ ਸਿਰ ਜਾਗਰੂਕ ਹੋਣਾ ਤੇ ਡੇਂਗੂ ਨਾਲ ਪੀੜਤ ਹੋਣ ਤੇ ਸਮੇਂ ਸਿਰ ਇਲਾਜ ਦੋਨੋਂ ਹੀ ਮਹੱਤਵਪੂਰਨ ਚੀਜ਼ਾਂ ਹਨ। ਇਹ ਸ਼ਬਦ ਡਿਪਟੀ ਕਮਿਸ਼ਨਰ ਇੰਜੀ. ਦਵਿੰਦਰਪਾਲ ਸਿੰਘ ਖਰਬੰਦਾ ਨੇ ਰਾਸ਼ਟਰੀ ਡੇਂਗੂ ਦਿਵਸ ਮੌਕੇ ਆਯੋਜਿਤ ਜਾਗਰੂਕਤਾ ਪ੍ਰੋਗਰਾਮ ਦੌਰਾਨ ਕਹੇ। ਸਿਵਲ ਸਰਜਨ ਦਫ਼ਤਰ ਦੇ ਟ੍ਰੇਨਿੰਗ ਹਾਲ ਵਿਖੇ ਆਯੋਜਿਤ ਇਸ ਜਾਗਰੂਕਤਾ ਸੈਮੀਨਾਰ ਦੌਰਾਨ ਉਨ੍ਹਾਂ ਨੇ ਕਿਹਾ ਕਿ ਡੇਂਗੂ ਨਾਲ ਨਿਪਟਣਾ ਸਾਡੀ ਸਮੂਹਕ ਜ਼ਿੰਮੇਵਾਰੀ ਹੈ ਤਾਂ ਹੀ ਸ਼ਹਿਰ ਤੇ ਇਸ ਦੇ ਲੋਕਾਂ ਨੂੰ ਡੇਂਗੂ ਮੁਕਤ ਰੱਖਿਆ ਜਾ ਸਕਦਾ ਹੈ। ਡੀ.ਸੀ. ਇੰਜੀ. ਖਰਬੰਦਾ ਨੇ ਇਹ ਵੀ ਕਿਹਾ ਕਿ ਸਬੰਧਿਤ ਵਿਭਾਗ ਸ਼ਹਿਰ ਨੂੰ ਡੇਂਗੂ ਮੁਕਤ ਰੱਖਣ ਲਈ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਤੇ ਕੋਈ ਵੀ ਕੋਤਾਹੀ ਨਾ ਵਰਤੀ ਜਾਵੇ। ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਡੇਂਗੂ ਮੁਕਤ ਕਰਨ ਵਿੱਚ ਪ੍ਰਸ਼ਾਸਨ ਤੇ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਕਰਨ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਮਨਾਉਣਾ ਤਾਂ ਹੀ ਸਾਰਥਕ ਹੈ, ਜਦ ਅਸੀਂ ਸਾਰੇ ਰੱਲ ਕੇ ਡੇਂਗੂ ਦੇ ਡੰਕ ਦੇ ਵਿਰੁੱਧ ਹੰਭਲਾ ਮਾਰੀਏ ਤੇ ਇਸ ਦੇ ਮੱਛਰ ਨੂੰ ਪੈਦਾ ਹੀ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਕਲਾਤਮਕ ਆਈਡੀਆਜ ਵੀ ਡੇਂਗੂ ਸਬੰਧੀ ਜਾਗਰੂਕਤਾ ਫੈਲਾਉਣ ਵਿੱਚ ਸਹਾਈ ਹੋ ਸਕਦੇ ਹਨ। ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਇਸ ਮੌਕੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਦੇ ਕਾਰਨਾਂ, ਲੱਛਣਾਂ ਤੇ ਬਚਾਅ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਘਰਾਂ ਵਿੱਚ, ਸਕੂਲਾਂ ਵਿੱਚ ਤੇ ਵੱਖ ਵੱਖ ਅਦਾਰਿਆਂ ਵਿੱਚ ਜਾ ਕੇ ਲੋਕਾਂ ਨੂੰ ਡੇਂਗੂ ਦੇ ਸੋਮਿਆਂ ਬਾਰੇ ਦੱਸ ਰਹੇ ਹਨ ਤੇ ਉਨ੍ਹਾਂ ਨੂੰ ਹਰ ਸ਼ੁੱਕਰਵਾਰ ਡਰਾਈ ਡੇ ਮਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾ. ਬਲਵੰਤ ਸਿੰਘ ਨੇ ਕਿਹਾ ਕਿ ਜਾਗਰੂਕਤਾ ਵਿੱਚ ਹੀ ਬਚਾਅ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਡੇਂਗੂ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਡੇਂਗੂ ਨਾਲ ਸਬੰਧੀ ਇਲਾਜ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਹੈ। 

ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਡੇਂਗੂ ਦੇ ਸਬੰਧ ਵਿੱਚ ਹੋਣ ਵਾਲੇ ਟੈੱਸਟਾਂ ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਦੀ ਪੁਸ਼ਟੀ ਕਰਨ ਵਾਲੇ ਐਨ.ਐੱਸ.ਵਨ ਐਂਟੀਜਨ ਤੇ ਮੈਕ ਅਲਾਈਜਾ ਟੈੱਸਟ (ਕੰਨਫਰਮੈਟਰੀ ਟੈੱਸਟ) ਸਿਰਫ਼ ਸਿਵਲ ਹਸਪਤਾਲ ਵਿਖੇ ਮੁਫ਼ਤ ਹੁੰਦੇ ਹਨ। ਡਾ. ਸਾਰਿਕਾ ਨੇ ਇਹ ਵੀ ਕਿਹਾ ਕਿ ਪ੍ਰਾਈਵੇਟ ਲੈਬੋਰਟਰੀਜ ਵਿੱਚ ਹੋਣ ਵਾਲੇ ਰੈਪਿਡ ਟੈੱਸਟ ਡੇਂਗੂ ਦੀ ਪੁਸ਼ਟੀ ਨਹੀਂ ਕਰਦੇ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਡੇਂਗੂ ਦੇ ਟੈੱਸਟ ਕਰਵਾਉਣ ਤੋਂ ਪਹਿਲਾਂ ਮਰੀਜ਼ ਨੂੰ ਹੋਣ ਵਾਲੇ ਬੁਖ਼ਾਰ ਦੀ ਹਿਸਟਰੀ ਲੈਣਾ ਜ਼ਰੂਰੀ ਹੈ। ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਰਵਜੀਤ ਸਿੰਘ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਏਡੀਜ ਐਜੀਪਟੀ ਨਾਂਅ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜਿਹੜਾ ਕਿ ਦਿਨ ਵੇਲੇ ਕੱਟਦਾ ਹੈ ਤੇ ਇਸ ਦਾ ਇੰਨਕਿਊਬੇਸ਼ਨ ਪੀਰੀਅਡ 3 ਤੋਂ 14 ਦਿਨ ਦਾ ਹੁੰਦਾ ਹੈ। ਉਨ੍ਹਾਂ ਨੇ ਡੇਂਗੂ ਬੁਖ਼ਾਰ ਦੀਆਂ ਕਿਸਮਾਂ ਕਲਾਸੀਕਲ ਡੇਂਗੂ ਫੀਵਰ, ਡੇਂਗੂ ਸ਼ਾੱਕ ਸਿਂਡ੍ਰੋਮ ਅਤੇ ਡੇਂਗੂ ਹੈਮਰੇਜਿਕ ਫੀਵਰ ਤੇ ਵੀ ਵਿਸਥਾਰ ਨਾਲ ਚਾਨਣਾ ਪਾਇਆ। ਡਾ. ਰਵਜੀਤ ਨੇ ਕਿਹਾ ਕਿ ਪਹਿਲੀ ਕਿਸਮ ਦੇ ਬੁਖ਼ਾਰ ਵਿੱਚ ਮਰੀਜ਼ ਨੂੰ 104 ਡਿਗਰੀ ਤੱਕ ਬੁਖ਼ਾਰ ਹੁੰਦਾ ਹੈ ਤੇ ਇਸ ਨੂੰ ਠੀਕ ਹੋਣ ਵਿੱਚ 2 ਤੋਂ 7 ਦਿਨ ਦਾ ਸਮਾਂ ਲੱਗਦਾ ਹੈ। ਡੇਂਗੂ ਸ਼ਾੱਕ ਸਿਂਡ੍ਰੋਮ ਵਿੱਚ ਮਰੀਜ਼ ਦਾ ਬੀ.ਪੀ. ਤੇਜ਼ੀ ਨਾਲ ਡਿੱਗਦਾ ਹੈ ਤੇ ਡੇਂਗੂ ਹੈਮਰੇਜਿਕ ਫੀਵਰ ਵਿੱਚ ਖ਼ੂਨ ਦੀ ਉਲਟੀ, ਨੱਕ ਵਿੱਚੋਂ ਬਲੀਡਿੰਗ, ਮਸੂੜ੍ਹਿਆਂ ਵਿੱਚੋਂ ਖ਼ੂਨ ਵੀ ਆ ਸਕਦਾ ਹੈ। ਡਾ. ਰਵਜੀਤ ਨੇ ਡੇਂਗੂ ਸ਼ਾੱਕ ਸਿਂਡ੍ਰੋਮ ਤੇ ਡੇਂਗੂ ਹੈਮਰੇਜਿਕ ਫੀਵਰ ਨੂੰ ਡੇਂਗੂ ਬੁਖ਼ਾਰ ਦੀ ਖ਼ਤਰਨਾਕ ਅਵਸਥਾ ਦੱਸਿਆ। ਉਨ੍ਹਾਂ ਨੇ ਇਹ ਵੀ ਕਿਹਾ ਸੈੱਲ ਘਟਣਾ ਡੇਂਗੂ ਹੋਣ ਦੀ ਨਿਸ਼ਾਨੀ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਲੈਟਲੈੱਟ ਘਟਣ ਦੀ ਸੂਰਤ ਵਿੱਚ ਲੋਕ ਬਹੁਤ ਜ਼ਿਆਦਾ ਘਬਰਾ ਜਾਂਦੇ ਹਨ ਤੇ ਡਾਕਟਰ ਤੇ ਪਲੈਟਲੈੱਟਸ ਚੜ੍ਹਾਉਣ ਲਈ ਦਬਾਅ ਪਾਇਆ ਜਾਂਦਾ ਹੈ ਜੋ ਕਿ ਗ਼ਲਤ ਧਾਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਪਲੈਟਲੈੱਟਸ ਘਟਣ ਦੀ ਸੂਰਤ ਵਿੱਚ ਪਲੈਟਲੈਟਸ ਚੜ੍ਹਾਉਣਾ ਹੀ ਇਲਾਜ ਨਹੀਂ, ਬਲਕਿ ਤਰਲ ਪਦਾਰਥ (ਫਲੂਇਡਸ) ਜਿਵੇਂ ਕਿ ਨਿੰਬੂ ਪਾਣੀ ਆਦਿ ਲੈ ਕੇ ਵੀ ਇਨ੍ਹਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਤੇ ਡਾ. ਨਵਪ੍ਰੀਤ ਕੌਰ ਨੇ ਲੋਕਾਂ ਨੂੰ ਸੈੱਲਫ਼ ਮੈਡੀਕੈਸ਼ਨ ਤੋਂ ਬਚਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਡੇਂਗੂ ਸਬੰਧੀ ਕਿਸੇ ਵੀ ਤਰ੍ਹਾਂ ਦੇ ਲੱਛਣ ਨਜ਼ਰ ਆਉਣ ਤੇ ਸਿਵਲ ਹਸਪਤਾਲ ਦੇ ਮਾਹਰ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕੀਤਾ ਜਾਏ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਰਮੇਸ਼ ਕੁਮਾਰੀ ਬੰਗਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਗੁਰਮੀਤ ਕੌਰ ਦੁੱਗਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਆਸ਼ਾ ਮਾਂਗਟ, ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ.ਸੁਰਿੰਦਰ ਮੱਲ, ਸੀਨੀਅਰ ਮੈਡੀਕਲ ਅਫ਼ਸਰ ਡਾ.ਰੀਟਾ ਬਾਲਾ, ਆਈ.ਐਮ.ਏ ਪ੍ਰਧਾਨ ਡਾ.ਸੁਰਜੀਤ ਕੌਰ, ਈ.ਓ ਕੁਲਭੂਸ਼ਣ ਗੋਇਲ, ਸੁਦੇਸ਼ ਸ਼ਰਮਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।