ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਵਿਖੇ ਡੇਂਗੂ ਦੀ ਬਿਮਾਰੀ ਤੋਂ ਬਚਣ ਦੇ ਨੁਕਤੇ ਦੱਸੇ

Last Updated: May 16 2019 17:03
Reading time: 1 min, 50 secs

ਸਿਹਤ ਵਿਭਾਗ ਵਲੋਂ ਅੱਜ ਮਾਤਾ ਸੁਲੱਖਣੀ ਸਿਵਲ ਹਸਪਤਾਲ ਵਿਖੇ ਡੇਂਗੂ ਦੀ ਬਿਮਾਰੀ ਸਬੰਧੀ ਇੱਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਕੀਤੀ, ਜਦਕਿ ਇਸ ਮੌਕੇ ਡਾ. ਵਿਜੇ ਕੁਮਾਰ, ਡਾ. ਮਨਦੀਪ ਕੌਰ, ਡਾ. ਪ੍ਰੇਮ ਜੋਤੀ, ਨਿਰਮਲ ਗਿੱਲ ਨਰਸਿੰਗ ਸਿਸਟਰ, ਸਤਿਆ ਅਤੇ ਬਲਵਿੰਦਰ ਕੌਰ ਨੇ ਵੀ ਇਸ ਸੈਮੀਨਾਰ ਵਿੱਚ ਆਪਣੀ ਹਾਜ਼ਰੀ ਭਰੀ।

ਸੈਮੀਨਾਰ ਵਿੱਚ ਆਏ ਨਰਸਿੰਗ ਵਿਦਿਆਰਥੀਆਂ ਦੀ ਭਾਸ਼ਣ ਪ੍ਰਤੀਯੋਗਤਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ ਡੇਂਗੂ ਪ੍ਰਤੀ ਆਪਣੇ ਵਿਚਾਰ ਵੀ ਰੱਖੇ ਅਤੇ ਇਸ ਤੋਂ ਬਚਣ ਲਈ ਕੀਤੇ ਜਾਣ ਵਾਲੇ ਉਪਾਵਾਂ ਬਾਰੇ ਜਾਗਰੂਕ ਕੀਤਾ।

ਇਸ ਮੌਕੇ ਐੱਸ.ਐੱਮ.ਓ. ਬਟਾਲਾ ਡਾ. ਸੰਜੀਵ ਭੱਲਾ ਨੇ ਕਿਹਾ ਕਿ ਡੇਂਗੂ ਦੀ ਬਿਮਾਰੀ ਏਡੀਜ਼ ਨਾਮ ਦੇ ਇੱਕ ਮਾਦਾ ਮੱਛਰ ਤੋਂ ਫੈਲਦੀ ਹੈ ਅਤੇ ਇਹ ਮੱਛਰ ਸਵੇਰੇ ਸ਼ਾਮ ਦੇ ਸਮੇਂ ਕੱਟਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਮੱਛਰ ਸਾਫ਼ ਪਾਣੀ ਵਿੱਚ ਪਨਪਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਟਾਈਗਰ ਮੱਛਰ ਵੀ ਕਹਿੰਦੇ ਹਨ ਕਿਉਂਕਿ ਇਸ ਦੇ ਪੈਰਾਂ ਉੱਤੇ ਧਾਰੀਆਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਡੇਂਗੂ ਦਾ ਮੱਛਰ ਫੈਲਣ ਤੋਂ ਰੋਕਣ ਲਈ ਆਪਣੇ ਘਰਾਂ ਵਿੱਚ ਕੂਲਰ, ਛੱਤਾਂ ਉੱਪਰ ਪਏ ਟੁੱਟੇ ਬਰਤਨਾਂ, ਟਾਇਰਾਂ, ਗਮਲਿਆਂ ਜਾਂ ਜਿੱਥੇ ਵੀ ਪਾਣੀ ਖੜ੍ਹਾ ਹੋ ਸਕਦਾ ਹੋਵੇ ਉਨ੍ਹਾਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਹਫ਼ਤੇ ਇੱਕ ਦਿਨ ਡਰਾਈ ਡੇਅ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਡੇਂਗੂ ਦੇ ਮੱਛਰ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।

ਇਸ ਮੌਕੇ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਡੇਂਗੂ ਦਾ ਬੁਖ਼ਾਰ ਜਾਨਲੇਵਾ ਹੋ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਨੂੰ ਡੇਂਗੂ ਦਾ ਬੁਖ਼ਾਰ ਹੁੰਦਾ ਹੈ ਤਾਂ ਉਸ ਵਿਅਕਤੀ ਦਾ ਸ਼ਰੀਰ ਦੁੱਖਦਾ, ਤੇਜ਼ ਬੁਖ਼ਾਰ ਹੁੰਦਾ ਹੈ, ਅੱਖਾਂ ਦੇ ਪਿਛਲੇ ਪਾਸੇ ਦਰਦਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਕਿਸੇ-ਕਿਸੇ ਦੇ ਸ਼ਰੀਰ ਉੱਪਰ ਲਾਲ ਨਿਸ਼ਾਨ ਪੈ ਜਾਂਦੇ ਹਨ ਅਤੇ ਖ਼ੂਨ ਵਹਿੰਦਾ ਹੈ, ਪਲੇਟਲਟ ਘੱਟ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਡੇਂਗੂ ਬੁਖ਼ਾਰ ਹੋ ਵੀ ਜਾਂਦਾ ਹੈ ਤਾਂ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਸ ਦਾ ਸਮੇਂ ਸਿਰ ਇਲਾਜ ਕਰਾ ਕੇ ਇਸ ਉੱਪਰ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਬਟਾਲਾ ਵਿਖੇ ਡੇਂਗੂ ਦੇ ਮੁਫ਼ਤ ਟੈੱਸਟ ਕੀਤੇ ਜਾਂਦੇ ਅਤੇ ਨਾਲ ਹੀ ਇਲਾਜ ਦੀ ਸੁਵਿਧਾ ਵੀ ਉਪਲਬਧ ਹੈ। ਉਨ੍ਹਾਂ ਨੇ ਕਿਹਾ ਡੇਂਗੂ ਦੀ ਬਿਮਾਰੀ ਤੋਂ ਸਾਵਧਾਨੀ ਵਰਤ ਕੇ ਬੱਚਿਆ ਜਾ ਸਕਦਾ ਹੈ ਅਤੇ ਸਾਰਿਆਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ।