ਲੱਗਦੈ ਇਸ ਵਾਰ ਡੇਂਗੂ ਨੂੰ ਖ਼ਤਮ ਕਰਕੇ ਹੀ ਸਾਹ ਲਵੇਗਾ ਸਿਹਤ ਵਿਭਾਗ!!!

Last Updated: May 16 2019 16:50
Reading time: 1 min, 55 secs

ਸਿਹਤ ਵਿਭਾਗ ਦੇ ਆਦੇਸ਼ਾਂ ਅਨੁਸਾਰ ਐਸ.ਡੀ. ਸਕੂਲ ਫ਼ਿਰੋਜਪੁਰ ਸ਼ਹਿਰ ਵਿਖੇ ਜ਼ਿਲ੍ਹਾ ਐਪਡੀਮਾਲੋਜਿਸ਼ਟ ਡਾ. ਮੀਨਾਕਸ਼ੀ ਢੀਂਗਰਾ ਦੀ ਅਗਵਾਈ ਹੇਠ ਪ੍ਰਿੰਸੀਪਲ ਪੁਸ਼ਪਕ ਮੈਣੀ ਦੇ ਸਹਿਯੋਗ ਨਾਲ ਸੈਮੀਨਾਰ ਲਾ ਕੇ ''ਨੈਸ਼ਨਲ ਡੇਂਗੂ ਡੇ'' ਮਨਾਇਆ ਗਿਆ। ਸੈਮੀਨਾਰ ਵਿੱਚ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਫ਼ਿਰੋਜ਼ਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੈਮੀਨਾਰ ਦੀ ਸ਼ੁਰੂਆਤ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਫ਼ਿਰੋਜਪੁਰ ਵੱਲੋਂ ਡੇਂਗੂ ਬੁਖ਼ਾਰ ਤੋਂ ਬਚਾਓ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕਰ ਕੇ ਕੀਤੀ ਗਈ। ਉਨ੍ਹਾਂ ਨੇ ਡੇਂਗੂ ਦੀ ਰੋਕਥਾਮ, ਬਚਾਓ ਅਤੇ ਲੱਛਣਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖ਼ਾਰ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ।

ਇੱਕ ਦਮ ਤੇਜ਼ ਬੁਖ਼ਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪੱਠਿਆ ਵਿੱਚ ਦਰਦ, ਜੀ ਕੱਚਾ ਹੋਣਾ, ਉਲਟਿਆਂ ਆਉਣਾ, ਨੱਕ, ਮੂੰਹ, ਜਬਾੜ੍ਹਿਆਂ ਵਿੱਚੋਂ ਖ਼ੂਨ ਆਉਣਾ ਤੇ ਚਮੜੀ ਤੇ ਨੀਲ ਪੈਣਾ ਡੇਂਗੂ ਬੁਖ਼ਾਰ ਦੇ ਲੱਛਣ ਹਨ। ਡੇਂਗੂ ਜਿਹੀ ਭਿਆਨਕ ਬਿਮਾਰੀ ਤੋਂ ਬਚਣ ਲਈ ਸਾਨੂੰ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਾਸੀਆਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਤੋਂ ਬਚਾਓ ਸਬੰਧੀ ਜਾਗਰੂਕ ਕਰਨ ਲਈ ਇਸ ਦਫ਼ਤਰ ਵੱਲੋਂ 13 ਟੀਮਾਂ ਦਾ ਗਠਨ ਕੀਤਾ ਗਿਆ ਹੈ।

ਇਨ੍ਹਾਂ ਟੀਮਾਂ ਵੱਲੋਂ ਹਾਈ ਰਿਸਕ ਏਰੀਆ, ਸਲੱਮ ਏਰੀਆ, ਜਨਤਕ ਥਾਵਾਂ ਖ਼ਾਸਕਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਆਦਿ ਪ੍ਰਮੁੱਖ ਥਾਵਾਂ 'ਤੇ ਡੇਂਗੂ ਬੁਖ਼ਾਰ ਸਬੰਧੀ ਕੈਂਪ ਲਗਾਏ ਜਾ ਰਹੇ ਹਨ। ਇਹ ਟੀਮਾਂ ਘਰ-ਘਰ ਜਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਅਤੇ ਆਈ.ਈ.ਸੀ/ ਬੀ.ਸੀ.ਸੀ, ਸੋਰਸ ਡਿਡਕਸ਼ਨ ਗਤੀਵਿਧੀਆਂ ਅਤੇ ਫੀਵਰ ਸਰਵੇ ਕਰ ਰਹੀਆਂ ਹਨ। ਸੈਮੀਨਾਰ ਵਿੱਚ ਡਾ. ਮੀਨਾਕਸ਼ੀ ਢੀਂਗਰਾ ਨੇ ਦੱਸਿਆ ਕਿ ਡੇਂਗੂ ਦਾ ਟੈੱਸਟ ਅਤੇ ਇਲਾਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਮੁਫ਼ਤ ਕੀਤਾ ਜਾਂਦਾ ਹੈ।

ਮੱਛਰਾਂ ਦੀ ਪੈਦਾਵਾਰ ਦੀ ਰੋਕਥਾਮ ਲਈ ਸ਼ੁੱਕਰਵਾਰ ਨੂੰ ''ਡਰਾਈ ਡੇ'' ਵਜੋਂ ਮਨਾਉਣ ਬਾਰੇ ਕਿਹਾ ਕਿ ਹਰ ਹਫ਼ਤੇ ਦੇ ਸ਼ੁੱਕਰਵਾਰ ਨੂੰ ਆਪਣੇ ਘਰ, ਦਫ਼ਤਰਾਂ, ਦੁਕਾਨਾਂ, ਅਤੇ ਹੋਟਲਾਂ ਵਿੱਚ ਲੱਗੇ ਫ਼ਰਿਜ ਅਤੇ ਕੂਲਰਾਂ ਨੂੰ ਸੁਕਾ ਕੇ ਸਾਫ਼ ਕੀਤਾ ਜਾਵੇ। ਇਸ ਸੈਮੀਨਾਰ ਦੌਰਾਨ ਕਾਲਜ ਦੇ ਬੱਚਿਆਂ ਵੱਲੋਂ ''ਨੈਸ਼ਨਲ ਡੇਂਗੂ ਡੇ'' ਸਬੰਧੀ ਡਰਾਇੰਗ ਕੰਪੀਟੀਸ਼ਨ ਅਤੇ ਕਵੀਜ ਕੰਪੀਟੀਸ਼ਨ ਵੀ ਕਰਵਾਇਆ ਗਿਆ। ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਡਾ. ਯੁਵਰਾਜ ਨਾਰੰਗ, ਸਤਪਾਲ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਵਿਕਾਸ ਕਾਲੜਾ, ਪਵਨ ਮਨਚੰਦਾ ਵਾਈਸ ਪ੍ਰਿੰਸੀਪਲ, ਬਲਵਿੰਦਰ ਕੌਰ ਪੰਜਾਬੀ ਟੀਚਰ, ਸੁਮਨ ਸ਼ਰਮਾ, ਸ਼ਵਿੰਦਰ, ਪੁਨੀਤ ਮਹਿਤਾ, ਰਵਿੰਦਰ ਕੁਮਾਰ, ਸੁਖਮਿੰਦਰ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ।