ਸੁਖਬੀਰ ਬਣਨਗੇ ਮੰਤਰੀ ਮੈਂ ਸੰਭਾਲਾਂਗੀ ਦੋਵੇਂ ਹਲਕੇ: ਹਰਸਿਮਰਤ ਕੌਰ ਬਾਦਲ

Last Updated: May 16 2019 13:53
Reading time: 0 mins, 56 secs

ਚੋਣਾਂ ਭਾਵੇਂ 19 ਮਈ ਨੂੰ ਹੋਣਗੀਆਂ ਅਤੇ ਨਤੀਜੇ 23 ਮਈ ਨੂੰ ਆਉਣਗੇ ਪਰ ਸਿਆਸੀ ਲੋਕਾਂ ਵੱਲੋਂ ਆਪਣੀ ਜਿੱਤ ਦੇ ਦਾਅਵਿਆਂ ਨਾਲ ਆਪਣੇ ਮੰਤਰੀ ਮੰਡਲ 'ਚ ਸ਼ਾਮਿਲ ਹੋਣ ਦੀਆਂ ਵੀ ਗੱਲਾਂ ਕਹੀਆਂ ਜਾ ਰਹੀਆਂ ਹਨ। ਬੀਤੇ ਦਿਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 23 ਮਈ ਨੂੰ ਮੋਦੀ ਸਰਕਾਰ ਫਿਰ ਤੋਂ ਵਾਪਸ ਬਣਨ ਜਾ ਰਹੀ ਹੈ ਇਸ ਲਈ ਸਾਡੇ ਪਰਿਵਾਰ 'ਚੋਂ ਸੁਖਬੀਰ ਸਿੰਘ ਬਾਦਲ ਹੀ ਮੰਤਰੀ ਮੰਡਲ 'ਚ ਸ਼ਾਮਿਲ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਦਾ ਅਤੇ ਮੰਤਰੀ ਬਣਨ ਦਾ ਕੋਈ ਸ਼ੌਂਕ ਨਹੀਂ ਹੈ ਉਹ ਸਿਰਫ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਇਸ ਲਈ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਉਹ ਮੰਤਰੀ ਬਣਨ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਚੰਗਾ ਮਹਿਕਮਾ ਮਿਲ ਸਕੇਗਾ ਇਸ ਲਈ ਉਹ ਪੰਜਾਬ ਦੇ ਲੋਕਾਂ ਦਾ ਜ਼ਿਆਦਾ ਫਾਇਦਾ ਕਰ ਸਕਦੇ ਹਨ। ਬੀਬੀ ਬਾਦਲ ਨੇ ਅੱਗੇ ਕਿਹਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ 10 ਉਮੀਦਵਾਰ ਜਿੱਤ ਰਹੇ ਹਨ ਇਸ ਲਈ 5-6 ਮੰਤਰੀ ਬਣਨਗੇ ਤੇ ਇਸ ਨਾਲ ਉਨ੍ਹਾਂ ਦੀਆਂ ਪੰਜੇ ਉਂਗਲਾਂ ਘਿਓ 'ਚ ਹੋ ਜਾਣਗੀਆਂ ਜਿਸ ਨਾਲ ਉਹ ਬਠਿੰਡਾ ਅਤੇ ਫਿਰੋਜ਼ਪੁਰ ਦੇ ਲੋਕਾਂ ਲਈ ਵੱਡੀਆਂ ਗ੍ਰਾਂਟਾਂ ਲਿਆ ਕੇ ਲੋਕਾਂ ਦਾ ਫਾਇਦਾ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਕੇਂਦਰ ਵਿੱਚ ਮੰਤਰੀ ਰਹਿਣਗੇ ਆਪਣਾ ਅਤੇ ਉਨ੍ਹਾਂ ਦਾ ਹਲਕਾ ਮੈਂ ਸੰਭਾਲਾਂਗੀ।