ਸੈਂਟਰਲ ਜੇਲ੍ਹ ਬਨਾਮ 'ਕਾਲਾ ਜਾਦੂ'!! (ਵਿਅੰਗ)

Last Updated: May 16 2019 12:14
Reading time: 3 mins, 6 secs

ਕਾਲੇ ਜਾਦੂ ਦਾ ਨਾਮ ਸੁਣਦਿਆਂ ਹੀ ਕਈ ਦੇ ਮੂੰਹ ਵਿੱਚੋਂ ਹਾਏ ਅਤੇ ਕਈਆਂ ਦੇ ਮੂੰਹ ਵਿੱਚੋਂ ਨਿਰਾ ਪਾਖੰਡ ਜਿਹੇ ਸ਼ਬਦ ਨਿਕਲੇ ਹਨ। ਕਿਉਂਕਿ ਕਾਲਾ ਜਾਦੂ ਹੀ ਇੱਕ ਅਜਿਹਾ ਜਾਦੂ ਹੈ, ਜਿਸ ਦੇ ਨਾਲ ਹੁਣ ਤੱਕ ਕਈ ਪੁੱਠੇ ਸਿੱਧੇ ਕੰਮ ਹੋਣ ਦੀਆਂ ਗੱਲਾਂ ਸੁਣੀਆਂ ਹਨ। ਵੇਖਿਆ ਜਾਵੇ ਤਾਂ ਕਾਲੇ ਜਾਦੂ ਨੇ ਕਈ ਘਰਾਂ ਵਿੱਚ ਪੁਆੜੇ ਵੀ ਪਾਏ ਹਨ। ਭਾਵੇਂ ਹੀ ਅਸੀਂ ਕਾਲੇ ਜਾਦੂ ਵਗੈਰਾ ਨੂੰ ਨਹੀਂ ਮੰਨਦੇ, ਪਰ ਅਸੀਂ ਅੱਜ ਕਾਲੇ ਜਾਦੂ ਨਾਲ ਹੁੰਦੇ ਕਾਲੇ ਕਾਰਨਾਮਿਆਂ ਦੇ ਬਾਰੇ ਵਿੱਚ ਜ਼ਰੂਰ ਗੱਲ ਕਰਾਂਗੇ।

ਕਿਉਂਕਿ ਸੁਣਿਐ ਕਿ ਕਾਲਾ ਜਾਦੂ ਬੜਾ ਕਮਾਲ ਦਾ ਹੁੰਦਾ ਹੈ, ਇਧਰ ਦੀ ਚੀਜ਼ ਉਧਰ ਅਤੇ ਉਧਰ ਦੀ ਚੀਜ਼ ਇੱਧਰ ਲਿਆਉਣ 'ਤੇ ਸਮਾਂ ਨਹੀਂ ਲਾਉਂਦਾ। ਝੱਟਪੱਟ ਵਿੱਚ ਸਭ ਕੁਝ ਬਦਲ ਕੇ ਰੱਖ ਦਿੰਦਾ ਹੈ। ਜੇਕਰ ਆਪਾ ਕਾਲੇ ਜਾਦੂ ਦਾ ਸਾਇਆ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਤੇ ਮੰਨ ਲਈਏ ਤਾਂ ਕੋਈ ਬੁਰਾ ਨਹੀਂ ਹੋਵੇਗਾ। ਕਿਉਂਕਿ ਕਾਲੇ ਜਾਦੂ ਨੇ ਤਾਂ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਸੁੱਖਚੈਨ ਦੀ ਜ਼ਿੰਦਗੀ ਬਤੀਤ ਕਰਨ ਦਾ ਸੁਨੇਹਾ ਦੇ ਦਿੱਤਾ ਹੈ ਕਿ ਕਿਸ ਤਰੀਕੇ ਨਾਲ ਜੇਲ੍ਹ ਅੰਦਰ ਦਿਨ ਕੱਟਨੇ ਹਨ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀ ਚਾਰ ਦੀਵਾਰੀ ਇੰਨੀ ਉੱਚੀ ਹੈ ਕਿ ਪਰਿੰਦਾ ਵੀ ਪਰ ਮਾਰਨ ਤੋਂ ਡਰਦਾ ਹੈ, ਪਰ ਪਤਾ ਨਹੀਂ ਢਾਈ ਸੌਂ ਗ੍ਰਾਮ ਦਾ ਮੋਬਾਈਲ ਫੋਨ ਕਿਵੇਂ ਜੇਲ੍ਹ ਦੀਆਂ ਚਾਰ ਦੀਵਾਰਾਂ ਤੋੜ ਕੇ ਅੰਦਰ ਚਲਾ ਜਾਂਦਾ ਹੈ। ਕਿਉਂਕਿ ਜੇਲ੍ਹ ਦੇ ਅੰਦਰ ਮਿਲਦੇ ਮੋਬਾਈਲ ਫੋਨਾਂ ਦੇ ਬਾਰੇ ਵਿੱਚ ਜਦੋਂ ਖੁਲਾਸੇ ਹੁੰਦੇ ਹਨ ਤਾਂ ਬੇਹੱਦ ਹੀ ਹੈਰਾਨੀ ਜਨਕ ਖੁਲਾਸੇ ਹੁੰਦੇ ਹਨ। ਕੈਦੀ ਅਤੇ ਹਵਾਲਾਤੀ ਇਹ ਮੰਨਦੇ ਨਜ਼ਰੀ ਆਉਂਦੇ ਹਨ ਕਿ ਉਨ੍ਹਾਂ ਦਾ ਰਿਸ਼ਤੇਦਾਰ ਜਾਂ ਫਿਰ ਜੇਲ੍ਹ ਮੁਲਾਜ਼ਮ ਉਨ੍ਹਾਂ ਨੂੰ ਮੋਬਾਈਲ ਫੋਨ ਦੇ ਗਿਆ।

ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਿਵੇਂ ਚਾਰ ਦੀਵਾਰੀ ਤੋੜ ਕੇ ਜੇਲ੍ਹ ਦੀਆਂ ਬੈਰਕਾਂ ਤੱਕ ਮੋਬਾਈਲ ਫੋਨ ਪਹੁੰਚ ਗਿਆ। ਜਦੋਂ ਕੁਝ ਬੁੱਧੀਜੀਵੀਆਂ ਦੀ ਮੰਨੀਏ ਤਾਂ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਸਮੇਂ ਸਮੇਂ 'ਤੇ ਹੀ ਇਹ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਹਵਾਲਾਤੀ ਜਾਂ ਫਿਰ ਕੈਦੀ ਗੁਪਤ ਅੰਗਾਂ ਦੇ ਜਰੀਏ ਮੋਬਾਈਲ ਫੋਨ ਅਤੇ ਨਸ਼ਾ ਜੇਲ੍ਹ ਦੇ ਅੰਦਰ ਲੈ ਆਉਂਦੇ ਹਨ, ਪਰ ਬਾਅਦ ਵਿੱਚ ਤਲਾਸ਼ੀ ਦੌਰਾਨ ਉਨ੍ਹਾਂ ਦੇ ਕੋਲੋਂ ਬਰਾਮਦ ਕਰ ਲਿਆ ਜਾਂਦਾ ਹੈ। ਵੇਖਿਆ ਜਾਵੇ ਤਾਂ ਜੇਲ੍ਹ ਦੇ ਅੰਦਰ ਜਿੰਨੇ ਮੋਬਾਈਲ ਫੋਨ ਚੱਲਦੇ ਹਨ, ਸਾਰੇ ਤਾਂ ਨਹੀਂ ਗੁਪਤ ਅੰਗਾਂ ਵਿੱਚ ਛੁਪਾ ਕੇ ਲਿਆਏ।

ਇਹ ਕਹਿਣਾ ਬਿਲਕੁਲ ਠੀਕ ਨਹੀਂ ਹੋਵੇਗਾ ਕਿ ਸਾਰੇ ਕੈਦੀ ਜਾਂ ਫਿਰ ਹਵਾਲਾਤੀ ਗੁਪਤ ਅੰਗਾਂ ਦੇ ਵਿੱਚ ਮੋਬਾਈਲ ਫੋਨ ਛੁਪਾ ਕੇ ਲਿਆਉਂਦੇ ਹਨ। ਇੱਕ ਵਾਰ ਜੇਕਰ ਕੋਈ ਕੈਦੀ ਜਾਂ ਫਿਰ ਹਵਾਲਾਤੀ ਦੇ ਕੋਲੋਂ ਮੋਬਾਈਲ ਫੋਨ ਗੁਪਤ ਅੰਗ ਵਿੱਚੋਂ ਬਰਾਮਦ ਹੋ ਜਾਵੇ ਤਾਂ ਹਫੜਾ ਦਫੜੀ ਮੱਚ ਜਾਂਦੀ ਹੈ, ਪਰ ਸਮਝ ਤੋਂ ਬਾਹਰ ਹੈ ਕਿ ਜੇਲ੍ਹ ਅਧਿਕਾਰੀ ਇੰਨੇ ਝੂਠ ਕਿਵੇਂ ਮਾਰ ਲੈਂਦੇ ਹਨ। ਜ਼ਰ੍ਹਾ ਜਿੰਨੀ ਵੀ ਇੰਨਾਂ ਨੂੰ ਸ਼ਰਮ ਨਹੀਂ ਆਉਂਦੀ। ਬੁੱਧੀਜੀਵੀ ਦੱਸਦੇ ਹਨ ਕਿ ਲੱਗਦਾ ਤਾਂ ਇੰਝ ਹੈ ਕਿ ਜਿਵੇਂ ਜੇਲ੍ਹ ਦੇ ਅੰਦਰ ਕੋਈ ਦਰਖੱਤ ਅਜਿਹਾ ਲੱਗਾ ਹੋਵੇ, ਜਿਸ ਨਾਲ ਮੋਬਾਈਲ ਫੋਨ ਲੱਗਦੇ ਹੋਣ।

ਪਰ ਅਜਿਹਾ ਕੁਝ ਨਹੀਂ ਹੈ। ਵੇਖਿਆ ਜਾਵੇ ਤਾਂ ਜੇਲ੍ਹ ਦੇ ਅੰਦਰ ਜੇਕਰ ਇੰਨੀ ਹੀ ਸਖ਼ਤੀ ਹੈ ਤਾਂ ਜੇਲ੍ਹ ਦੇ ਅੰਦਰ ਨਸ਼ਾ ਕਿਥੋਂ ਆ ਜਾਂਦਾ ਹੈ? ਹੁਣ ਤੱਕ ਮੋਬਾਈਲ ਫੋਨ ਬਰਾਮਦ ਹੋਣ ਦੇ ਵਿੱਚ ਕਈ ਜੇਲ੍ਹ ਅਧਿਕਾਰੀ ਜਾਂ ਫਿਰ ਮੁਲਾਜ਼ਮ ਵੀ ਰਗੜੇ ਗਏ ਹਨ, ਜੋ ਮੋਬਾਈਲ ਫੋਨ ਅਤੇ ਨਸ਼ਾ ਜੇਲ੍ਹ ਦੇ ਅੰਦਰ ਪਹੁੰਚਾਉਂਦੇ ਸੀ। ਬੁੱਧੀਜੀਵੀਆਂ ਮੁਤਾਬਿਕ ਜੇਲ੍ਹ ਮੁਲਾਜ਼ਮਾਂ ਦੀ ਕਥਿਤ ਤੌਰ 'ਤੇ ਮਿਲੀਭੁਗਤ ਨਾਲ ਹੀ ਸਮੇਂ ਸਮੇਂ 'ਤੇ ਮੋਬਾਈਲ ਫੋਨ ਅਤੇ ਨਸ਼ਾ ਜੇਲ੍ਹ ਦੇ ਅੰਦਰ ਜਾਂਦਾ ਰਹਿੰਦਾ ਹੈ ਅਤੇ ਕਈ ਕੇਸ ਇਸ ਤਰ੍ਹਾਂ ਦੇ ਸਾਹਮਣੇ ਵੀ ਆ ਚੁੱਕੇ ਹਨ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਜੇਲ੍ਹ ਦੇ ਅੰਦਰੋਂ ਕੁਝ ਸਮਾਂ ਪਹਿਲੋਂ ਜੇਲ੍ਹ ਦਾ ਇੱਕ ਮੁਲਾਜ਼ਮ ਵੀ ਫੜਿਆ ਗਿਆ ਸੀ, ਜਿਸ ਦੇ ਕਬਜ਼ੇ ਵਿੱਚੋਂ ਇੱਕ ਮੋਬਾਈਲ ਫੋਨ ਤੋਂ ਇਲਾਵਾ ਹੈਰੋਇਨ ਆਦਿ ਵੀ ਬਰਾਮਦ ਹੋਈ ਸੀ। ਖਾਕੀ 'ਤੇ ਲੱਗਿਆ ਇਹ ਦੋਸ਼ ਸਾਬਤ ਕਰਦਾ ਸੀ ਕਿ ਜੇਲ੍ਹ ਦੇ ਅੰਦਰ ਨਸ਼ਾ ਅਤੇ ਮੋਬਾਈਲ ਪਹੁੰਚਾਉਣ ਵਿੱਚ ਜੇਲ੍ਹ ਮੁਲਾਜ਼ਮਾਂ ਦੀ ਮਿਲੀਭੁਗਤ ਹੈ। ਦੂਜੇ ਪਾਸ ਦੋਸਤੋਂ, ਭਾਵੇਂ ਹੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜਲਦ ਹੀ ਜੇਲ੍ਹ ਦੇ ਅੰਦਰ ਜੈਂਮਰ ਲਗਾ ਦਿੱਤੇ ਜਾਣਗੇ, ਪਰ ਹੁਣ ਤੱਕ ਉਕਤ ਦਾਅਵਾ ਸਫਲ ਨਹੀਂ ਹੋ ਸਕਿਆ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।