ਅੰਨਦਾਤੇ 'ਤੇ ਸਰਕਾਰਾਂ ਦਾ ਅੱਤਿਆਚਾਰ..!!!!

Last Updated: May 15 2019 19:28
Reading time: 1 min, 28 secs

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਜਾਬ ਭਰ ਵਿੱਚੋਂ ਐਲਾਨੇ ਐਕਸ਼ਨ ਮੁਤਾਬਿਕ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਰਾਜ ਭਵਨ ਦਾ ਘਿਰਾਉ ਕਰਨ ਲਈ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਗੁਰਦੁਆਰਾ ਅੰਬ ਸਾਹਿਬ ਤੋਂ ਡੇਢ ਕਿੱਲੋਮੀਟਰ ਲੰਬਾ ਵਿਸ਼ਾਲ ਮਾਰਚ ਕਰੀਬ 12 ਵਜੇ ਸ਼ੁਰੂ ਕੀਤਾ ਗਿਆ। ਚੰਡੀਗੜ੍ਹ ਬਾਰਡਰ 'ਤੇ ਸ਼ਾਂਤਮਈ ਮਾਰਚ ਕਰ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਪੁਲਿਸ ਦੀਆਂ ਧੜਾ ਵੱਲੋਂ ਰੋਕਿਆ ਗਿਆ ਤੇ ਬਿਨਾਂ ਕਿਸੇ ਚੇਤਾਵਨੀ ਦੇ ਲਾਠੀ ਚਾਰਜ ਅਤੇ ਜਲ ਤੋਪਾਂ ਨਾਲ ਪਾਣੀ ਦੀਆਂ ਤੇਜ਼ ਬੁਛਾਰਾਂ ਦਾ ਮੀਂਹ ਵਰ੍ਹਾ ਦਿੱਤਾ ਗਿਆ। ਜਿਸ ਵਿੱਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਸਮੇਤ ਰੇਸ਼ਮ ਸਿੰਘ, ਗੁਰਬਚਨ ਸਿੰਘ, ਪ੍ਰਗਟ ਸਿੰਘ, ਨਿਰਮਲ ਸਿੰਘ, ਦਾਰਾ ਸਿੰਘ, ਸਵਿੰਦਰ ਸਿੰਘ, ਸਾਹਿਬ ਸਿੰਘ ਕੱਕੜ, ਅਜੀਤ ਸਿੰਘ, ਰਣਜੀਤ ਸਿੰਘ, ਬਲਕਾਰ ਸਿੰਘ ਅਤੇ ਲਖਵਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਕਈ ਕਿਸਾਨ ਮਜ਼ਦੂਰ ਵੀ ਜ਼ਖਮੀ ਹੋ ਗਏ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਕਿਸਾਨ ਜਸਵੰਤ ਸਿੰਘ ਸਰਕਾਰੀ ਜਬਰ ਕਰਕੇ ਹੁਣ ਤੱਕ ਲਾਪਤਾ ਹੈ।

ਕਿਸਾਨਾਂ 'ਤੇ ਹੋਏ ਅੱਤਿਆਚਾਰ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਰਨਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਸਾਨਾਂ ਮਜ਼ਦੂਰਾਂ 'ਤੇ ਜਬਰ ਕਰਨ ਵਾਲੀ ਪੰਜਾਬ ਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਭਾਰੀ ਤਸ਼ੰਸਦ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੇ ਬੁਲੰਦ ਹੋਸਲਿਆ ਨਾਲ ਉੱਥੇ ਹੀ ਮੁੱਖ ਸੜਕ ਜਾਮ ਕਰਕੇ ਧਰਨਾ ਲਗਾ ਦਿੱਤਾ ਗਿਆ, ਜੋ ਸ਼ਾਮ ਦੇ 6 ਵਜੇ ਤੱਕ ਚਲਦਾ ਰਿਹਾ। ਸੰਘਰਸ਼ ਦੇ ਦਬਾਅ ਹੇਠ ਦੇਰ ਸ਼ਾਮ ਗਵਰਨਰ ਦੇ ਉਪ ਸਕੱਤਰ ਰਾਕੇਸ਼ ਭੰਡਾਰੀ ਨੇ ਧਰਨਾ ਸਥਾਨ 'ਤੇ ਪਹੁੰਚ ਕੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ। ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾ ਦੇ ਮੰਗ ਪੱਤਰ ਦਾ ਹੱਲ ਕੱਢਣ ਲਈ 4 ਜੂਨ ਨੂੰ 12 ਵਜੇ ਗਵਰਨਰ ਪੰਜਾਬ ਨਾਲ ਮੀਟਿੰਗ ਦਾ ਐਲਾਨ ਕੀਤਾ। ਇਸ ਮੀਟਿੰਗ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੇ ਸਕੱਤਰ ਪੱਧਰ ਦੇ ਅਧਿਕਾਰੀ ਵੀ ਸ਼ਾਮਿਲ ਹੋਣਗੇ ਅਤੇ ਇਸ ਮੀਟਿੰਗ ਵਿੱਚ ਜ਼ਖਮੀਆਂ ਨੂੰ ਬਣਦਾ ਯੋਗ ਮੁਆਵਜ਼ਾ ਦੇਣ ਨੂੰ ਮੀਟਿੰਗ ਦੇ ਏਜੰਡੇ ਵਿੱਚ ਰੱਖ ਲਿਆ ਗਿਆ। ਇਸ ਭਰੋਸੇ ਮਗਰੋਂ ਕਿਸਾਨਾਂ ਮਜ਼ਦੂਰਾਂ ਵੱਲੋਂ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ ਗਿਆ।