ਜਦੋਂ ਦੋ ਮਹੀਨੇ ਬਾਅਦ ਪੈਰਾ ਲੀਗਲ ਵਲੰਟੀਅਰ ਰੀਨਾ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 15 2019 18:29
Reading time: 2 mins, 3 secs

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਤਹਿਗੜ ਸਾਹਿਬ ਦੀ ਪੈਰਾ ਲੀਗਲ ਵਲੰਟੀਅਰ ਰੀਨਾ ਰਾਣੀ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ, ਜਦੋਂ ਕਰੀਬ ਦੋ ਮਹੀਨੇ ਪਹਿਲਾਂ ਬੁਰੀ ਤਰ੍ਹਾਂ ਜ਼ਖਮੀ ਹਾਲਤ 'ਚ ਸਰਹਿੰਦ ਰੇਲਵੇ ਸਟੇਸ਼ਨ ਤੋਂ ਮਿਲੀ ਲਵਾਰਸ ਬਜ਼ੁਰਗ ਮਹਿਲਾ ਨੂੰ ਇਲਾਜ ਕਰਵਾਉਣ ਦੇ ਬਾਅਦ ਉਸਦੇ ਪਰਿਵਾਰ ਦਾ ਪਤਾ ਲਗਾ ਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਸਹੀ ਸਲਾਮਤ ਹਾਲਤ 'ਚ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਗੁਜਰਾਤ ਦੇ ਅਹਿਮਦਾਬਾਦ ਇਲਾਕੇ ਦੀ ਬਜ਼ੁਰਗ ਮਹਿਲਾ ਬੀਨਾ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਆਰ.ਐਸ ਰਾਏ ਅਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਗੁਰਪ੍ਰਤਾਪ ਸਿੰਘ ਵੱਲੋਂ ਵਲੰਟੀਅਰਾਂ ਦੀ ਮੌਜੂਦਗੀ 'ਚ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।

ਕੀ ਹੈ ਇਹ ਮਾਮਲਾ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਅਤੇ ਕੌਂਸਲਰ ਗੁਲਸ਼ਨ ਰਾਏ ਬੌਬੀ ਨੇ ਦੱਸਿਆ ਕਿ ਬੀਤੇ 13 ਮਾਰਚ ਨੂੰ ਸਰਹਿੰਦ ਰੇਲਵੇ ਪੁਲਿਸ ਦੀ ਮਹਿਲਾ ਅਧਿਕਾਰੀ ਸੰਦੀਪ ਕੌਰ ਅਤੇ ਸੰਗੀਤਾ ਨੂੰ ਰੇਲਵੇ ਸਟੇਸ਼ਨ ਤੋਂ ਲਾਵਾਰਸ ਹਾਲਤ 'ਚ ਬੁਰੀ ਤਰ੍ਹਾਂ ਜ਼ਖਮੀ ਬਜ਼ੁਰਗ ਮਹਿਲਾ ਮਿਲੀ ਸੀ। ਰੇਲਵੇ ਪੁਲਿਸ ਮੁਲਾਜ਼ਮਾਂ ਵੱਲੋਂ ਜ਼ਖਮੀ ਬਜ਼ੁਰਗ ਮਹਿਲਾ ਸਬੰਧੀ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਐਸਡੀਐਮ ਫਤਹਿਗੜ ਸਾਹਿਬ ਡਾ. ਸੰਜੀਵ ਕੁਮਾਰ ਦੇ ਨਿਰਦੇਸ਼ਾਂ ਤੇ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮੈਡੀਕਲ ਟਰੀਟਮੈਂਟ ਦੇ ਬਾਅਦ ਮਹਿਲਾ ਦੀ ਹਾਲਤ 'ਚ ਸੁਧਾਰ ਹੋ ਗਿਆ।

ਇਲਾਜ ਕਰਵਾਉਣ ਬਾਅਦ ਮਹਿਲਾ ਨੂੰ ਰੱਖਿਆ ਰੈਣ ਬਸੇਰੇ 'ਚ
ਕੌਂਸਲਰ ਗੁਲਸ਼ਨ ਰਾਏ ਬੌਬੀ ਨੇ ਅੱਗੇ ਦੱਸਿਆ ਕਿ ਬਾਅਦ ਬਜ਼ੁਰਗ ਮਹਿਲਾ ਨੂੰ ਸਰਹਿੰਦ 'ਚ ਬਣੇ ਰੈਣ ਬਸੇਰੇ 'ਚ ਰੱਖਿਆ ਗਿਆ ਅਤੇ ਸਟਾਫ ਵੱਲੋਂ ਨਗਰ ਕੌਂਸਲ ਦੇ ਈ.ਓ ਅਸ਼ੋਕ ਪਥੇਰੀਆ ਅਤੇ ਸਿਟੀ ਮਿਸ਼ਨ ਮੈਨੇਜਰ ਪ੍ਰੀਤੀ ਅਰੋੜਾ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਮਹਿਲਾ ਦੀ ਹਾਲਤ 'ਚ ਸੁਧਾਰ ਹੋਣ ਦੇ ਉਪਰੰਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਆਰ.ਐਸ. ਰਾਏ ਅਤੇ ਸਕੱਤਰ ਚੀਫ ਜੁਡੀਸ਼ੀਅਲ ਮੈਜਿਸਟਰੇਟ ਗੁਰਪ੍ਰਤਾਪ ਸਿੰਘ ਦੇ ਨੋਟਿਸ 'ਚ ਮਾਮਲਾ ਲਿਆਉਣ ਬਾਅਦ ਪੈਰਾ ਲੀਗਲ ਵਲੰਟੀਅਰ ਰੀਨਾ ਰਾਣੀ ਨੇ ਉਕਤ ਬਜ਼ੁਰਗ ਮਹਿਲਾ ਤੋਂ ਉਸਦੇ ਨਾਮ ਤੇ ਪਤੇ ਸਬੰਧੀ ਪੁੱਛਗਿੱਛ ਸ਼ੁਰੂ ਕੀਤੀ।

ਪੈਰਾ ਲੀਗਲ ਵਲੰਟੀਅਰ ਦੀ ਪੁੱਛਗਿੱਛ ਬਾਅਦ ਮਿਲਿਆ ਘਰ ਦਾ ਪਤਾ
ਕੌਂਸਲਰ ਬੌਬੀ ਮੁਤਾਬਕ ਰੀਨਾ ਰਾਣੀ ਵੱਲੋਂ ਮਹਿਲਾ ਨਾਲ ਕੀਤੀ ਗੱਲਬਾਤ ਦੌਰਾਨ ਉਸਨੇ ਆਪਣਾ ਨਾਮ ਬੀਨਾ ਦੱਸਦੇ ਹੋਏ ਕਿਹਾ ਉਹ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੀ ਰਹਿਣ ਵਾਲੀ ਹੈ। ਬਾਅਦ 'ਚ ਰੀਨਾ ਰਾਣੀ ਨੇ ਮਹਿਲਾ ਤੋਂ ਪਰਿਵਾਰ ਸਬੰਧੀ ਪੁੱਛਗਿੱਛ ਕਰਕੇ ਮੋਬਾਇਲ ਨੰਬਰ ਹਾਸਲ ਕੀਤਾ ਤੇ ਬਜ਼ੁਰਗ ਮਹਿਲਾ ਦੀ ਬੇਟੀ ਰਵਾਈ ਉਨਤੀ ਨਾਲ ਫੋਨ ਤੇ ਸੰਪਰਕ ਕੀਤਾ ਅਤੇ ਉਸਨੂੰ ਉਸਦੀ ਮਾਤਾ ਸਬੰਧੀ ਜਾਣਕਾਰੀ ਦਿੱਤੀ। ਜਿਸਦੇ ਬਾਅਦ ਅਹਿਮਦਾਬਾਦ ਤੋਂ ਪਹੁੰਚੇ ਪਰਿਵਾਰਕ ਮੈਂਬਰਾਂ ਨਾਲ ਮਹਿਲਾ ਨੂੰ ਮਿਲਾਇਆ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਆਰ.ਐਸ ਰਾਏ ਦੀ ਮੌਜੂਦਗੀ 'ਚ ਬਜ਼ੁਰਗ ਮਹਿਲਾ ਨੂੰ ਉਸਦੀ ਬੇਟੀ ਨੂੰ ਸੌਂਪ ਦਿੱਤਾ ਗਿਆ। ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦਾ ਧੰਨਵਾਦ ਕਰਦੇ ਹੋਏ ਆਪਣੀ ਮਾਂ ਨੂੰ ਵਾਪਸ ਗੁਜਰਾਤ ਲੈ ਗਈ।