ਮੋਦੀ ਦੇ ਵਿਦੇਸ਼ੀ ਦੌਰਿਆਂ ਦਾ ਭਾਰਤ ਨੂੰ ਨਹੀਂ ਹੋਇਆ ਧੇਲੇ ਦਾ ਵੀ ਫ਼ਾਇਦਾ

Last Updated: May 15 2019 17:32
Reading time: 1 min, 36 secs

ਕਾਮਰੇਡ ਹੰਸ ਰਾਜ ਗੋਲਡਨ ਜੋ ਪੰਜਾਬ ਜਮਹੂਰੀ ਗੱਠਜੋੜ ਦੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਨ, ਦੇ ਵਲੋਂ ਅੱਜ ਫ਼ਿਰੋਜ਼ਪੁਰ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਆਗੂ ਅਤੇ ਗੋਲਡਨ ਦੇ ਸਮਰਥਕ ਵੱਡੀ ਗਿਣਤੀ ਵਿੱਚ ਉਨ੍ਹਾਂ ਨਾਲ ਸਨ। ਸ਼ਹਿਰ ਵਿੱਚ ਰੋਡ ਸ਼ੋਅ ਕਰਦਿਆਂ ਜਿੱਥੇ ਦੁਕਾਨਦਾਰਾਂ ਅਤੇ ਆਮ ਸ਼ਹਿਰੀਆਂ ਵੱਲੋਂ ਕਾਮਰੇਡ ਗੋਲਡਨ ਦਾ ਸਵਾਗਤ ਕੀਤਾ ਗਿਆ, ਉੱਥੇ ਵੱਖ-ਵੱਖ ਥਾਵਾਂ ਉੱਤੇ ਕਾਮਰੇਡ ਗੋਲਡਨ ਨੇ ਲੋਕਾਂ ਨੂੰ ਸੰਬੋਧਨ ਕੀਤਾ। 

ਉਨ੍ਹਾਂ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਮੁੱਲ ਤਾਂ ਵੱਟਿਆ ਹੈ, ਪਰ ਸਿੱਖ ਇਤਿਹਾਸ ਤੋਂ ਲੈ ਕੇ ਗ਼ਦਰ ਲਹਿਰ, ਬੱਬਰ ਅਕਾਲੀ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਵਰਗੇ ਦੇਸ਼ ਭਗਤਾਂ ਨਾਲ ਸਬੰਧਿਤ ਇਤਿਹਾਸਕ ਯਾਦਗਾਰਾਂ ਨੂੰ ਵੀ ਸੰਭਾਲਣ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਫ਼ਿਰੋਜ਼ਪੁਰ ਇਤਿਹਾਸਕ ਸ਼ਹਿਰ ਹੈ, ਇੱਥੋਂ ਦੀਆਂ ਅਤੇ ਸਭ ਇਤਿਹਾਸਕ ਯਾਦਗਾਰਾਂ ਦੀ ਸੰਭਾਲ ਲਈ ਪਾਰਲੀਮੈਂਟ ਨੂੰ ਵੀ ਜਵਾਬਦੇਹ ਬਣਾਉਣ ਲਈ ਉਹ ਆਵਾਜ਼ ਉਠਾਉਣਗੇ।

ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨੀ ਜਿਨਸਾਂ, ਦੁਕਾਨਦਾਰਾਂ ਅਤੇ ਖਪਤਕਾਰਾਂ ਲਈ ਹੁਸੈਨੀਵਾਲਾ ਬਾਰਡਰ ਖੋਲ੍ਹਣਾ ਸਮੇਂ ਦੀ ਲੋੜ ਹੈ। ਦੋਨਾਂ ਮੁਲਕਾਂ ਦੀਆਂ ਵਸਤਾਂ ਦਾ ਇੱਕ ਦੂਜੇ ਨਾਲ ਵਟਾਂਦਰਾ ਅਤੇ ਵਪਾਰ ਦੋਨਾਂ ਮੁਲਕਾਂ ਦੇ ਲੋਕਾਂ ਅਤੇ ਕਾਰੋਬਾਰੀਆਂ ਲਈ ਲਾਹੇਵੰਦ ਹੈ। ਕਾਮਰੇਡ ਗੋਲਡਨ ਨੇ ਕਿਹਾ ਕਿ ਮੋਦੀ ਦੇ ਵਿਦੇਸ਼ੀ ਦੌਰਿਆਂ ਦਾ ਮੁਲਕ ਨੂੰ ਧੇਲੇ ਦਾ ਵੀ ਫ਼ਾਇਦਾ ਨਹੀਂ ਹੋਇਆ, ਪਰ ਹੁਸੈਨੀਵਾਲਾ ਬਾਰਡਰ ਖੁੱਲਣ ਨਾਲ ਲੋਕਾਂ ਦਾ ਜਿੱਥੇ ਕਾਰੋਬਾਰ ਵਧੇ ਫੁੱਲੇਗਾ, ਉੱਥੇ ਭਾਈਚਾਰਕ ਸਾਂਝ ਵੀ ਮਜ਼ਬੂਤ ਹੋਵੇਗੀ। ਇਸ ਲਈ ਉਹ ਪਾਰਲੀਮੈਂਟ ਵਿੱਚ ਜਾ ਕੇ ਇਹਦੇ ਲਈ ਯਤਨ ਕਰਨਗੇ।

ਇਸ ਰੋਡ ਸ਼ੋਅ ਮੌਕੇ ਉਨ੍ਹਾਂ ਨਾਲ ਐਡਵੋਕੇਟ ਚਰਨਜੀਤ ਛਾਂਗਾਰਾਏ, ਸੁਸ਼ਮਾ ਗੋਲਡਨ, ਬਲਵਿੰਦਰ ਮੱਲਵਾਲ ਜ਼ਿਲ੍ਹਾ ਪ੍ਰਧਾਨ ਬਸਪਾ, ਕਾਮਰੇਡ ਕੁਲਭਾਨੂੰ ਕੁਮਾਰ ਯੂ ਪੀ, ਆਰ. ਐੱਮ. ਪੀ. ਆਈ. ਦੇ ਬਲਵੀਰ ਕਾਠਗੜ, ਕ੍ਰਿਸ਼ਨ ਜਾਗੋਵਾਲੀਆ, ਕਰਮਵੀਰ ਕੌਰ ਬੱਧਨੀ, ਕਾਮਰੇਡ ਬਲਵੰਤ ਚੌਹਾਣਾ, ਨਰਿੰਦਰ ਢਾਬਾਂ, ਮੰਜੂ ਬਾਲਾ, ਪ੍ਰਕਾਸ਼ ਕੌਰ, ਰਾਕੇਸ਼ ਲਾਹੌਰਾ ਹਲਕਾ ਪ੍ਰਧਾਨ ਸ਼ਹਿਰ ਬਸਪਾ, ਜਸਵੀਰ ਭੁੱਲਰ ਜ਼ਿਲ੍ਹਾ ਪ੍ਰਧਾਨ ਲੋਕ ਇਨਸਾਫ਼ ਪਾਰਟੀ, ਬਲਵਿੰਦਰ ਸੂਬਾ ਕਦੀਮ, ਕਾਮਰੇਡ ਸੰਤ ਰਾਮ, ਵਿਸ਼ਲਦੀਪ ਵਲਟੋਹਾ, ਹਰਭਜਨ ਛੱਪੜੀਵਾਲਾ, ਕਰਨੈਲ ਸਿੰਘ ਛਾਂਗਾ ਖ਼ੁਰਦ, ਮਨੀਸ਼ਾ ਮਹੇਸਰੀ, ਅਰਵਿੰਦ ਸੋਨੀ, ਰੇਸ਼ਮ ਭੱਟੀ, ਹਰੀ ਸਿੰਘ, ਰਾਕੇਸ਼ ਭਾਰਤੀ, ਰਾਜਾ ਸੁਭਾਸ਼ ਚੰਦਰ, ਪ੍ਰੇਮ ਸਭਰਵਾਲ, ਅਸ਼ੋਕ ਗਾਂਧੀ ਨਗਰ, ਬੂਟਾ ਸਿੰਘ ਬਾਘੇਵਾਲਾ ਆਦਿ ਆਗੂ ਹਾਜ਼ਰ ਸਨ।