ਯੋਗਾ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦਾ ਹੁੰਦਾ ਹੈ ਕੁਦਰਤੀ ਤੌਰ ਤੇ ਇਲਾਜ- ਡਾ. ਸਿੰਘ

Last Updated: May 15 2019 17:53
Reading time: 1 min, 11 secs

ਯੋਗਾ ਨੂੰ ਅਪਣਾਕੇ ਸਰੀਰਕ ਪੱਖੋਂ ਤੰਦਰੁਸਤ ਬਣਕੇ ਬੀਮਾਰੀਆਂ ਤੋਂ ਬਚਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਜ਼ਿਲ੍ਹਾ ਸਿਹਤ ਵਿਭਾਗ ਦੇ ਆਯੁਰਵੈਦਿਕ ਤੇ ਯੂਨਾਨੀ ਵਿਭਾਗ ਵੱਲੋਂ ਮੁੜ ਵਸੇਬਾ ਕੇਂਦਰ ਬ੍ਰਾਹਮਣਾ ਮਾਜਰਾ, ਸਰਹਿੰਦ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਯੋਗਾ ਕੈਂਪ ਦਾ ਆਯੋਜਨ ਕਰਵਾਇਆ ਗਿਆ। ਜ਼ਿਲ੍ਹਾ ਫਤਹਿਗੜ ਸਾਹਿਬ ਦੇ ਸਿਵਲ ਸਰਜਨ ਡਾ. ਐਨ.ਕੇ ਅਗਰਵਾਲ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ. ਪੂਨਮ ਵਸ਼ਿਸ਼ਟ ਦੀ ਨਿਗਰਾਨੀ 'ਚ ਮੁੜ-ਵਸੇਬਾ ਕੇਂਦਰ 'ਚ ਕਰਵਾਏ ਯੋਗਾ ਕੈਂਪ ਦੌਰਾਨ ਮਰੀਜਾਂ ਨੂੰ ਡਾ. ਪ੍ਰਤਿਭਾ ਸ਼ਰਮਾ ਅਤੇ ਉਪਵੈਦ ਚਮਕੌਰ ਸਿੰਘ ਵੱਲੋਂ ਯੋਗਾ ਕਰਵਾਇਆ ਗਿਆ ਅਤੇ ਯੋਗਾ ਕਰਨ ਨਾਲ ਬੀਮਾਰੀਆਂ ਨੂੰ ਦੂਰ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।

ਯੋਗਾ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ ਅਤੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਪ੍ਰੀਤਜੋਤ ਕੌਰ ਨੇ ਦੱਸਿਆ ਕਿ ਯੋਗਾ ਕਰਨ ਨਾਲ ਇਨਸਾਨ ਦੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦਾ ਕੁਦਰਤੀ ਤੌਰ ਤੇ ਇਲਾਜ ਹੁੰਦਾ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ। ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਹਰੇਕ ਵਿਅਕਤੀ ਲਈ ਯੋਗ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਯੋਗਾ ਨਸ਼ਾ ਛੱਡਣ ਵਿੱਚ ਵੀ ਸਹਾਈ ਹੁੰਦਾ ਹੈ ਕਿਉਂਕਿ ਇਸ ਨਾਲ ਮਨੁੱਖ ਆਪਣੇ ਸਰੀਰ ਅਤੇ ਮਨ ਦੀਆਂ ਇੱਛਾਵਾਂ ਨੂੰ ਕਾਬੂ 'ਚ ਰੱਖ ਸਕਦਾ ਹੈ। ਇਸ ਤੋਂ ਇਲਾਵਾ ਕੈਂਪ ਦੌਰਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਅਤੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਵੱਲੋਂ ਤੰਬਾਕੂ ਪਦਾਰਥਾਂ ਦੇ ਲਗਾਤਾਰ ਸੇਵਨ ਕਰਨ ਨਾਲ ਮਨੁੱਖੀ ਸਰੀਰ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਅਤੇ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।