ਸਿੱਧੂ ਨੇ ਕੈਪਟਨ ਦੀਆਂ ਖੜੀਆਂ ਕਰਵਾਈਆਂ ਬਾਂਹਾਂ

Last Updated: May 15 2019 17:21
Reading time: 0 mins, 57 secs

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿੱਚ ਅਕਸਰ ਹੀ ਨੋਕ ਝੋਕ ਹੁੰਦੀ ਅਖ਼ਬਾਰਾਂ ਦੀ ਸੁਰਖ਼ੀਆਂ ਬਣਦੀ ਰਹੀ ਹੈ ਜਿਸ ਕਰਕੇ ਇਸ ਵਾਰ ਲੋਕਸਭਾ ਚੋਣਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਚੋਣ ਪ੍ਰਚਾਰ ਤੋਂ ਦੂਰ ਹੀ ਰੱਖਿਆ ਹੋਇਆ ਹੈ। ਪਰ ਬਾਵਜੂਦ ਇਸ ਦੇ ਬੀਤੇ ਕੱਲ੍ਹ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਬਾਂਹਾਂ ਖੜੀਆਂ ਕਰਵਾ ਦਿੱਤੀਆਂ। ਦਰਅਸਲ ਬੀਤੀ ਕੱਲ੍ਹ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਪਠਾਨਕੋਟ ਵਿਖੇ ਸੁਨੀਲ ਜਾਖੜ ਦੇ ਹੱਕ ਵਿੱਚ ਪ੍ਰਚਾਰ ਕਰਨ ਆਈ ਸੀ ਜਿਸ ਨੇ ਪਠਾਨਕੋਟ ਵਿਖੇ ਰੋਡ ਸ਼ੋਅ ਵੀ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਮੀਟਿੰਗ ਨੂੰ ਸੰਬੋਧਨ ਵੀ ਕੀਤਾ ਸੀ। ਇਸ ਮੀਟਿੰਗ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਲਈ ਕਿਹਾ ਗਿਆ ਤਾਂ ਸਿੱਧੂ ਨੇ ਆਪਣੇ ਹੀ ਅੰਦਾਜ਼ ਵਿੱਚ ਸ਼ਾਇਰੋ ਸ਼ਾਇਰੀ ਕੀਤੀ ਤੇ ਹਾਜ਼ਰੀਨ ਦਾ ਸਵਾਗਤ ਕਬੂਲਿਆ। ਸਿੱਧੂ ਬੜੇ ਹੀ ਜੋਸ਼ੀਲੇ ਅੰਦਾਜ਼ ਵਿੱਚ ਆਪਣਾ ਭਾਸ਼ਣ ਦਿੱਤਾ ਤੇ ਜਾਖੜ ਨੂੰ ਜਿਤਾਉਣ ਦੀ ਅਪੀਲ ਕੀਤੀ। ਆਪਣੇ ਭਾਸ਼ਣ ਦੇ ਅਖੀਰ ਵਿੱਚ ਸਿੱਧੂ ਨੇ ਬੋਲੇ ਸੋ ਨਿਹਾਲ ਦਾ ਜਦੋਂ ਜੈਕਾਰਾ ਲਗਾਇਆ ਤਾਂ ਸਾਰਿਆਂ ਨੇ ਬਾਂਹਾਂ ਖੜੀਆਂ ਕਰਕੇ ਜੈਕਾਰੇ ਦਾ ਜਵਾਬ ਦਿੱਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਜੈਕਾਰੇ ਦਾ ਜਵਾਬ ਦੇਣ ਲਈ ਆਪਣੀਆਂ ਬਾਂਹਾਂ ਪੂਰੇ ਜੋਸ਼ ਵਿੱਚ ਖੜੀਆਂ ਕੀਤੀਆਂ ਤੇ ਫ਼ਤਿਹ ਬੁਲਾਈ।