ਮੰਡੀ 'ਚ ਮਾੜੇ ਪ੍ਰਬੰਧ ਦਾ ਹਵਾਲਾ ਦਿੰਦਿਆਂ ਵਿਧਾਇਕ ਨੇ ਕੀਤੀ ਲਿਫਟਿੰਗ ਕਰਵਾਉਣ ਦੀ ਮੰਗ

Last Updated: May 15 2019 17:01
Reading time: 1 min, 10 secs

ਸਥਾਨਕ ਨਵੀਂ ਦਾਣਾ ਮੰਡੀ ਵਿੱਚ ਕਿਸਾਨਾਂ-ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਪੇਸ਼ ਆ ਰਹੀ ਸਮੱਸਿਆਵਾਂ ਨੂੰ ਵੇਖਦੇ ਹੋਏ ਅੱਜ ਅਬੋਹਰ ਦੇ ਵਿਧਾਇਕ ਅਰੂਣ ਨਾਰੰਗ ਨੇ ਦਾਣਾ ਮੰਡੀ ਦਾ ਦੌਰਾ ਕਰਕੇ ਉੱਥੋਂ ਦੀ ਹਾਲਤ ਦਾ ਜਾਇਜਾ ਲਿਆ। ਵਿਧਾਇਕ ਨੇ ਮਾੜੇ ਪ੍ਰਬੰਧਾਂ ਨੂੰ ਵੇਖਦੇ ਹੋਏ ਪ੍ਰਸ਼ਾਸਨ ਤੋਂ ਜਲਦੀ ਮੰਡੀ 'ਚ ਪਈ ਕਣਕ ਦੀ ਲਿਫਟਿੰਗ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਭਾਜਪਾ ਦੇ ਰਾਜਸੀ ਮੀਤ ਪ੍ਰਧਾਨ ਧਨਪਤ ਸਿਆਗ, ਜ਼ਿਲ੍ਹਾ ਸਕਤਰ ਜਨਰਲ ਹਰਚਰਣ ਸਿੰਘ ਪੱਪੂ, ਮੰਡਲ ਪ੍ਰਧਾਨ ਅਸ਼ੋਕ ਛਾਬੜਾ, ਭਾਜਪਾ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਲਕਟ, ਜ਼ਿਲ੍ਹਾ ਮੀਤ ਪ੍ਰਧਾਨ ਵਿਕਰਮ ਬਿੱਲਾ ਅਤੇ ਹੋਰ ਵਰਕਰ ਮੌਜੂਦ ਸਨ। ਮੰਡੀ ਵਿੱਚ ਮੌਜੂਦ ਮਜ਼ਦੂਰਾਂ ਨੇ ਨਾਰੰਗ ਨੂੰ ਦੱਸਿਆ ਕਿ ਮੰਡੀ ਵਿੱਚ ਲਿਫਿੰਟਗ ਨਾ ਹੋਣ ਕਾਰਨ ਭੈੜਾ ਹਾਲ ਹੈ, ਜਿਸ ਕਾਰਨ ਮਜ਼ਦੂਰਾਂ ਦੇ ਨਾਲ-ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੀ ਪਰੇਸ਼ਾਨੀ ਝੇਲਨੀ ਪੈ ਰਹੀ ਹੈ। ਮੀਂਹ ਦੇ ਕਾਰਨ ਖੁੱਲੇ ਅਸਮਾਨ ਹੇਠ ਪਈ ਕਣਕ ਭਿੱਜ ਰਹੀ ਹੈ ਜਦ ਕਿ ਪ੍ਰਸ਼ਾਸਨ ਵੱਲੋਂ ਇਸ ਵਾਰ ਕਿਸਾਨਾਂ ਦੀ ਸਹੂਲਤ ਲਈ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ। ਵਿਧਾਇਕ ਨੇ ਕਿਹਾ ਕਿ ਮੰਡੀ ਵਿੱਚ ਨਾ ਤਾਂ ਪੀਣ ਦਾ ਸ਼ੁੱਧ ਪਾਣੀ ਹੈ ਅਤੇ ਨਾ ਹੀ ਪਿਸ਼ਾਬ ਘਰਾਂ ਦਾ ਉਚਿੱਤ ਪ੍ਰਬੰਧ ਹੈ। ਇਸ ਤੋਂ ਇਲਾਵਾ ਇੱਥੋਂ ਦੇ ਸ਼ੈਡ ਵੀ ਟੁੱਟੇ ਹੋਏ ਹਨ। ਇੰਨੀ ਸਮੱਸਿਆਵਾਂ ਹੋਣ ਦੇ ਬਾਅਦ ਵੀ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮੰਡੀ ਵਿੱਚ ਵਿਕਾਸ ਦੇ ਨਾਮ 'ਤੇ ਬਣੇ ਹੋਏ ਸ਼ੈਡਾਂ ਨੂੰ ਵੀ ਭੰਨ ਦਿੱਤਾ ਹੈ ਜਿਸ ਕਾਰਨ ਕਣਕ ਦੇ ਸੀਜ਼ਨ ਵਿੱਚ ਸਾਰੇ ਵਰਗਾਂ ਨੂੰ ਪਰੇਸ਼ਾਨੀ ਝੇਲਨੀ ਪੈ ਰਹੀ ਹੈ।