ਪੰਜਾਬ ਦੇ ਮੁੱਖ ਮੰਤਰੀ ਨੂੰ ਯਾਦ ਨਹੀਂ ਉਸ ਪਿੰਡ ਦਾ ਨਾ ਜਿੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਹੋਈ ਸੀ ਚੋਰੀ (ਨਿਊਜ਼ਨੰਬਰ ਖ਼ਾਸ ਖ਼ਬਰ )

Last Updated: May 15 2019 16:50
Reading time: 1 min, 0 secs

ਅੱਜ ਕਾਂਗਰਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਂਦਰ ਬਿੰਦੂ ਬਰਗਾੜੀ ਵਿਖੇ ਚੋਣ ਰੈਲੀ ਕਰਕੇ ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਨ ਦੀ ਕੋਸ਼ਿਸ਼ ਕੀਤੀ ਗਈ। ਇਸ ਰੈਲੀ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਿਰਕਤ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਰਗਾੜੀ ਵਿਖੇ ਇੱਕ ਯਾਦਗਾਰ ਬਣਾਉਣ ਦਾ ਐਲਾਨ ਕਰਕੇ ਸਿੱਖ ਸੰਗਤ ਦੀ ਵੋਟ ਨੂੰ ਆਪਣੇ ਹੱਕ ਵਿੱਚ ਕਰਨ ਦਾ ਯਤਨ ਕੀਤਾ। ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਦੱਸਿਆ ਕਿ ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ ਨੂੰ ਅੱਜ ਬੇਅਦਬੀ ਜਿਹੀ ਮੰਦਭਾਗੀ ਘਟਨਾ ਕਰਕੇ ਪੂਰਾ ਹਿੰਦੁਸਤਾਨ ਹੀ ਨਹੀਂ ਸਗੋਂ ਵਿਸ਼ਵ ਜਾਣਦਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਉਸ ਪਿੰਡ ਦਾ ਨਾ ਨਹੀਂ ਲੈ ਸਕੇ ਜਿਸ ਪਿੰਡੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਚੋਰੀ ਹੋਈ ਅਤੇ ਅਸਮਾਜਿਕ ਤੱਤਾਂ ਨੇ ਇੱਥੋਂ ਚੋਰੀ ਕੀਤੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰ ਦਿੱਤੇ। ਮੁੱਖ ਮੰਤਰੀ ਸਾਹਿਬ ਇਸ ਪਿੰਡ ਦਾ ਨਾ ਜਵਾਹਰ ਕੇ ਲੈ ਰਹੇ ਸਨ ਜਦਕਿ ਇਸ ਪਿੰਡ ਦਾ ਨਾ ਬੁਰਜ ਜਵਾਹਰ ਸਿੰਘ ਵਾਲਾ ਹੈ। ਬੇਅਦਬੀ ਵਰਗੀ ਘਟਨਾ ਦਾ ਮੁੱਢ ਇਹ ਪਿੰਡ ਹੈ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਇਸ ਪਿੰਡ ਦਾ ਨਾ ਭੁੱਲਣਾ ਮੰਦਭਾਗਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਕਾਂਗਰਸ ਵੀ ਇਸ ਮੁੱਦੇ ਪ੍ਰਤੀ ਗੰਭੀਰ ਨਹੀਂ ਹੈ।