ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਕਾਂਗਰਸ ਦਾ ਕੇਂਦਰ ਵਿੱਚ ਆਉਣਾ ਜ਼ਰੂਰੀ : ਸੁਖਜਿੰਦਰ ਸਿੰਘ ਰੰਧਾਵਾ

Last Updated: May 15 2019 17:03
Reading time: 0 mins, 56 secs

ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮੋਦੀ ਅਤੇ ਅਮਿੱਤ ਸ਼ਾਹ ਦੀ ਜੋੜੀ ਨੇ ਦੇਸ਼ ਵਿੱਚ ਫ਼ਿਰਕੂ ਤਾਕਤਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਇਹ ਸਮੁੱਚੇ ਦੇਸ਼ ਲਈ ਖ਼ਤਰੇ ਦੀ ਘੰਟੀ ਹੈ। ਰੰਧਾਵਾ ਨੇ ਕਿਹਾ ਕਿ ਮੋਦੀ ਦੇਸ਼ ਦੀਆਂ ਘੱਟ ਗਿਣਤੀਆਂ ਲਈ ਘਾਤਕ ਹੈ ਹਰ ਹਾਲਤ ਵਿੱਚ ਮੋਦੀ ਦੀ ਸਰਕਾਰ ਨੂੰ ਹਟਾਉਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਕਾਂਗਰਸ ਦਾ ਕੇਂਦਰ ਵਿੱਚ ਆਉਣ ਸਮੇਂ ਦੀ ਲੋੜ ਹੈ। ਰੰਧਾਵਾ ਨੇ ਕਿਹਾ ਕਿ ਇਸ ਤਰ੍ਹਾਂ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਮਸਲਿਆਂ ਦੇ ਹੱਲ ਲਈ ਕਾਂਗਰਸ ਉਮੀਦਵਾਰ ਦਾ ਜਿੱਤਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜਾਖੜ ਨੇ ਪਹਿਲਾਂ ਵੀ ਆਪਣੇ ਸੰਸਦ ਮੈਂਬਰ ਦੇ ਕਾਰਜਕਾਲ ਦੌਰਾਨ ਜ਼ਿਲ੍ਹੇ ਵਾਸਤੇ ਬਹੁਤ ਕੁਝ ਕੀਤਾ ਹੈ ਜਿਸ ਤਹਿਤ ਬਟਾਲਾ ਨੂੰ ਕਾਰਪੋਰੇਸ਼ਨ ਦਾ ਦਰਜਾ ਵੀ ਜਾਖੜ ਦੇ ਕਹਿਣ ਤੇ ਹੀ ਮੁੱਖ ਮੰਤਰੀ ਵਲੋਂ ਦਿੱਤਾ ਗਿਆ ਹੈ ਜਿਸ ਨਾਲ ਬਟਾਲਾ ਅਤੇ ਆਸ ਪਾਸ ਦੇ ਇਲਾਕਿਆਂ ਦਾ ਵਿਕਾਸ ਦੁੱਗਣੀ ਰਫ਼ਤਾਰ ਨਾਲ ਹੋਵੇਗਾ। ਇਸ ਮੌਕੇ ਰੰਧਾਵਾ ਨੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 19 ਮਈ ਨੂੰ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸੁਨੀਲ ਜਾਖੜ ਨੂੰ ਕਾਮਯਾਬ ਕੀਤਾ ਜਾਵੇ।