"ਲਾਲੀ"

Last Updated: May 15 2019 15:23
Reading time: 1 min, 13 secs

5 ਕੁ ਵਰਿਆਂ ਦੀ ਬਾਲੜੀ ਦੀ ਮਾਂ ਦੀ ਗੋਦ ਦੁਬਾਰਾ ਭਰਨ ਵਾਲੀ ਸੀ, 
ਆਂਢ ਗੁਆਂਢ ਦੀਆਂ ਸਾਰੀਆਂ ਰਿਸ਼ਤੇ 'ਚ ਲਗਦੀਆਂ ਦਾਦੀਆਂ-ਚਾਚੀਆਂ ਏ ਤਾਈਆਂ ਪੁਛਦੀਆਂ ਸੀ ਉਹਨੂੰ,
"ਦੱਸ ਲਾਲੀ, ਲਾਲੀ ਕਿ ਕੋਠੇ ਤੇ ਕੀ ਏ?
 ਚਿੜੀ ਕਿ ਮੋਰ" ?
  
ਉਹ ਨਿਆਂਣੀ ਸੀ ਉਹਨੂੰ ਸਮਝ ਨਹੀਂ ਸੀ ਇਨਾਂ ਗੱਲਾਂ ਦੀ,
 ਪਰ ਦਾਦੀ ਦੇ ਸਮਝਾਏ ਮੁਤਾਬਕ ਉਹ ਅਕਸਰ ਆਖਿਆ ਕਰਦੀ ਸੀ
 "ਮੋਰ" 

ਫਿਰ ਮਾਂ ਦੇ ਜਣੇਪੇ ਦੇ ਨਾਲ ਹੀ ਬਾਲੜੀ 'ਤੇ ਕਹਿਰ ਟੁੱਟ ਪਿਆ।
 ਮਾਂ ਤੇ ਲਾਲੀ ਦਾ ਮੋਰ ਦੋਵੇਂ ਹੀ ਦੁਨੀਆਂ ਤੋਂ ਤੁਰ ਗਏ।
 
ਨਿਕੀ ਜਿਹੀ ਬਾਲੜੀ ਦਾਦਕਿਆਂ ਤੋਂ ਨਾਨਕਿਆਂ ਦੇ ਹਵਾਲੇ ਕਰ ਦਿੱਤੀ ਗਈ। ਨਾਨੀਂ ਅਕਸਰ ਮਾਂ ਲਈ ਵਿਲਕਦੀ ਲਾਲੀ ਨੂੰ ਆਖ ਦਿਆ ਕਰਦੀ ਸੀ, ਕਿ 
"ਮਾਂ ਮੋਰ ਲੈਣ ਰੱਬ ਕੋਲ ਗਈ ਏ, ਜਲਦੀ ਆ ਜਾਣਾਂ ਬਸ ਉਹਨੇਂ"।
  
ਅਚਾਨਕ ਇੱਕ ਦਿਨ ਗੁਆਂਢੀਆਂ ਦੇ ਘਰ ਆਪਣੀਂ ਹਮਉਮਰ ਕਿੰਨੂ ਨਾਲ ਖੇਡਦੀ ਲਾਲੀ ਨੂੰ ਜਦੋਂ ਕਿੰਨੂ ਨੇ ਦਸਿਆ ਕਿ ਸਾਡੇ ਘਰ ਕਾਕਾ ਆਉਣ ਵਾਲਾ ਤਾਂ ਲਾਲੀ ਦੀਆਂ ਅੱਖਾਂ ਭਰ ਆਈਆਂ,
ਲਾਲੀ ਉਹਨੂੰ ਕਹਿ ਰਹੀ ਸੀ,
"ਜੇ ਤੈਨੂੰ ਕੋਈ ਪੁੱਛੇ ਕਿ ਤੁਹਾਡੇ ਕੋਠੇ ਤੇ ਕੀ ਏ? ਤਾਂ ਮੋਰ ਨਾਂ ਕਹੀਂ",

ਕਿਓਂ ਲਾਲੀ ? 
ਅਣਜਾਣ ਕਿੰਨੂ ਨੇਂ ਪੁੱਛਿਆ।
  
"ਮੋਰ ਲੈਣ ਲਈ ਮੰਮੀਆਂ ਨੂੰ ਰੱਬ ਕੋਲ ਜਾਣਾਂ ਪੈਦਾਂ, ਤੇ 
 ਫਿਰ ਉਹ ਜਲਦੀ ਨੀਂ ਮੁੜਦੀਆਂ, ਪਰ ਫਿਰ ਯਾਦ ਬਹੁਤ ਆਉਂਦੀ ਏ ਮੰਮੀ ਦੀ"।
 
ਕਹਿੰਦੇ ਕਹਿੰਦੇ ਕੁੜੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ 
ਕੋਲ ਬੈਠੀ ਕਿੰਨੂ ਦੀ ਮਾਂ ਦੀ ਧਾਹ ਨਿੱਕਲ ਗਈ ।
 
ਉਹਨੇਂ ਘੁਟਕੇ ਸੀਨੇ ਨਾਲ ਲਾ ਲਿਆ ਲਾਲੀ ਨੂੰ।
'ਤੇ ਮਨ ਹੀ ਮਨ ਉਹ ਕਹਿ ਰਹੀ ਸੀ, "ਹਾਏ ਵੇ ਰੱਬਾ, ਇਨਾਂ ਮਾਸੂਮਾਂ ਨਾਲ ਕੀ ਵੈਰ ਹੁੰਦਾ ਤੇਰਾ??।