ਪ੍ਰਿਯੰਕਾ ਗਾਂਧੀ ਦੀ ਪਠਾਨਕੋਟ ਫੇਰੀ ਨੇ ਜਾਖੜ ਦੀ ਚੋਣ ਮੁਹਿੰਮ ਸ਼ਿਖਰ ਤੇ ਪਹੁੰਚਾਈ

Last Updated: May 15 2019 13:29
Reading time: 3 mins, 3 secs

ਲੋਕਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਚੋਣ ਮੁਹਿੰਮ ਹੁਣ ਪੂਰੀ ਤਰ੍ਹਾਂ ਸ਼ਿਖਰ ਤੇ ਪਹੁੰਚ ਚੁੱਕੀ ਹੈ। ਬੀਤੇ ਦੇਰ ਸ਼ਾਮ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਪਠਾਨਕੋਟ ਫੇਰੀ ਨਾਲ ਤਾਂ ਵਰਕਰਾਂ ਵਿੱਚ ਇੱਕ ਗਜ਼ਬ ਦਾ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਮਦਾਰ ਅੰਦਾਜ਼ ਨੇ ਵੀ ਸ਼ਹਿਰ ਵਾਸੀਆਂ ਨੂੰ ਕੀਲ੍ਹੀ ਰੱਖਿਆ ਤੇ ਹਾਜ਼ਰੀਨ ਨੇ ਜਾਖੜ ਨੂੰ ਜਿਤਾਉਣ ਲਈ ਵਚਨਬੱਧਤਾ ਵੀ ਦਿਖਾਈ। ਪ੍ਰਿਯੰਕਾ ਗਾਂਧੀ ਦੇ ਆਉਣ ਨਾਲ ਜਿਸ ਤਰ੍ਹਾਂ ਵਰਕਰਾਂ ਵਿੱਚ ਉਤਸ਼ਾਹ ਪਾਇਆ ਗਿਆ ਉਸ ਨਾਲ ਇੱਕ ਵਾਰ ਤਾਂ ਲੱਗਣ ਲੱਗ ਪਿਆ ਸੀ ਕਿ ਹੁਣ ਸੰਨੀ ਦਿਓਲ ਵਾਸਤੇ ਇਹ ਸੀਟ ਜਿੱਤਣੀ ਖਾਲ੍ਹਾ ਜੀ ਦਾ ਵਾੜਾ ਨਹੀਂ ਰਹਿ ਗਈ ਹੈ। ਦੱਸਣਾ ਬਣਦਾ ਹੈ ਕਿ ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕਸਭਾ ਹਲਕੇ ਤੋਂ ਪਹਿਲੀ ਵਾਰ ਸੰਸਦ ਦੀ ਚੋਣ 2017 ਵਿੱਚ ਲੜ ਕੇ ਆਪਣੇ ਸਿਆਸੀ ਸਫ਼ਰ ਦੀ ਨਵੀਂ ਪਾਰੀ ਇਸ ਜ਼ਿਲ੍ਹੇ ਤੋਂ ਦੁਬਾਰਾ ਉਦੋਂ ਸ਼ੁਰੂ ਕੀਤੀ ਸੀ ਜਦੋਂ ਤਤਕਾਲੀ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ ਦਾ ਦੇਹਾਂਤ ਹੋ ਗਿਆ ਸੀ।

ਉਸ ਸਮੇਂ ਵੀ ਭਾਵੇਂ ਕਿ ਜ਼ਿਲ੍ਹੇ ਨਾਲ ਸਬੰਧਿਤ ਕਈ ਆਗੂਆਂ ਨੇ ਟਿਕਟ ਲੈਣ ਦੀ ਬਥੇਰੀ ਕੋਸ਼ਿਸ਼ ਕੀਤੀ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੇਹਰਬਾਨੀ ਜਾਖੜ ਤੇ ਹੋਣ ਕਰਕੇ ਉਦੋਂ ਜਾਖੜ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ ਸਨ ਜਿਸ ਤੋਂ ਹੋਈ ਜ਼ਿਮਨੀ ਚੋਣ ਵਿੱਚ ਜਾਖੜ ਨੇ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੂੰ ਲਗਭਗ ਦੋ ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਜਿਸ ਤੋਂ ਬਾਅਦ ਹੁਣ 2019 ਦੀਆਂ ਆਮ ਚੋਣਾਂ ਵਿੱਚ ਮੁੜ ਇੱਕ ਵਾਰ ਪਾਰਟੀ ਨੇ ਸੁਨੀਲ ਜਾਖੜ ਦੇ ਵਿਸ਼ਵਾਸ ਪ੍ਰਗਟਾਇਆ ਹੈ ਤੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਿੰਨ੍ਹੀ ਦੇਰ ਤੱਕ ਜਾਖੜ ਦੇ ਸਾਹਮਣੇ ਭਾਜਪਾ ਵੱਲੋਂ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਸੀ ਕੀਤਾ ਗਿਆ ਤਾਂ ਇੰਝ ਲੱਗਦਾ ਸੀ ਕਿ ਇਸ ਵਾਰ ਫੇਰ ਮੁਕਾਬਲਾ ਇੱਕ ਤਰਫਾ ਹੀ ਹੋਣ ਜਾ ਰਿਹਾ ਹੈ ਕਿਉਂਕਿ ਭਾਜਪਾ ਵੱਲੋਂ ਸਵਰਨ ਸਲਾਰੀਆ ਅਤੇ ਕਵਿਤਾ ਖੰਨਾ ਦੇ ਨਾਮਾਂ ਦੀ ਲੰਬਾ ਸਮਾਂ ਚਰਚਾ ਚਲਦੀ ਰਹੀ ਹੈ ਪਰ ਜਦੋਂ ਭਾਜਪਾ ਨੇ ਹੁਕਮ ਦਾ ਯੱਕਾ ਸੰਨੀ ਦਿਓਲ ਦੇ ਰੂਪ ਵਿੱਚ ਵਰਤਦਿਆਂ ਜਾਖੜ ਦੇ ਸਾਹਮਣੇ ਲਿਆ ਖੜ੍ਹਾ ਕੀਤਾ ਤਾਂ ਇੱਕ ਵਾਰ ਇੰਝ ਲੱਗਣ ਲੱਗ ਪਿਆ ਸੀ ਕਿ ਹੁਣ ਮੁਕਾਬਲਾ ਕਾਂਟੇ ਦਾ ਹੋਵੇਗਾ ਪਰ ਜਿਉਂ ਜਿਉਂ ਸੰਨੀ ਦਿਓਲ ਨੇ ਗੁਰਦਾਸਪੁਰ ਵਿੱਚ ਵਿੱਚਰਨਾ ਸ਼ੁਰੂ ਕੀਤਾ ਤਾਂ ਫੇਰ ਸਮੀਕਰਣ ਦਿਨ ਪ੍ਰਤੀ ਦਿਨ ਬਦਲਣੇ ਸ਼ੁਰੂ ਹੋ ਗਏ ਸਨ ਤੇ ਇੰਝ ਲੱਗਦਾ ਸੀ ਕਿ ਹੁਣ ਸੰਨੀ ਦਿਓਲ ਦੀ ਜਿੱਤ ਯਕੀਨੀ ਹੁੰਦੀ ਜਾ ਰਹੀ ਹੈ ਜਿਸ ਤੋਂ ਬਾਅਦ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਵੱਲੋਂ ਰਣਨੀਤੀ ਤਿਆਰ ਕੀਤੀ ਜਾਣ ਲੱਗ ਪਈ ਸੀ ਜਿਸ ਤਹਿਤ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੋ ਰੈਲੀਆਂ ਭੋਆ ਹਲਕੇ ਅਤੇ ਬਟਾਲਾ ਵਿਖੇ ਰੱਖੀਆਂ ਗਈਆਂ ਸਨ।

ਕੈਪਟਨ ਦੀਆਂ ਹੋਈਆਂ ਰੈਲੀਆਂ ਨੇ ਵੀ ਜਾਖੜ ਦੀ ਚੋਣ ਮੁਹਿੰਮ ਵਿੱਚ ਜਾਨ ਪਾਉਣ ਦਾ ਕੰਮ ਕੀਤਾ ਸੀ ਪਰ ਓਧਰ ਸੰਨੀ ਦਿਓਲ ਲਈ ਪ੍ਰਚਾਰ ਕਰਨ ਵਾਸਤੇ ਧਰਮਿੰਦਰ ਅਤੇ ਬੌਬੀ ਦਿਓਲ ਦੇ ਵੀ ਚੋਣ ਮੈਦਾਨ ਵਿੱਚ ਨਿਤਰਨ ਕਰਕੇ ਕਿਸੇ ਵੇਲੇ ਤਾਂ ਇਹ ਪ੍ਰਤੀਤ ਹੁੰਦਾ ਸੀ ਕਿ ਦੋਵਾਂ ਵਿੱਚ ਟੱਕਰ ਜ਼ਬਰਦਸਤ ਹੁੰਦੀ ਜਾ ਰਹੀ ਹੈ। ਪਰ ਹੁਣ ਜਿਸ ਤਰ੍ਹਾਂ ਬੀਤੀ ਕੱਲ੍ਹ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪਠਾਨਕੋਟ ਵਿਖੇ ਜਾਖੜ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਅਤੇ ਜਿਸ ਤਰ੍ਹਾਂ ਇਸ ਸ਼ੋਅ ਨੂੰ ਹੁੰਗਾਰਾ ਮਿਲਿਆ ਹੈ ਉਸ ਨੇ ਫੇਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪ੍ਰਿਯੰਕਾ ਗਾਂਧੀ ਦੀ ਫੇਰੀ ਨੇ ਜਾਖੜ ਦੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ ਤੇ ਸਿਆਸੀ ਪੰਡਤਾਂ ਵੱਲੋਂ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਕਿ ਜੇਕਰ ਇਹ ਇਕੱਠ ਵੋਟਾਂ ਵਿੱਚ ਬਦਲ ਜਾਂਦਾ ਹੈ ਤਾਂ ਨਤੀਜੇ ਲੱਗ ਰਹੇ ਕਿਆਸ ਤੋਂ ਵੱਖਰੇ ਵੀ ਹੋ ਸਕਦੇ ਹਨ। ਹੁਣ ਜਿਸ ਤਰ੍ਹਾਂ ਕਿ ਚੋਣਾਂ ਨੂੰ ਮਹਿਜ਼ 4 ਦਿਨ ਹੀ ਰਹਿ ਗਏ ਹਨ ਤਾਂ ਦੋਵਾਂ ਉਮੀਦਵਾਰਾਂ ਵੱਲੋਂ ਆਪਣੀ ਪੂਰੀ ਤਾਕਤ ਚੋਣ ਮੈਦਾਨ ਵਿੱਚ ਝੋਂਕੀ ਜਾ ਰਹੀ ਹੈ, ਬਾਕੀ ਨਤੀਜੇ ਕਿਸ ਦੇ ਪੱਖ ਵਿੱਚ ਆਉਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਦੋਵਾਂ ਪਾਰਟੀਆਂ ਵੱਲੋਂ ਅਤੇ ਉਮੀਦਵਾਰਾਂ ਵੱਲੋਂ ਇਸ ਚੋਣ ਨੂੰ ਆਪਣੇ ਨੱਕ ਦਾ ਸਵਾਲ ਜ਼ਰੂਰ ਬਣਾਇਆ ਗਿਆ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।