ਜੇਕਰ, ਪ੍ਰਿਅੰਕਾ ਤੇ ਰਾਹੁਲ ਨਾਂ ਕਹਿੰਦੇ ਤਾਂ, ਸਿੱਧੂ ਨੇ ਨਹੀਂ ਸੀ ਚੜਨਾਂ ਬਠਿੰਡੇ ਦੀ ਸਟੇਜ 'ਤੇ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 15 2019 13:24
Reading time: 1 min, 52 secs

ਕਾਂਗਰਸ ਦੇ ਸਟਾਰ ਕੈਂਪੇਨਰ ਨਵਜੋਤ ਸਿੰਘ ਸਿੱਧੂ ਆਪਣੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਉਲਟ ਕੱਲ੍ਹ ਰਾਜਾ ਵਡਿੰਗ ਦੇ ਹੱਕ 'ਚ ਪ੍ਰਚਾਰ ਕਰਨ ਲਈ ਬਾਦਲਾਂ ਦੇ ਗੜ ਮੰਨੇ ਜਾਂਦੇ ਬਠਿੰਡਾ ਵਿੱਚ ਪਹੁੰਚੇ, ਕੇਵਲ ਪਹੁੰਚੇ ਹੀ ਨਹੀਂ ਬਲਕਿ, ਗਿਰਜੇ ਵੀ ਬੜੇ, ਬਾਵਜੂਦ ਸੰਘ ਖ਼ਰਾਬ ਹੋਣ ਦੇ। ਸੁਣਿਐਂ ਕਿ, ਸ਼ਾਇਦ ਸਿੱਧੂ ਨੇ ਆਪਣਾ ਪ੍ਰੋਗਰਾਮ ਕਦੇ ਵੀ ਨਹੀਂ ਬਦਲਣਾ ਜੇਕਰ, ਉੱਥੇ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਨਾਂ ਆਉਣਾ ਹੁੰਦਾ ਤਾਂ। 

ਭਾਵੇਂ ਕਿ ਅਧਿਕਾਰਕ 'ਤੇ ਕੋਈ ਵੀ ਸੀਨੀਅਰ ਕਾਂਗਰਸੀ ਇਸ ਗੱਲ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ ਪਰ, ਮੋਤੀ ਮਹਿਲ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ, ਜੇਕਰ ਖ਼ੁਦ ਪ੍ਰਿਅੰਕਾ ਤੇ ਰਾਹੁਲ ਗਾਂਧੀ ਨਾਂ ਆਖਦੇ ਤਾਂ ਨਵਜੋਤ ਸਿੰਘ ਸਿੱਧੂ ਨੇ ਕਦੇ ਵੀ ਬਠਿੰਡੇ ਦੀ ਸਟੇਜ 'ਤੇ ਨਹੀਂ ਚੜਨਾਂ, ਪ੍ਰਚਾਰ ਲਈ ਮਾਈਕ ਫੜਨਾ ਤਾਂ ਬੜੇ ਦੂਰ ਦੀ ਗੱਲ। 

ਸਿਆਸੀ ਚੂੰਢੀਮਾਰਾਂ ਅਨੁਸਾਰ, ਸਿੱਧੂ ਨੇ ਅਕਾਲੀਆਂ 'ਤੇ ਤਵਾ ਲਗਾਉਣ ਦੇ ਨਾਲ ਨਾਲ, ਗੱਲਾਂ ਹੀ ਗੱਲਾਂ ਵਿੱਚ ਬਾਦਲਾਂ ਦੇ ਵਿੱਚੋਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚੂੰਢੀਆਂ ਵੱਢਦੇ ਨਜ਼ਰ ਆਏ, ਉਹ ਵੀ ਵੱਖੀਆਂ 'ਚ। ਸੁਣਿਐਂ ਕਿ, ਰਾਜਾ ਜੀ ਸਿਵਾਏ ਕਚੀਚੀਆਂ ਲੈਣ ਦੇ ਸਿੱਧੂ ਨੂੰ ਕੁਝ ਵੀ ਨਹੀਂ ਆਖ ਸਕੇ। ਚੂੰਢੀਮਾਰਾਂ ਦਾ ਮੰਨਣੈ ਕਿ, ਆਖ ਵੀ ਨਹੀਂ ਸਨ ਸਕਦੇ ਕਿਉਂਕਿ, ਸਿੱਧੂ ਦੇ ਸਿਰ 'ਤੇ ਉਨ੍ਹਾਂ ਦੇ ਅਸਲ ਕੈਪਟਨ ਦਾ ਅਸ਼ੀਰਵਾਦ ਜੋ ਸੀ। 

ਸਿੱਧੂ ਦੀਆਂ ਖਰੀਆਂ ਖੋਟੀਆਂ ਸੁਣਕੇ '' ਆਖਾਂ ਧੀ ਨੂੰ, ਸੁਣਾਵਾਂ ਨੂੰਹ ਨੂੰ'' ਵਾਲੀ ਕਹਾਵਤ ਉਸ ਵੇਲੇ ਯਾਦ ਆ ਗਈ ਜਦੋਂ ਉਨ੍ਹਾਂ ਨੇ, ਕੈਪਟਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇੱਥੋਂ ਤੱਕ ਆਖ ਦਿੱਤਾ ਕਿ, ਜੇਕਰ ਰਾਜਾ ਵੜਿੰਗ ਆਖੇ ਤਾਂ ਉਹ 17 ਮਈ ਨੂੰ, ਉਨ੍ਹਾਂ ਦੇ ਹੱਕ 'ਚ 10 ਰੈਲੀਆਂ ਵੀ ਕਰ ਕਰ ਸਕਦਾ ਹੈ। ਸੁਣਿਆ ਕਿ ਸਿੱਧੂ ਨੇ ਇਹ ਕਹਿਣ ਲੱਗਿਆਂ, ਰਾਜਾ ਵੜਿੰਗ ਦਾ ਨਾਮ ਬੜਾ ਘਰੋੜ ਕੇ ਲਿਆ ਸੀ। 

ਭਾਵੇਂ ਕਿ ਕੋਈ ਵੀ ਸੀਨੀਅਰ ਕਾਂਗਰਸੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਪਰ, ਦਬਵੀਂ ਅਵਾਜ਼ ਵਿੱਚ ਮੰਨਦੇ, ਸਾਰੇ ਹਨ ਕਿ, ਸਿੱਧੂ ਨੂੰ ਪੰਜਾਬ ਵਿਚਲੇ ਚੋਣ ਪ੍ਰਚਾਰ ਨੂੰ ਦੂਰ ਰਖ਼ਣਾ, ਕਾਂਗਰਸ ਦੇ ਹਿਤ ਵਿੱਚ ਨਹੀਂ ਜਾਵੇਗਾ, ਇਸ ਨਾਲ ਚੋਣ ਨਤੀਜੇ ਵੀ ਪ੍ਰਭਾਵਿਤ ਹੋ ਸਕਦੇ ਹਨ। ਸਿਆਸੀ ਪੰਡਤਾਂ ਦਾ ਇਹ ਵੀ ਮੰਨਣਾ ਹੈ ਕਿ, ਸਿੱਧੂ ਦੀ ਗਾਂਧੀ ਪਰਿਵਾਰ ਨਾਲ ਨੇੜਤਾ ਨੇ ਕਈ ਸੀਨੀਅਰ ਕਾਂਗਰਸੀਆਂ ਨੂੰ ਹਾਜ਼ਮੋਲਾ ਦੀਆਂ ਗੋਲੀਆਂ ਖਾਣ ਲਾ ਦਿੱਤਾ ਹੈ। ਸਿਆਸੀ ਚੂੰਢੀਮਾਰਾਂ ਅਨੁਸਾਰ ਸ਼ਾਇਦ ਇਹੋ ਇੱਕ ਵੱਡਾ ਕਾਰਨ ਹੈ ਕਿ, ਸਿੱਧੂ ਦੀ ਜ਼ਨਾਨੀ ਦੀ ਟਿਕਟ ਕੱਟੀ ਗਈ। ਚੋਣ ਰੈਲੀ ਵਿੱਚ ਵੀ ਇਸ ਗੱਲ ਦੀ ਚਰਚਾ ਚੱਲਦੀ ਰਹੀ ਕਿ, ਸ਼ਾਇਦ ਸਿੱਧੂ ਨੇ ਬਠਿੰਡੇ ਵੱਲ ਮੂੰਹ ਵੀ ਨਹੀਂ ਕਰਨਾ, ਜੇਕਰ ਪ੍ਰਿਅੰਕਾ ਤੇ ਰਾਹੁਲ ਨਾਂ ਬੈਠੇ ਹੁੰਦੇ ਤਾਂ।