ਤੀਬਰ ਦਸਤ ਰੋਕੂ ਪੰਦਰਵਾੜਾ 28 ਮਈ ਤੋਂ

Last Updated: May 13 2019 18:05
Reading time: 2 mins, 6 secs

0-5 ਸਾਲ ਦੇ ਬੱਚਿਆਂ ਦੀਆਂ ਜ਼ਿਆਦਾਤਰ ਮੌਤਾਂ ਡਾਇਰੀਆ ਕਾਰਨ ਹੁੰਦੀਆਂ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਤੀਬਰ ਦਸਤ ਰੋਕੂ ਪੰਦਰਵਾੜਾ ਸਬੰਧੀ ਆਯੋਜਿਤ ਵਰਕਸ਼ਾਪ ਦੌਰਾਨ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 28 ਮਈ ਤੋਂ 8 ਜੂਨ ਤੱਕ ਜ਼ਿਲ੍ਹੇ ਵਿੱਚ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਨੂੰ ਚਲਾਉਣ ਦਾ ਉਦੇਸ਼ ਡਾਇਰੀਆ ਕਾਰਨ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਜ਼ੀਰੋ ਤੇ ਲੈ ਕੇ ਆਉਣਾ ਹੈ। ਡਾ. ਬਲਵੰਤ ਸਿੰਘ ਨੇ ਕਿਹਾ ਕਿ ਡਾਇਰੀਆ ਕਾਰਨ ਸਰੀਰ ਵਿੱਚ ਹੋਈ ਪਾਣੀ ਦੀ ਕਮੀ ਨੂੰ ਪੂਰਾ ਕਰਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਰਕਸ਼ਾਪ ਦੌਰਾਨ ਹਾਜ਼ਰ ਸੀਨੀਅਰ ਮੈਡੀਕਲ ਅਫ਼ਸਰਾਂ, ਨੋਡਲ ਅਫ਼ਸਰਾਂ. ਐੱਲ.ਐੱਚ.ਵੀਜ਼. ਬੀ.ਈ.ਈਜ਼., ਸੀ.ਡੀ.ਪੀ.ਓਜ਼, ਬੀ.ਪੀ.ਈ.ਓਜ਼ ਨੂੰ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਇਆ ਜਾਵੇ। 

ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਕਿਹਾ ਕਿ ਬਦਲਦੇ ਮੌਸਮ ਵਿੱਚ ਇਸ ਬਿਮਾਰੀ ਦੇ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਗੰਭੀਰ ਸਥਿਤੀ ਵਿੱਚ ਸਰੀਰ ਦਾ ਸਾਰਾ ਪਾਣੀ ਨਿਕਲ ਜਾਣ ਕਾਰਣ ਇਹ ਜਾਨਲੇਵਾ ਵੀ ਹੋ ਸਕਦਾ ਹੈ। ਡਾ. ਆਸ਼ਾ ਮਾਂਗਟ ਨੇ ਦੱਸਿਆ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਵਾਰ ਲੋਕ ਘਰੇਲੂ ਜਾਂ ਲੋਕਲ ਡਾਕਟਰਾਂ ਕੋਲੋਂ ਇਲਾਜ ਕਰਵਾਉਂਦੇ ਰਹਿੰਦੇ ਹਨ, ਜੋ ਕਿ ਗਲਤ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਡਾਇਰੀਆ ਦਾ ਸਮੇਂ ਰਹਿੰਦਿਆਂ ਇਲਾਜ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਆਸ਼ਾ ਵੱਲੋਂ ਘਰ-ਘਰ ਜਾ ਕੇ ਵਿਜ਼ੀਟ ਕੀਤਾ ਜਾਵੇਗਾ ਤੇ 0-5 ਸਾਲ ਦੇ ਬੱਚਿਆਂ ਨੂੰ ਓ.ਆਰ.ਐੱਸ. ਦੇ ਪੈਕਿਟ ਵੰਡੇ ਜਾਣਗੇ ਅਤੇ ਉਨ੍ਹਾਂ ਨੂੰ ਇਹ ਘੋਲ ਬਣਾਉਣ ਦੀ ਵਿਧੀ ਵੀ ਦੱਸੀ ਜਾਵੇਗੀ। ਇਸ ਤੋਂ ਇਲਾਵਾ ਆਸ਼ਾ ਵੱਲੋਂ ਡਾਇਰੀਆ ਵਾਲੇ ਕੇਸਾਂ ਦੀ ਪਛਾਣ ਕਰਕੇ ਅੱਗੇ ਸਿਹਤ ਕੇਂਦਰਾਂ ਲਈ ਰੈਫ਼ਰ ਕੀਤਾ ਜਾਵੇਗਾ। ਉਨ੍ਹਾਂ ਆਰ.ਬੀ.ਐੱਸ.ਕੇ. ਟੀਮਾਂ ਅਤੇ ਸਿੱਖਿਅਕ ਸੰਸਥਾਨਾਂ ਤੋਂ ਆਏ ਨੋਡਲ ਅਫ਼ਸਰਾਂ ਨੂੰ ਕਿਹਾ ਕਿ ਉਹ ਸਕੂਲਾਂ ਵਿੱਚ ਹੈਂਡ ਵਾਸ਼ਿੰਗ ਦੀ ਮਹੱਤਾ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ।

ਬੱਚਿਆਂ ਦੇ ਮਾਹਿਰ ਡਾਕਟਰ ਕੰਵਲਜੀਤ ਕੌਰ ਵੱਲੋਂ ਵੀ ਵਿਸਥਾਰ ਨਾਲ ਡਾਇਰੀਆ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਤੇ ਦਸਤ ਵਿੱਚ ਵੀ ਦੁੱਧ ਦੇਣਾ ਬੰਦ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਦਸਤ ਹੋਣ ਤੇ ਅਕਸਰ ਬੱਚੇ ਨੂੰ ਕਾਰਬੋਨੇਟਿਡ ਡਰਿੰਕਸ (ਸਾਫਟਡ੍ਰਿੰਕਸ) ਜਾਂ ਗਲੂਕੋਜ ਦਿੱਤਾ ਜਾਂਦਾ ਹੈ, ਜੋ ਕਿ ਸਹੀ ਨਹੀਂ ਹੈ। ਡਾ. ਕੰਵਲਜੀਤ ਨੇ ਦੱਸਿਆ ਕਿ ਦਸਤ ਵਿੱਚ ਖ਼ੂਨ ਆਉਣ, ਪੇਟ ਦੀ ਚਮੜੀ ਢਿੱਲੀ ਪੈ ਜਾਣ, ਬੱਚਾ ਸੁਸਤ ਤੇ ਨਿਢਾਲ ਹੋ ਜਾਣ ਤੇ ਤੁਰੰਤ ਹੀ ਉਸ ਨੂੰ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਲੈ ਕੇ ਜਾਣਾ ਚਾਹੀਦਾ ਹੈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾਂ, ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਸੀਨੀਅਰ ਮੈਡੀਕਲ ਅਫਸਰ ਡਾ. ਰੀਟਾ ਬਾਲਾ ਜ਼ਿਲ੍ਹਾ ਮੋਨੀਟਰਿੰਗ ਐਂਡ ਇਵੈਲੂਏਸ਼ਨ ਅਫਸਰ ਰਾਮ ਸਿੰਘ, ਰਜਨੀ ਤੋਂ ਇਲਾਵਾ ਐਜੂਕੇਸ਼ਨ ਵਿਭਾਗ ਤੋਂ ਆਏ ਹੋਏ ਨੁਮਾਇੰਦੇ ਹਾਜ਼ਰ ਸਨ।