ਨਬਾਲਗ ਬੱਚਿਆਂ ਦਾ ਕੁਰਾਹੇ ਪੈਣਾ ਸਮਾਜ ਲਈ ਖਤਰੇ ਦੀ ਘੰਟੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 12 2019 13:00
Reading time: 3 mins, 40 secs

ਨਜ਼ਦੀਕੀ ਇੱਕ ਪਿੰਡ 'ਚ ਸਮਾਜ ਨੂੰ ਹਿਲਾ ਕੇ ਰੱਖ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨੇ ਲੋਕਾਂ ਨੂੰ ਗੰਭੀਰਤਾ ਨਾਲ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਹੋਵੇ ਵੀ ਕਿਉਂ ਨਾ, ਕਿਉਂਕਿ ਅੱਠਵੀਂ ਜਮਾਤ 'ਚ ਪੜਦੇ ਇੱਕ ਨਬਾਲਗ ਲੜਕੇ ਨੇ ਟਾਫੀਆਂ ਦਿਵਾਉਣ ਦੇ ਬਹਾਨੇ ਤੀਸਰੀ ਜਮਾਤ ਦੇ ਅੱਠ ਸਾਲਾਂ ਦੇ ਲੜਕੇ ਨੂੰ ਖੇਤਾਂ 'ਚ ਬਣੇ ਮੋਟਰ ਵਾਲੇ ਕਮਰੇ 'ਚ ਲਿਜਾ ਕੇ ਬਦਫੈਲੀ ਕਰਨ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਆਏ ਦਿਨ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਦੇ ਚੱਲਦੇ ਲੋਕੀ ਸੋਚਣ ਨੂੰ ਮਜ਼ਬੂਰ ਹੋ ਗਏ ਹਨ ਕਿ ਆਖਰ ਆਉਣ ਵਾਲੀ ਪੀੜੀ ਕਿਸ ਕੁਰਾਹੇ ਪੈਂਦੀ ਜਾ ਰਹੀ ਹੈ।

ਬੁੱਧੀਜੀਵੀ ਵਰਗ ਦੇ ਲੋਕ ਅਜਿਹੀਆਂ ਘਟਨਾਵਾਂ ਦੇ ਪਿੱਛੇ ਮੌਜੂਦਾ ਦੌਰ 'ਚ ਚੱਲ ਰਹੇ ਮੋਬਾਈਲ ਫੋਨਾਂ ਤੇ ਇੰਟਰਨੈਟ ਦੀ ਦੌੜ ਨੂੰ ਮੁੱਖ ਤੌਰ ਤੇ ਜ਼ਿੰਮੇਵਾਰ ਮੰਨ ਰਹੇ ਹਨ। ਕਿਉਂਕਿ ਮੌਜੂਦਾ ਸਮੇਂ 'ਚ ਹਰ ਵੱਡੇ ਨੌਜਵਾਨ ਤੋਂ ਲੈ ਕੇ ਛੋਟੇ ਬੱਚਿਆਂ ਦੇ ਹੱਥਾਂ 'ਚ ਹਰ ਸਮੇਂ ਟੱਚ ਸਕਰੀਨ ਮੋਬਾਈਲ ਫੋਨ ਜੋ ਰਹਿੰਦੇ ਹਨ। ਦੂਸਰਾ ਬਿਨਾਂ ਲਿਮਟ ਦੀ ਮਿਲ ਰਹੀ ਇੰਟਰਨੈਟ ਚਲਾਉਣ ਦੀ ਸੁਵਿਧਾ ਦੇ ਚੱਲਦੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੇਸ਼ ਦਾ ਭਵਿੱਖ ਨੌਜਵਾਨ ਪੀੜੀ ਇੰਟਰਨੈਟ ਦਾ ਪੋਰਨ ਸਾਈਟਾਂ ਦੇਖਣ ਲਈ ਇਸਤੇਮਾਲ ਨਾ ਕਰਦੇ ਹੋਣ। ਨਬਾਲਗ ਲੜਕੇ ਵੱਲੋਂ ਨਬਾਲਗ ਬੱਚੇ ਨਾਲ ਬਦਫੈਲੀ ਕਰਨ ਦੀ ਵਾਰਦਾਤ ਨੂੰ ਅੰਜ਼ਾਮ ਦੇਣਾ ਸਮਾਜ ਲਈ ਆਉਣ ਵਾਲੇ ਸਮੇਂ 'ਚ ਇੱਕ ਖਤਰੇ ਦੀ ਘੰਟੀ ਹੈ।

ਕੀ ਹੈ ਮਾਮਲਾ

ਦੱਸ ਦੇਈਏ ਕਿ ਨਜ਼ਦੀਕੀ ਰਾਏਕੋਟ ਕੋਲ ਪੈਂਦੇ ਇੱਕ ਪਿੰਡ 'ਚ ਤੀਸਰੀ ਕਲਾਸ 'ਚ ਪੜਦਾ ਕਰੀਬ 8 ਸਾਲਾਂ ਦਾ ਇੱਕ ਬੱਚਾ ਸਕੂਲ 'ਚੋਂ ਪੜਾਈ ਕਰਨ ਦੇ ਬਾਅਦ ਵਾਪਸ ਘਰ ਆ ਕੇ ਗਲੀ 'ਚ ਖੇਡ ਰਿਹਾ ਸੀ। ਇਸੇ ਦੌਰਾਨ ਅੱਠਵੀਂ ਜਮਾਤ 'ਚ ਪੜਨ ਵਾਲੇ ਮਹਿਜ਼ 14 ਸਾਲਾਂ ਦੇ ਵਿਦਿਆਰਥੀ ਨੇ ਘਰ ਨਜ਼ਦੀਕ ਗਲੀ 'ਚ ਖੇਡ ਰਹੇ ਆਪਣੇ ਹੀ ਗੁਆਂਢ 'ਚ ਰਹਿੰਦੇ ਨਬਾਲਗ ਬੱਚੇ ਨੂੰ ਖਾਣ ਲਈ ਪਹਿਲਾਂ ਟਾਫੀਆਂ ਦਿੱਤੀਆਂ। ਬਾਅਦ 'ਚ ਘੜੀ ਸਾਜਿਸ਼ ਦੇ ਤਹਿਤ ਉਹ ਨਬਾਲਗ ਬੱਚੇ ਨੂੰ ਆਪਣੇ ਸਾਈਕਲ ਤੇ ਬਿਠਾ ਕੇ ਪਿੰਡ ਤੋਂ ਬਾਹਰ ਖੇਤਾਂ 'ਚ ਬਣੇ ਮੋਟਰ ਵਾਲੇ ਕਮਰੇ ਅੰਦਰ ਲੈ ਗਿਆ ਅਤੇ ਉਸਨੇ ਬੱਚੇ ਦੇ ਨਾਲ ਜ਼ਬਰਦਸਤੀ ਕੁਕਰਮ ਜਿਹੀ ਘਿਨੌਣੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਬਦਫੈਲੀ ਕਰਨ ਦੇ ਬਾਅਦ ਉਕਤ ਲੜਕਾ ਬੱਚੇ ਨੂੰ ਇਸ ਸਬੰਧ 'ਚ ਕਿਸੇ ਨੂੰ ਨਾ ਦੱਸਣ ਦੀਆਂ ਧਮਕੀਆਂ ਦਿੰਦੇ ਹੋਏ ਉਸਦੇ ਘਰ ਕੋਲ ਛੱਡ ਕੇ ਭੱਜ ਗਿਆ।

ਬੱਚੇ ਵੱਲੋਂ ਮਾਪਿਆਂ ਨੂੰ ਦੱਸਣ ਤੇ ਹਟਿਆ ਵਾਰਦਾਤ ਤੋਂ ਪਰਦਾ

ਜਾਣਕਾਰੀ ਮੁਤਾਬਕ ਘਰ ਪਹੁੰਚੇ ਨਬਾਲਗ ਬੱਚੇ ਨੇ ਬਾਅਦ 'ਚ ਘਟਨਾ ਸਬੰਧੀ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੀ। ਜਿਸਦੇ ਬਾਅਦ ਇਸ ਘਟਨਾ ਤੋਂ ਪਰਦਾ ਉੱਠ ਗਿਆ ਅਤੇ ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧ 'ਚ ਥਾਣਾ ਰਾਏਕੋਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਨਬਾਲਗ ਬੱਚੇ ਨਾਲ ਬਦਫੈਲੀ ਕਰਨ ਦੇ ਗੰਭੀਰ ਮਾਮਲੇ ਸਬੰਧੀ ਸ਼ਿਕਾਇਤ ਮਿਲਣ ਉਪਰੰਤ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਪੀੜਤ ਬੱਚੇ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਘਟਨਾ ਸਬੰਧੀ ਜਾਣਕਾਰੀ ਜੁਟਾਈ ਗਈ ਤੇ ਆਰੋਪੀ ਨਬਾਲਗ ਲੜਕੇ ਦੇ ਖ਼ਿਲਾਫ਼ ਥਾਣਾ ਸਦਰ ਰਾਏਕੋਟ 'ਚ ਮਾਮਲਾ ਦਰਜ ਕਰ ਲਿਆ ਗਿਆ।

ਪਹਿਲਾਂ ਵੀ ਵਾਪਰ ਚੁੱਕੀਆਂ ਅਜਿਹੀਆਂ ਘਟਨਾਵਾਂ

ਇਸ ਮਾਮਲੇ ਤੋਂ ਪਹਿਲਾਂ ਵੀ ਸ਼ਹਿਰ ਅਤੇ ਆਸਪਾਸ ਦੇ ਕਈ ਇਲਾਕਿਆਂ 'ਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕੁਝ ਮਹੀਨੇ ਪਹਿਲਾਂ ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ 'ਚ ਇੱਕ ਨੌਜਵਾਨ ਵੱਲੋਂ ਪਿੰਡ ਦੇ ਹੀ ਨਬਾਲਗ ਬੱਚੇ ਨੂੰ ਖੇਤਾਂ 'ਚ ਲਿਜਾ ਕੇ ਹਵਸ ਦਾ ਸ਼ਿਕਾਰ ਬਣਾਇਆ ਗਿਆ ਸੀ। ਘਟਨਾ ਦੇ ਬਾਅਦ ਮਾਮਲਾ ਸਾਹਮਣੇ ਆਉਣ ਬਾਅਦ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸੇ ਤਰ੍ਹਾਂ ਇੱਕ ਪਿੰਡ 'ਚ ਚਾਰ ਨੌਜਵਾਨਾਂ ਵੱਲੋਂ ਆਪਣੀ ਜਮਾਤ ਦੇ ਨਬਾਲਗ ਨਾਲ ਅਸ਼ਲੀਲ ਹਰਕਤਾਂ ਤੇ ਬਦਫੈਲੀ ਕਰਨ ਦੇ ਬਾਅਦ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ।

ਜਦਕਿ ਕਈ ਸਾਲ ਪਹਿਲਾਂ ਸ਼ਹਿਰ ਦੇ ਸਮਰਾਲਾ ਰੋਡ ਰੇਲਵੇ ਓਵਰ ਬ੍ਰਿਜ ਕੋਲ ਕੁਝ ਨੌਜਵਾਨਾਂ ਨੇ ਇੱਕ ਬਾਲੜੀ ਨਾਲ ਖੇਤਾਂ 'ਚ ਬਲਾਤਕਾਰ ਕਰਨ ਦੇ ਬਾਅਦ ਉਸਦਾ ਕਤਲ ਕਰਕੇ ਲਾਸ਼ ਨੂੰ ਪਾਣੀ ਵਾਲੀ ਟੰਕੀ ਦੀ ਛੱਤ ਉੱਪਰ ਸੁੱਟ ਦਿੱਤਾ ਗਿਆ ਸੀ। ਇਸ ਮਾਮਲੇ 'ਚ ਆਰੋਪੀਆਂ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸੇ ਤਰ੍ਹਾਂ ਬੀਤੇ ਸਾਲ ਜੂਨ ਮਹੀਨੇ 'ਚ ਸ਼ਹਿਰ ਦੇ ਜੇਠੀ ਨਗਰ ਇਲਾਕੇ 'ਚੋਂ ਘਰ ਦੇ ਬਾਹਰ ਖੇਡ ਰਹੇ ਨਬਾਲਗ ਬੱਚੇ ਨੂੰ ਇਲਾਕੇ 'ਚ ਰਹਿੰਦੇ ਪ੍ਰਵਾਸੀ ਨੌਜਵਾਨ ਨੇ ਮਿਲਟਰੀ ਗਰਾਊਂਡ 'ਚ ਲਿਜਾ ਕੇ ਹਨੇਰੇ 'ਚ ਬਦਫੈਲੀ ਦਾ ਸ਼ਿਕਾਰ ਬਣਾਇਆ ਸੀ। ਬਾਅਦ 'ਚ ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।

ਕੀ ਕਹਿਣਾ ਹੈ ਮਾਮਲੇ ਦੀ ਜਾਂਚ ਕਰ ਰਹੇ ਆਈ.ਓ ਦਾ?

ਦੂਜੇ ਪਾਸੇ, ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸੁਖਬੇਗ ਸਿੰਘ ਦਾ ਕਹਿਣਾ ਹੈ ਕਿ ਪੀੜਤ ਬੱਚੇ ਦੇ ਪਿਤਾ ਦੀ ਸ਼ਿਕਾਇਤ ਤੇ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ 14 ਸਾਲਾਂ ਦੇ ਲੜਕੇ ਖ਼ਿਲਾਫ਼ ਬੱਚੇ ਨਾਲ ਗੈਰਕੁਦਰਤੀ ਢੰਗ ਨਾਲ ਕੁਕਰਮ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਪਰਚਾ ਦਰਜ ਕਰਕੇ ਆਰੋਪੀ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਪਾਸੋਂ ਮਾਮਲੇ ਸਬੰਧੀ ਪੁੱਛਗਿੱਛ ਕਰਨ ਦੇ ਉਪਰੰਤ ਆਰੋਪੀ ਨੂੰ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਪੇਸ਼ ਕਰਨ ਦੇ ਬਾਅਦ ਨਬਾਲਗ ਹੋਣ ਦੇ ਕਾਰਨ ਲੁਧਿਆਣਾ ਸਥਿਤ ਜੁਵੇਨਾਈਲ ਹੋਮ ਭੇਜ ਦਿੱਤਾ ਗਿਆ ਹੈ।