ਵੇਲੇ ਦੀ ਗੱਲ

Last Updated: May 11 2019 15:57
Reading time: 3 mins, 29 secs

ਅੱਜ ਸ਼ਾਇਦ ਬਹੁਤੀਆਂ ਕੁੜੀਆਂ ਮੇਰੀ ਇਸ ਗੱਲ ਨਾਲ ਸਹਿਮਤੀ ਨਾ ਰੱਖਣ, ਪਰ ਇਹ ਇੱਕ ਬਹੁਤ ਗੰਭੀਰ ਜਿਹਾ ਮੁੱਦਾ ਲੱਗਿਆ, ਸੋਚਿਆ ਇਹ ਗੱਲ ਵੀ ਕਰ ਲਵਾਂ। ਵੈਸੇ ਵਿਰੋਧੀ ਧਿਰ ਤਾਂ ਸਾਰੀ ਓ ਸਹਿਮਤ ਹੋ ਜਾਣੀ ਏ, ਆਖਣਗੇ ਰੁਪਿੰਦਰ ਨੇਂ ਵੀ ਬੀਬਿਆਂ ਦੇ ਹੱਕ ਦੀ ਗੱਲ ਕੀਤੀ। ਅੱਜ ਕੱਲ੍ਹ ਬਹਤੇ ਘਰਾਂ ਦੀ ਕਹਾਣੀ ਹੈ ਤੇ ਬਹੁਤਿਆਂ ਘਰਾਂ ਦੇ ਕਲੇਸ਼ ਦਾ ਕਾਰਨ ਕਿ ਉਨ੍ਹਾਂ ਦੀਆਂ ਨੂੰਹਾਂ ਤੇ ਧੀਆਂ ਨੂੰ ਰੋਟੀ ਪਾਣੀ ਨੀਂ ਕਰਨਾ ਆਉਂਦਾ। ਦੂਰੋਂ ਇੱਕ ਜਾਣਕਾਰਾਂ ਨੇਂ ਨੂੰਹ ਤੋਂ ਮੂੰਹੋਂ ਮੰਗ ਮੰਗ ਦਹੇਜ ਲਿਆ, ਹੁਣ ਨੇਪਾਲੀ ਤੋਂ ਰੋਟੀਆਂ ਬਣਵਾ-ਬਣਵਾ ਖਾਂਦੇ ਨੇਂ, ਕਹਿੰਦੇ ਕੁੜੀ ਦੇ ਮਾਪੇ ਕਹਿੰਦੇ "ਤੁਹਾਡਾ ਘਰ ਇਸ ਲਈ ਨੀਂ ਭਰਿਆ ਵੀ ਧੀ ਰੋਟੀਆਂ ਪਕਾਏ। ਹੁਣ ਗੋਡਿਆਂ 'ਚ ਮੂੰਹ ਦੇ ਕੇ ਰੋਂਦੇ ਨੇਂ ਕਹਿੰਦੇ "ਜਿਹੜੀ ਰੋਟੀ ਨੀਂ ਪਕਾਉਂਦੀ ਹੋਰ ਕੀ ਕਰੂ?

ਇੱਕ ਜਾਣਕਾਰ ਪਰਿਵਾਰ ਏ, ਨੌਕਰੀ ਕਰਦੀ ਨੂੰਹ, ਨੌਕਰੀ ਤੋਂ ਆਉਂਦਿਆਂ ਹੀ ਜਿੰਮ ਜਾਂਦੀ ਏ ਸਿੱਧੀ, ਖਾਣ ਪਕਾਉਣ ਤੋਂ ਲੈ ਕੇ ਘਰਦੇ ਸਾਰੇ ਕੰਮ ਤੇ ਨਿਆਣੇਂ ਨੂੰ ਸੰਭਾਲਣ ਦਾ ਕੰਮ ਸੱਸ ਤੇ ਸਹੁਰਾ ਕਰਦੇ ਨੇਂ।ਇਹ ਸਿਰਫ ਦੋ ਘਰਾਂ ਦੀ ਕਹਾਣੀ ਨੀਂ ਬਹੁਤੇ ਘਰਾਂ ਦੀ ਕਹਾਣੀ ਏ,  ਕੋਈ ਕਹਿੰਦਾ ਕੁੜੀਆਂ ਆਟਾ ਨੀਂ ਗੁੰਨਦੀਆਂ, ਨੌਹਾਂ 'ਚ ਫਸਦਾ, ਲਸਣ ਗੰਢੇ ਨੀਂ ਛਿੱਲਦੀਆਂ ਹੱਥਾਂ 'ਚ ਮੁਸ਼ਕ ਆਉਂਦਾ, ਰੋਟੀ ਨੀਂ ਪਕਾਉਂਦੀਆਂ, ਸੇਕ ਨਾਲ ਚਿਹਰਾ ਖਰਾਬ ਹੁੰਦਾ। ਕੋਈ ਕਹਿੰਦਾ ਇੱਕਲੀ ਮੈਗੀ ਬਣਾਉਣੀ ਆਉਂਦੀ ਏ, ਕੋਈ ਫਖਰ ਨਾਲ ਕਹਿੰਦਾ ਇੱਕਲੀ ਚਾਹ, ਕੋਈ ਕਹਿੰਦਾ ਬਰੈੱਡ ਤੇ ਜੈਮ ਲਾਕੇ ਹੀ ਕੰਮ ਚਲਾ ਲਈਦਾ।ਮੈਂ ਤਾਂ ਸੁਣ-ਸੁਣ ਹੈਰਾਨ ਹਾਂ, ਪੜੇ ਲਿਖੇ ਹੋਣ ਦਾ ਮਤਲਬ ਇਹ ਹੁੰਦਾ ਵੀ ਆਪਣੀ ਸਭ ਤੋਂ ਪਹਿਲੀ ਜ਼ਰੂਰਤ ਪੂਰੀ ਕਰਨ ਦੇ ਵੀ ਅਸੀਂ ਕਾਬਿਲ ਨਾ ਹੋਈਏ।

ਇੱਕ ਡਿਪਟੀ ਕਮਿਸ਼ਨਰ ਔਰਤਾਂ ਦੇ ਇੱਕ ਗਰੁੱਪ ਨੂੰ ਸੰਬੋਧਨ ਕਰ ਰਹੀ ਸੀ, ਔਰਤਾਂ ਕਹਿੰਦੀਆਂ ਡਿਊਟੀ ਤੋਂ ਛੋਟ ਦਿਓ, ਅਸੀਂ ਘਰ ਦੇ ਕੰਮ ਤੇ ਬੱਚੇ ਵੀ ਸੰਭਾਲਣੇਂ ਨੇਂ, ਡਿਪਟੀ ਕਮਿਸ਼ਨਰ ਦਾ ਜਵਾਬ ਸੀ, "ਮੇਰੇ ਤੇ ਤੁਹਾਡੇ ਨਾਲੋਂ ਕਿਤੇ ਵੱਧ ਕੰਮ ਦਾ ਭਾਰ ਏ ਤੇ ਘਰਦੇ ਤਕਰੀਬਨ ਸਾਰੇ ਕੰਮ ਮੈਂ ਆਪ ਹੀ ਕਰਦੀ ਹਾਂ। ਕੁਝ ਕੁ ਦਿਨ ਪਹਿਲਾਂ ਮੈਂ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਨੂੰ ਮਿਲਣ ਗਈ। ਤਕਰੀਬਨ ਤਿੰਨ ਘੰਟੇ ਦੇ ਸਮੇਂ 'ਚ ਉਨ੍ਹਾਂ ਦੀ ਪਤਨੀ ਨੇਂ ਚਾਹ ਤੋਂ ਲੈ ਕੇ ਹਰ ਖਾਣ ਵਾਲੀ ਚੀਜ਼ ਆਪ ਬਣਾਈ। ਯੂਨੀਵਰਸਿਟੀ ਤੋਂ ਰਿਟਾਇਰਡ ਵੱਡੀ ਉਮਰ 'ਚ ਉਹ ਹਰ ਕੰਮ ਆਪ ਕਰਦੇ ਨੇਂ। ਪਰ ਆਹ ਨਵਾਂ ਰਿਵਾਜ਼ ਤੁਰ ਪਿਆ ਵੀ ਜੇ ਚਾਰ ਜਮਾਤ ਪੜਕੇ ਹੀ ਬੰਦਾ ਸੋਚਦਾ ਵੀ ਮੈਂ ਰੋਟੀਆਂ ਪਕਾਉਣ ਲਈ ਥੋੜੀ ਬਣਿਆ।

ਰਸੋਈ 'ਚ ਨਿਪੁੰਨ ਹੋਣਾ ਕੋਈ ਹੇਠੀ ਨਹੀਂ ਸਗੋਂ ਤੁਹਾਡੀ ਪੜਾਈ ਲਿਖਾਈ ਤੇ ਕਾਬਲੀਅਤ ਨੂੰ ਹੋਰ ਵੀ ਸ਼ਿੰਗਾਰ ਦਿੰਦਾ ਏ, ਬੇਸ਼ੱਕ ਕੰਮਕਾਜੀ ਬੀਬੀਆਂ ਕੋਲ ਵਕਤ ਥੋੜਾ ਹੁੰਦਾ, ਤੁਸੀਂ ਜ਼ਰੂਰ ਨੌਕਰ ਰੱਖੋ ਘਰਾਂ 'ਚ, ਪਰ ਰੋਟੀ ਪਾਣੀ ਪਕਾਉਣਾ ਯਕੀਨਨ ਤੁਹਾਨੂੰ ਆਉਂਣਾ ਚਾਹੀਦਾ ਏ। ਦੁਨੀਆ ਦੇ ਉਹ ਖੁਸ਼ਨਸੀਬੀ ਵਾਲੇ ਘਰ ਹੁੰਦੇ ਨੇਂ ਜਿੱਥੇ ਥਾਲੀ ਮਾਂ, ਧੀ ਜਾਂ ਹਾਣ ਦੀ ਪਰੋਸਕੇ ਦਿੰਦੀ ਏ। ਮੈਂ ਵੀ ਪੜੀ ਲਿਖੀ ਹਾਂ, ਭਾਵੇਂ ਘਰ 'ਚ ਆਏ ਪ੍ਰਾਹੁਣੇ ਪੰਜ ਹੋਣ ਜਾਂ ਦਸ, ਅੱਜ ਤੱਕ ਕਿਸੇ ਦੇ ਮੂੰਹੋਂ ਇਹ ਨੀਂ ਕਹਾਇਆ ਕਿ ਸਾਨੂੰ ਇਹ ਜਾ ਉਹ ਨੀਂ ਪੁੱਛਿਆ ਜਾਂ ਖਵਾਇਆ। ਨਾ ਹੀ ਕਦੀ ਕਿਸੀ ਦੀ ਮਦਦ ਲਈ ਏ ਕਦੀ। ਜੋ ਨਹੀਂ ਆਉਂਦਾ ਉਹਨੂੰ ਸਿੱਖਣ 'ਚ ਸ਼ਰਮ ਕਦੀ ਨਾ ਕਰੋ, ਚਾਹੇ ਸਹੁਰੇ ਘਰ ਹੋਵੋਂ ਜਾਂ ਪੇਕੇ।

ਪਿੱਛੇ ਜਿਹੇ ਮੈਨੂੰ ਬੁਖਾਰ ਹੋਇਆ ਤਾਂ ਮਹਿਤਾਬ (ਪੰਜ ਸਾਲ) ਤੇ ਗੁਰਨੂਰ (ਦਸ ਸਾਲ) ਨੇ ਸੋਚਿਆ ਕਿ ਹੋਰ ਤਾਂ ਸਾਨੂੰ ਕੁਝ ਬਣਾਉਣਾ ਨੀਂ ਆਉਂਦਾ, ਇਸ ਲਈ ਵਿਚਾਰਿਆਂ ਨੇ ਮੈਨੂੰ ਦਿਨ 'ਚ ਦੋ ਵਾਰ ਸੈਂਡਵਿਚ ਬਣਾ ਕੇ ਖਵਾਇਆ। ਮੈਂ ਦੋਵਾਂ ਤੋਂ ਕਿੰਨੇਂ ਕੰਮਾਂ 'ਚ ਜਾਣ ਬੁੱਝ ਕੇ ਮਦਦ ਲੈਂਦੀ ਹਾਂ ਤਾਂ ਜੋ ਉਹ ਕੰਮ ਕਰਨ ਦੀ ਆਦਤ ਸਿੱਖਣ। ਬਦਲੇ 'ਚ ਕੰਮ ਕਰਵਾ ਕੇ ਕੁਝ ਪੈਸੇ ਵੀ ਦਿੰਦੀ ਹਾਂ ਤਾਂ ਜੋ ਕਿੰਨੀਂ ਮਿਹਨਤ ਨਾਲ ਪੈਸਾ ਕਮਾਇਆ ਜਾਂਦਾ ਇਹ ਸਿੱਖਣ। ਇਸ ਤਰ੍ਹਾਂ ਬੱਚਾ ਆਪਣਾ ਜੇਬ ਖਰਚ ਕਮਾਉਣਾ ਤੇ ਤਰੀਕੇ ਨਾਲ ਖਰਚਣਾ ਸਿੱਖਦਾ। ਬੇਸ਼ੱਕ ਪੈਸੇ ਅਸੀਂ ਹੀ ਦੇਣੇ ਨੇਂ ਪਰ ਤਰੀਕੇ ਨਾਲ ਦੇ ਦਿੰਦੇਂ ਹਾਂ।

ਆਹ ਜਿਹੜੇ ਕੋਕ, ਫਰੂਟੀਆਂ ਦੀਆਂ ਬੋਤਲਾਂ ਰਿਸ਼ਤੇਦਾਰਾਂ ਨੂੰ ਜ਼ਹਿਰ ਅਸੀਂ ਪਿਲਾਉਂਦੇ ਹਾਂ ਉਹ ਮੈਨੂੰ ਸਾਡੀ ਕੰਮਚੋਰੀ ਦੀ ਸਭ ਤੋਂ ਵੱਡੀ ਉਦਾਹਰਣ ਲੱਗਦੇ ਨੇਂ, ਕਿਓਂਕਿ ਸ਼ਕੰਜਵੀ, ਸ਼ੇਕ ਬਣਾਉਣ ਦੀ ਕੋਈ ਖੇਚਲ ਕਰਕੇ ਰਾਜੀ ਨਹੀਂ। ਅੱਜ ਕੱਲ੍ਹ ਤਲਾਕਾਂ ਦੇ ਜ਼ਿਆਦਾਤਰ ਕਾਰਨ ਇਹ ਨੇਂ ਕਿ ਕੁੜੀਆਂ ਘਰ ਦੇ ਕੰਮਕਾਰ ਕਰਕੇ ਰਾਜੀ ਨਹੀਂ। ਪਰ ਜੇ ਧੀਆਂ ਨੂੰ ਸੁਖੀ ਵਸਾਉਣਾ ਤਾਂ ਦੁਨੀਆ ਦੀ ਹਰ ਕਾਬਲੀਅਤ ਪੈਦਾ ਕਰਨ ਦੇ ਨਾਲ-ਨਾਲ ਸਭ ਸਹੁਰੇ ਘਰ ਭੇਜਣ ਤੋਂ ਪਹਿਲਾਂ ਰਸੋਈ ਨਾਲ ਮੁਲਾਕਾਤ ਜ਼ਰੂਰ ਕਰਵਾਓ, ਕਿਓਂਕਿ ਖੂਬਸੂਰਤੀ ਤਾਂ ਚਾਰ ਦਿਨ ਹੀ ਸੋਹਣੀ ਲੱਗਦੀ ਏ ਖਾਣੀਂ ਤਾਂ ਅਗਲਿਆਂ ਰੋਟੀ ਹੀ ਏ, ਢਿੱਡ ਤਾਂ ਉਹਨੇਂ ਹੀ ਭਰਨਾ। ਫਿਰ ਨਾ ਕਹਿਓ ਉਹ ਦਿਨ ਦੂਰ ਨਹੀਂ ਜਦ ਨਿਆਣੇਂ ਇਹ ਨਾ ਕਿਹਾ ਕਰਨਗੇ ਕਿ "ਦੁਨੀਆ 'ਚ ਸਭ ਤੋਂ ਸੁਆਦ ਰੋਟੀ ਮੇਰੀ ਮਾਂ ਬਣਾਉਂਦੀ ਸੀ, ਸਗੋਂ ਆਖਿਆ ਕਰਨਗੇ ਦੁਨੀਆ ਦਾ ਸਭ ਤੋਂ ਸੁਆਦ ਖਾਣਾ ਸਾਡਾ ਰਸੋਈਆ ਬਣਾਉਂਦਾ ਸੀ।