ਬਿਨਾਂ ਪ੍ਰਵਾਨਗੀ ਜੇਕਰ ਚੱਲਿਆ ਟੀ.ਵੀ ਤੇ ਇਸ਼ਤਿਹਾਰ ਤਾਂ ਫਸਣਗੇ ਉਮੀਦਵਾਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 11 2019 12:23
Reading time: 1 min, 33 secs

ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਦੀ ਚੋਣ ਲੜ ਰਹੇ ਕਿਸੇ ਵੀ ਉਮੀਦਵਾਰ ਵੱਲੋਂ ਇਲੈਕਟ੍ਰਾਨਿਕ ਮੀਡੀਆ 'ਤੇ ਇਸ਼ਤਿਹਾਰ ਦੇਣ ਲਈ ਜ਼ਿਲ੍ਹਾ ਪੱਧਰੀ 'ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ' (ਐਮ.ਸੀ.ਐਮ.ਸੀ) ਤੋਂ ਅਗਾਊਂ ਸਰਟੀਫਿਕੇਟ ਲੈਣਾ ਲਾਜ਼ਮੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਮੀਦਵਾਰ ਤੇ ਕਾਰਵਾਈ ਹੋਣੀ ਪੱਕੀ ਹੈ। ਜਿਸਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਲੋਕਲ ਪੱਧਰ ਤੇ ਤਿਆਰੀ ਖਿੱਚ ਲਈ ਹੈ। ਜਿਸ ਨਾਲ ਉਮੀਦਵਾਰਾਂ ਲਈ ਮੁਸ਼ਕਲਾਂ ਵਧਣਾ ਤੈਅ ਹੈ। ਚੇਅਰਮੈਨ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਦੱਸਿਆ ਕਿ ਇਸ਼ਤਿਹਾਰ ਟੈਲੀਕਾਸਟ ਹੋਣ ਤੋਂ ਤਿੰਨ ਦਿਨ ਪਹਿਲਾਂ 'ਐਮ.ਸੀ.ਐਮ.ਸੀ' ਕੋਲ ਮਨਜ਼ੂਰੀ ਲਈ ਅਪਲਾਈ ਕੀਤਾ ਜਾਣਾ ਜ਼ਰੂਰੀ ਹੈ ਅਤੇ ਕਮੇਟੀ ਵੱਲੋਂ 48 ਘੰਟੇ ਵਿੱਚ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਵੱਲੋਂ ਰੇਡੀਓ ਅਤੇ ਸਿਨੇਮਾ ਹਾਲ ਲਈ ਇਸ਼ਤਿਹਾਰ ਦੇਣ ਲਈ ਵੀ ਪ੍ਰੀ-ਸਰਟੀਫਿਕੇਸ਼ਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਵਾਨਗੀ ਲਈ ਅਰਜ਼ੀ ਦੇ ਨਾਲ ਇਸ਼ਤਿਹਾਰ ਦੀ ਹਾਰਡ ਤੇ ਸਾਫਟ ਕਾਪੀ (ਰਿਕਾਰਡਿੰਗ ਅਤੇ ਲਿਖਤੀ ਰੂਪ ਵਿੱਚ) ਦੇਣੀ ਲਾਜ਼ਮੀ ਹੋਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਨਾਲ ਸਬੰਧਤ ਕੋਈ ਵੀ ਉਮੀਦਵਾਰ ਇਲੈਕਟ੍ਰਾਨਿਕ ਮੀਡੀਆ ਆਦਿ 'ਤੇ ਅਜਿਹਾ ਕੋਈ ਇਸ਼ਤਿਹਾਰ ਦੇਣਾ ਚਾਹੁੰਦਾ ਹੈ ਤਾਂ ਉਸ ਦੀ ਮਨਜ਼ੂਰੀ ਲਈ ਪੁਰਾਣੀ ਕਚਹਿਰੀ ਕਪੂਰਥਲਾ ਵਿੱਚ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਦੇ ਸਾਹਮਣੇ ਸਥਾਪਿਤ ਕੀਤੇ ਗਏ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਸੈੱਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨਾਲ ਸਬੰਧਤ ਜੇਕਰ ਕਿਸੇ ਉਮੀਦਵਾਰ ਵੱਲੋਂ ਇਲੈਕਟ੍ਰਾਨਿਕ ਮੀਡੀਆ ਵਿੱਚ ਬਿਨਾਂ ਮਨਜ਼ੂਰੀ ਤੋਂ ਇਸ਼ਤਿਹਾਰ ਟੈਲੀਕਾਸਟ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਖਿਲਾਫ਼ ਚੋਣ ਨਿਯਮਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਨਾਲ ਸਾਫ ਹੋ ਜਾਂਦਾ ਹੈ ਕਿ ਚੋਣ ਕਮੀਸ਼ਨ ਇਸ ਵਾਰ ਹਰ ਪੱਖੋਂ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ਾਂ ਤੇ ਨੱਥ ਪਾਉਣਾ ਚਾਹੁੰਦਾ ਹੈ। ਇਸ ਲਈ ਚੋਣ ਕਮੀਸ਼ਨ ਵੱਲੋਂ ਲਗਾਤਾਰ ਨਵੇਂ-ਨਵੇਂ ਹੁਕਮ ਜਾਰੀ ਕੀਤੇ ਜਾ ਰਹੇ ਹਨ। ਜਿਸ ਨਾਲ ਬਿੱਲਕੁਲ ਲੋਕਤੰਤਰਿਕ ਤਰੀਕੇ ਨਾਲ ਚੋਣਾਂ ਕਰਵਾਇਆ ਜਾ ਸਕਣ ਅਤੇ ਵੋਟਰਾਂ ਨੂੰ ਕਿਸੇ ਵੀ ਕਿਸਮ ਦੇ ਝੂਠੇ ਸਬਜਬਾਗ ਵਿਖਾ ਕੇ ਵੋਟ ਹੱਥਿਆਉਣ ਦੀਆਂ ਕੋਸ਼ਿਸ਼ਾਂ ਤੇ ਠੱਲ੍ਹ ਪਾਉਣ ਦੇ ਨਾਲ-ਨਾਲ ਅਜਿਹੀਆਂ ਕਾਰਵਾਈਆਂ ਵਿੱਚ ਲੱਗੇ ਉਮੀਦਵਾਰ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।