ਸਿਹਤ ਵਿਭਾਗ ਮਨਾਏਗਾ ਰਾਸ਼ਟਰੀ ਪੱਧਰ 'ਤੇ 16 ਮਈ ਨੂੰ ''ਨੈਸ਼ਨਲ ਡੇਂਗੂ ਡੇ''

Last Updated: May 10 2019 17:45
Reading time: 1 min, 59 secs

ਸਿਹਤ ਵਿਭਾਗ ਵੱਲੋਂ ਫਿਰੋਜ਼ਪੁਰ ਦੇ ਵਾਸੀਆਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਤੋਂ ਬਚਾਓ ਸਬੰਧੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫਿਰੋਜ਼ਪੁਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ ਅਧੀਨ ਕੰਮ ਕਰਦੇ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਸਮੂਹ ਮਲਟੀਪਰਪਜ਼ ਹੈਲਥ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਦਫ਼ਤਰ ਸਿਵਲ ਸਰਜਨ ਫਿਰੋਜ਼ਪੁਰ ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਡਾ. ਮੀਨਾਕਸ਼ੀ ਢੀਂਗਰਾ, ਜ਼ਿਲ੍ਹਾ ਐਪੀਡੀਮਾਲੋਜਿਸਟ ਵੱਲੋਂ ਕੀਤੀ ਗਈ।

ਜਾਣਕਾਰੀ ਦਿੰਦੇ ਹੋਏ ਡਾ. ਮੀਨਾਕਸ਼ੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ''ਨੈਸ਼ਨਲ ਡੇਗੂ ਡੇ'' 16 ਮਈ 2019 ਨੂੰ ਰਾਸ਼ਟਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਤੋਂ ਬਚਾਓ ਲਈ ਇੱਕ ਐਨੀਮੇਸ਼ਨ ਫ਼ਿਲਮ ਬਣਾਈ ਗਈ ਹੈ, ਜੋ ਕਿ ਸਥਾਨਕ ਭਾਸ਼ਾ ਵਿੱਚ www.nvbdcp.gov.in ਤੇ ਡਾਊਨਲੋਡ ਕਰਕੇ ਵੇਖੀ ਜਾ ਸਕਦੀ ਹੈ। ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਾਸੀਆਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਤੋਂ ਬਚਾਓ ਸਬੰਧੀ ਜਾਗਰੂਕ ਕਰਨ ਲਈ ਇਸ ਦਫ਼ਤਰ ਵੱਲੋਂ 13 ਟੀਮਾਂ ਦਾ ਗਠਨ ਕੀਤਾ ਗਿਆ ਹੈ।

ਇਨ੍ਹਾਂ ਟੀਮਾਂ ਵੱਲੋਂ ਹਾਈ ਰਿਸਕ ਏਰੀਆ, ਸਲੱਮ ਏਰੀਆ, ਜਨਤਕ ਥਾਵਾਂ ਖ਼ਾਸਕਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਆਦਿ ਪ੍ਰਮੁੱਖ ਥਾਵਾਂ 'ਤੇ ਕੈਂਪ ਲਗਾ ਕੇ ਡੇਂਗੂ ਬੁਖ਼ਾਰ ਸਬੰਧੀ ਕੈਂਪ ਲਗਾਏ ਜਾਣਗੇ। ਇਹ ਟੀਮਾਂ ਘਰ ਘਰ ਜਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੀਆਂ ਅਤੇ ਆਈ.ਈ.ਸੀ/ ਬੀ.ਸੀ.ਸੀ, ਸੋਰਸ ਡਿਡਕਸ਼ਨ ਗਤੀਵਿਧੀਆਂ ਅਤੇ ਫੀਵਰ ਸਰਵੇ ਕਰਨਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਹਰ ਸ਼ੁੱਕਰਵਾਰ ਨੂੰ ਡਰਾਈ ਡੇ (dry day) ਘੋਸ਼ਿਤ ਕੀਤਾ ਹੋਇਆ ਹੈ। ਜਿਸ ਵਜੋਂ ਹਰ ਸ਼ੁੱਕਰਵਾਰ ਨੂੰ ਡਰਾਈ ਡੇ (dry day) ਮਨਾਇਆ ਜਾਵੇ, ਇਸ ਦੌਰਾਨ ਘਰਾਂ ਅਤੇ ਦਫ਼ਤਰਾਂ ਵਿੱਚ ਲੱਗੇ ਕੂਲਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਖਾਇਆ ਜਾਵੇ।

ਘਰਾਂ ਅਤੇ ਦਫ਼ਤਰਾਂ ਦੀ ਛੱਤ ਦੇ ਉੱਪਰ ਪਏ ਕਬਾੜ ਨੂੰ ਚੁਕਵਾਇਆ ਜਾਵੇ ਤਾਂ ਜੋ ਉਨ੍ਹਾਂ ਵਿੱਚ ਬਾਰਸ਼ ਦਾ ਪਾਣੀ ਇਕੱਠਾ ਨਾ ਹੋ ਸਕੇ। ਕੂਲਰਾਂ, ਪਾਣੀ ਦੀਆਂ ਟੈਂਕੀਆਂ, ਹੌਦੀਆਂ, ਫ਼ਰਿਜ ਪਿੱਛੇ ਲੱਗੀ ਫ਼ਾਲਤੂ ਪਾਣੀ ਦੀ ਟਰੇਆਂ ਨੂੰ ਹਫ਼ਤੇ ਵਿੱਚ 1 ਦਿਨ ਰਗੜ ਕੇ ਸਾਫ਼ ਕੀਤਾ ਜਾਵੇ। ਜੇਕਰ ਕਿਸੇ ਘਰ ਜਾਂ ਦਫ਼ਤਰ ਵਿੱਚ ਇਕੱਠੇ ਹੋਏ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਘਰ ਜਾਂ ਦਫ਼ਤਰ ਦੇ ਮੁਖੀ ਦਾ ਪੰਜਾਬ ਮਿਉਂਸਿਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ ਚਲਾਨ ਕੀਤਾ ਜਾ ਸਕਦਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾਂ ਕੇ ਡੇਂਗੂ ਦੀ ਬਿਮਾਰੀ ਤੋਂ ਬਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸਤਪਾਲ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਵਿਕਾਸ ਕਾਲੜਾ, ਮਨਜੀਤ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸ਼ਰਮਾ, ਰਵਿੰਦਰ ਕੁਮਾਰ, ਰਮਨ ਕੁਮਾਰ, ਪੁਨੀਤ ਮਹਿਤਾ, ਗੁਰਦੇਵ ਸਿੰਘ, ਵਿਕਾਸ ਕੁਮਾਰ, ਰਾਕੇਸ਼ ਕੁਮਾਰ, ਨੇਹਾ ਆਦਿ ਹਾਜ਼ਰ ਸਨ।