ਪੰਜਾਬ ਭਰ 'ਚ ਸਿਰਫ ਦੋ ਦਰਜਨ ਔਰਤਾਂ ਚੋਣ ਮੈਦਾਨ ਵਿੱਚ, 250 ਤੋਂ ਵੱਧ ਮਰਦ ਉਮੀਦਵਾਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 08 2019 19:08
Reading time: 0 mins, 57 secs

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਜੇਕਰ ਔਰਤ ਉਮੀਦਵਾਰਾਂ ਦੀ ਔਸਤਨ ਗਿਣਤੀ ਦੇਖੀ ਜਾਵੇ ਤਾਂ ਇਹ ਪ੍ਰਤੀ ਸੀਟ 2 ਤੋਂ ਵੀ ਘੱਟ ਰਹਿ ਜਾਂਦੀ ਹੈ। ਪ੍ਰਤੀ ਸੀਟ ਔਸਤ ਮਰਦ ਉਮੀਦਵਾਰਾਂ ਦੀ ਗਿਣਤੀ 20 ਦੇ ਕਰੀਬ ਹੈ। ਚੋਣ ਕਮਿਸ਼ਨ ਦੇ ਅਧਿਕਾਰਿਕ ਰਿਕਾਰਡ ਦੇ ਅਨੁਸਾਰ ਪੰਜਾਬ ਭਰ ਦੇ ਵਿੱਚ 13 ਸੀਟਾਂ ਤੇ 278 ਉਮੀਦਵਾਰ ਮੈਦਾਨ ਵਿੱਚ ਹਨ ਜਿੰਨਾ ਵਿੱਚੋਂ 25 ਔਰਤਾਂ ਅਤੇ 253 ਮਰਦ ਹਨ। ਇਹਨਾਂ 25 ਔਰਤਾਂ ਦੇ ਹਿੱਸੇ ਵਿੱਚ ਵੀ ਸਿਰਫ 9 ਹੀ ਲੋਕ ਸਭਾ ਹਲਕੇ ਹਨ ਅਤੇ ਫਿਰੋਜ਼ਪੁਰ, ਲੁਧਿਆਣਾ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਵਿੱਚ ਕੋਈ ਵੀ ਔਰਤ ਉਮੀਦਵਾਰ ਮੈਦਾਨ ਵਿੱਚ ਨਹੀਂ ਹੈ। ਪ੍ਰਮੁੱਖ ਪਾਰਟੀਆਂ ਕਾਂਗਰਸ ਦੇ ਵੱਲੋਂ ਸਿਰਫ ਮਹਾਰਾਣੀ ਪ੍ਰਨੀਤ ਕੌਰ ਦੇ ਰੂਪ ਵਿੱਚ ਇਕਲੌਤੀ ਔਰਤ ਉਮੀਦਵਾਰ ਹੈ ਜਦਕਿ ਅਕਾਲੀ ਦਲ ਵੱਲੋਂ ਬੀਬੀ ਹਰਸਿਮਰਤ ਬਾਦਲ ਅਤੇ ਬੀਬੀ ਜਗੀਰ ਕੌਰ ਦੇ ਰੂਪ ਵਿੱਚ ਦੋ ਔਰਤ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ। ਆਪ ਦੇ ਵੱਲੋਂ ਬੀਬੀ ਬਲਜਿੰਦਰ ਕੌਰ ਅਤੇ ਨੀਨਾ ਮਿੱਤਲ ਦੇ ਰੂਪ ਵਿੱਚ ਦੋ ਔਰਤ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ। ਖਡੂਰ ਸਾਹਿਬ ਅਤੇ ਅਨੰਦਪੁਰ ਹਲਕਿਆਂ ਦੇ ਵਿੱਚ ਸਭ ਤੋਂ ਵੱਧ ਪੰਜ-ਪੰਜ ਔਰਤਾਂ ਮੈਦਾਨ ਵਿੱਚ ਹਨ। ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ਦੇ ਵਿੱਚੋਂ 16 ਲੋਕ ਸਭਾ ਦੇ ਵਿੱਚ ਮਹਿਜ਼ ਦਰਜਨਭਰ ਔਰਤਾਂ ਨੇ ਸੂਬੇ ਦੀ 24 ਵਾਰ ਪ੍ਰਤੀਨਿਧਤਾ ਕੀਤੀ ਹੈ।