ਜਦੋਂ ਸਾਰੇ ਧਰਮਾਂ ਦੇ ਲੋਕਾਂ ਦਾ ਖੂਨ ਹੈ 'ਲਾਲ' ਤਾਂ ਕਿਉਂ ਪਾਈਏ ਬਿਖਰੇਵਾਂ!!!

Last Updated: May 08 2019 15:43
Reading time: 1 min, 47 secs

ਕੌਮਾਂਤਰੀ ਰੈੱਡ ਕਰਾਸ ਦਿਵਸ ਮੌਕੇ ਰੈੱਡ ਕਰਾਸ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਏ ਖ਼ੂਨਦਾਨ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਚੰਦਰ ਗੈਂਦ ਵੱਲੋਂ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਨੇ ਖ਼ੁਦ ਖ਼ੂਨ ਦੇ ਕੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ.) ਰਣਜੀਤ ਸਿੰਘ ਤੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਖ਼ੂਨਦਾਨ ਕੈਂਪ ਮੌਕੇ ਕਿਹਾ ਕਿ ਉਨ੍ਹਾਂ ਨੂੰ ਅੱਜ ਬਹੁਤ ਖ਼ੁਸ਼ੀ ਹੋਈ ਹੈ ਕਿ ਉਨ੍ਹਾਂ ਨੂੰ ਖ਼ੁਦ ਖ਼ੂਨਦਾਨ ਕਰਨ ਦਾ ਮੌਕਾ ਮਿਲਿਆ ਹੈ।

ਇਸ ਉਪਰੰਤ ਉਨ੍ਹਾਂ ਕਿਹਾ ਕਿ ਹਰੇਕ ਸਿਹਤਮੰਦ ਵਿਅਕਤੀ ਨੂੰ ਸਵੈ-ਇੱਛੁਕ ਤੌਰ 'ਤੇ ਖ਼ੂਨਦਾਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਦਾਨ ਕੀਤਾ ਗਿਆ ਖ਼ੂਨ ਕਿਸੇ ਇਨਸਾਨੀ ਸਰੀਰ ਨੂੰ ਨਵੀਂ ਜ਼ਿੰਦਗੀ ਦੇਣ ਦਾ ਮਹਾਨ ਪਰਉਪਕਾਰ ਕਰ ਸਕਦਾ ਹੈ। ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਚੰਦਰ ਗੈਂਦ ਨੇ ਸਰਕਾਰੀ ਹਸਪਤਾਲ ਦੇ ਡਾਕਟਰਾਂ, ਨਰਸਾਂ ਸਮੇਤ ਸਮੂਹ ਸਟਾਫ਼ ਨੂੰ ਵੀ ਵੱਧ ਤੋਂ ਵੱਧ ਖ਼ੂਨਦਾਨ ਕਰਨ ਲਈ ਕਿਹਾ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਬੈਜ ਵੀ ਲਗਾਏ ਤੇ ਸਰਟੀਫਿਕੇਟ ਵੀ ਦਿੱਤੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਰਸਮੀ ਤੌਰ 'ਤੇ ਰੈੱਡ ਕਰਾਸ ਦੀ ਸਥਾਪਨਾ ਜੀਨ ਹੈਨਰੀ ਡਿਊਨਾ ਵੱਲੋਂ ਇਟਲੀ ਦੇ ਕਸਬੇ ਸੈਲਫ਼ਰੀਨੋ ਵਿਖੇ 24 ਜੂਨ 1859 ਨੂੰ ਬਹੁਦੇਸ਼ੀ ਯੁੱਧ ਦੇ ਹਜ਼ਾਰਾਂ ਜ਼ਖਮੀ ਸੈਨਿਕਾਂ ਦੀ ਉੱਥੋਂ ਦੇ ਲੋਕਾਂ ਨੂੰ ਨਾਲ ਲੈ ਕੇ ਕੀਤੀ ਸਾਂਭ-ਸੰਭਾਲ ਤੇ ਇਲਾਜ ਤੋਂ ਮੰਨੀ ਜਾਂਦੀ ਹੈ, ਪਰ ਪੰਜਾਬ ਵਿੱਚ ਉਸ ਤੋਂ ਵੀ ਪਹਿਲਾਂ ਆਨੰਦਪੁਰ ਸਾਹਿਬ ਦੀ ਧਰਤੀ 'ਤੇ 18ਵੀਂ ਸਦੀ ਦੇ ਸ਼ੁਰੂ ਵਿੱਚ ਭਾਈ ਘਨੱਈਆ ਨੇ ਜ਼ਖ਼ਮੀ ਫ਼ੌਜੀਆਂ ਚਾਹੇ ਉਹ ਸਿੱਖ ਸਨ ਜਾਂ ਮੁਗ਼ਲ ਸਿਪਾਹੀ ਨੂੰ ਮਸ਼ਕ ਵਿੱਚੋਂ ਪਾਣੀ ਪਿਲਾ ਕੇ ਇਸ ਦੀ ਸ਼ੁਰੂਆਤ ਕੀਤੀ ਸੀ, ਜਿਨ੍ਹਾਂ ਨੂੰ ਅਸੀਂ ਹਰ ਸਾਲ 20 ਸਤੰਬਰ ਨੂੰ ਮਲ੍ਹਮ-ਪੱਟੀ ਦਿਵਸ ਵਜੋਂ ਮਨਾ ਕੇ ਯਾਦ ਕਰਦੇ ਹਾਂ।

ਉਨ੍ਹਾਂ ਕਿਹਾ ਕਿ 8 ਮਈ ਨੂੰ ਜਦੋਂ ਕੌਮਾਂਤਰੀ ਪੱਧਰ 'ਤੇ ਜੀਨ ਹੈਨਰੀ ਡਿਊਨਾ ਦੇ ਜਨਮ ਦਿਨ ਨੂੰ ਰੈੱਡ ਕਰਾਸ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਤਾਂ ਸਾਡਾ ਵੀ ਇਹ ਫ਼ਰਜ਼ ਬਣ ਜਾਂਦਾ ਹੈ ਕਿ ਅਸੀਂ ਵੀ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਭਲਾਈ ਲਈ ਕੰਮ ਕਰੀਏ ਤੇ ਇਸ ਨੂੰ ਸੇਵਾ ਵਜੋਂ ਲਈਏ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਦੇ ਸਕੱਤਰ ਅਸ਼ੋਕ ਬਹਿਲ, ਸੀਨੀਅਰ ਮੈਡੀਕਲ ਅਫ਼ਸਰ ਪ੍ਰਦੀਪ ਅਗਰਵਾਲ, ਡਾ. ਰਾਮੇਸ਼ਵਰ ਸਿੰਘ, ਮੈਂਬਰ ਰੈੱਡ ਕਰਾਸ ਨਰੇਸ਼ ਗਰੋਵਰ, ਡਾ. ਦਿਸਵਿਲ ਬਾਜਵਾ, ਕੇਵਲ ਕ੍ਰਿਸ਼ਨ ਕਟਾਰੀਆ, ਸੰਗੀਤਾ, ਅਮਰਜੀਤ ਸਮੇਤ ਬਲੱਡ ਬੈਂਕ ਤੇ ਲੈਬਾਰਟਰੀ ਟੈਕਨੀਸ਼ੀਅਨ ਦੇ ਅਧਿਕਾਰੀ ਵੀ ਮੌਜੂਦ ਸਨ।