ਸੰਗਤ ਦੇ ਸਹਿਯੋਗ ਨਾਲ 161 ਯੂਨਿਟ ਬਲੱਡ ਕੀਤਾ ਇਕੱਠਾ

Last Updated: May 05 2019 18:20
Reading time: 2 mins, 28 secs

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦਿੱਲੀ ਵੱਲੋਂ ਸੰਤ ਨਿਰੰਕਾਰੀ ਸਤਿਸੰਗ ਭਵਨ ਗੋਲਡਨ ਐਵੀਨਿਊ ਕਪੁਰਥਲਾ ਵਿਖੇ ਸੰਤ ਨਿਰੰਕਾਰੀ ਮੰਡਲ ਜ਼ੋਨ ਕਪੂਰਥਲਾ ਦੇ ਜੋਨਲ ਇੰਚਾਰਜ ਗੁਲਸ਼ਨ ਲਾਲ ਆਹੁਜਾ ਦੀ ਅਗੁਵਾਈ ਵਿੱਚ ਭਾਪਾ ਰਾਮ ਚੰਦ ਜੀ ਦੀ ਯਾਦ ਵਿੱਚ ਪ੍ਰੇਰਣਾ ਦਿਵਸ ਸਮਾਗਮ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਭਾਪਾ ਰਾਮ ਚੰਦ ਦਾ ਜੀਵਨ ਸਾਦਗੀ ਭਰਿਆ ਸੀ ਤੇ ਉਹ ਹਮੇਸ਼ਾ ਪ੍ਰਭੂ ਭਗਤੀ ਵਿੱਚ ਗੁਰੂ ਮਰਿਆਦਾ ਅਨੁਸਾਰ ਰਹਿੰਦੇ ਸਨ ਅਤੇ ਸਤਿਗੁਰੂ ਦੀ ਉਨ੍ਹਾਂ ਤੇ ਵਿਸ਼ੇਸ਼ ਕਿਰਪਾ ਸੀ ਤੇ ਉਹ ਕਿਸੇ ਨੂੰ ਵੀ ਕੋਈ ਆਸ਼ੀਰਵਾਦ ਦੇ ਦਿੰਦੇ ਸਨ ਤਾਂ ਉਹ ਪੂਰਾ ਹੋ ਜਾਂਦਾ ਸੀ। ਭਾਪਾ ਜੀ ਹਮੇਸ਼ਾ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਸਤਿਸੰਗ ਕਰਨ ਲਈ ਪ੍ਰੇਰਣਾ ਦਿਆ ਕਰਦੇ ਸਨ। ਇਸ ਮੌਕੇ ਤੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਨਿਰੰਜਨ ਸਿੰਘ ਆਈ.ਏ.ਐਸ ਨੇ ਕੀਤਾ। ਉਨ੍ਹਾਂ ਨੇ ਆਪਣੇ ਵਚਨਾਂ ਵਿੱਚ ਫਰਮਾਇਆ ਕਿ ਨਿਰੰਕਾਰੀ ਮਿਸ਼ਨ ਵੱਲੋਂ ਹਰ ਸਾਲ ਮਾਨਵ ਏਕਤਾ ਦਿਵਸ ਮੌਕੇ ਖੂਨਦਾਨ ਕੈਂਪਾਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ, ਜੋ ਕਿ ਸਾਰਾ ਸਾਲ ਚੱਲਦੀ ਰਹਿੰਦੀ ਹੈ। ਇਹ ਕੈਂਪ ਵੀ ਇਸੇ ਲੜੀ ਦਾ ਹਿੱਸਾ ਹੈ। ਖੂਨਦਾਨ ਦੇ ਖੇਤਰ ਵਿੱਚ ਨਿਰੰਕਾਰੀ ਮਿਸ਼ਨ ਦੁਨੀਆ ਦੀ ਮੋਹਰੀ ਸੰਸਥਾ ਹੈ। ਹੁਣ ਤੱਕ ਮਿਸ਼ਨ ਵੱਲੋਂ 6100 ਤੋਂ ਵੱਧ ਖੂਨਦਾਨ ਕੈਂਪਾਂ ਰਾਹੀਂ 11 ਲੱਖ ਤੋਂ ਵੱਧ ਯੂਨਿਟ ਖੂਨਦਾਨ ਕੀਤਾ ਗਿਆ ਹੈ ਤੇ ਇਹ ਗਿਨੀਜ਼ ਬੁੱਕ ਆਫ ਵਰਲੱਡ ਰਿਕਾਰਡਜ ਵਿੱਚ ਦਰਜ ਹੋ ਚੁੱਕਾ ਹੈ।

ਉਨ੍ਹਾਂ ਨੇ ਅੱਗੇ ਫਰਮਾਇਆ ਕਿ ਖੂਨਦਾਨ ਕੈਂਪ ਬਾਬਾ ਗੁਰਬਚਨ ਸਿੰਘ ਦੀ ਯਾਦ ਵਿੱਚ 1986 ਤੋਂ ਸ਼ੁਰੂ ਕੀਤੇ ਗਏ। ਬਾਬਾ ਗੁਰਬਚਨ ਸਿੰਘ ਕਿਹਾ ਕਰਦੇ ਸਨ ਕਿ ਸਭ ਦੀ ਤਰੱਕੀ ਹੀ ਮਾਨਵ ਏਕਤਾ ਦਾ ਅਧਾਰ ਹੈ। ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਆਪਣੇ ਬਚਨਾਂ ਵਿੱਚ ਕਿਹਾ ਕਰਦੇ ਸਨ ਕਿ ਅਗਰ ਕਿਸੇ ਬਾਗ ਵਿੱਚ ਜਾਈਏ, ਉੱਥੇ ਖਿੜੇ ਹੋਏ ਰੰਗ-ਬਿਰੰਗੇ ਫੁੱਲ ਸਾਨੂੰ ਕਿੰਨੇ ਸੋਹਣੇ ਲੱਗਦੇ ਹਨ। ਉਨ੍ਹਾਂ ਦੇ ਵੱਖ-ਵੱਖ ਰੰਗ, ਵੱਖ-ਵੱਖ ਖੁਸ਼ਬੂ, ਵੱਖ-ਵੱਖ ਆਕਾਰ ਸਾਨੂੰ ਕਿਸੇ ਤਰ੍ਹਾਂ ਵੀ ਪਰੇਸ਼ਾਨ ਨਹੀਂ ਕਰਦੇ, ਬਲਕਿ ਖੁਸ਼ੀ ਹੀ ਦਿੰਦੇ ਹਨ। ਪਰ ਇਨਸਾਨਾਂ ਦੇ ਵੱਖ-ਵੱਖ ਸਰੂਪ, ਵੱਖ-ਵੱਖ ਰੰਗ, ਵੱਖ-ਵੱਖ ਸੰਸਕ੍ਰਿਤੀ ਸਾਨੂੰ ਬਰਦਾਸ਼ਤ ਨਹੀਂ ਹੁੰਦੀ। ਇਹ ਕਿੰਨੀ ਹੈਰਾਨੀ ਦੀ ਗੱਲ ਹੈ। ਅਗਰ ਸਾਰਾ ਬਾਗ ਹੀ ਗੁਲਾਬ ਦੇ ਫੁੱਲਾਂ ਦਾ ਹੋਵੇ ਤੇ ਦੂਰ-ਦੂਰ ਤੱਕ ਗੁਲਾਬ ਹੀ ਗੁਲਾਬ ਹੋਵੇ ਫਿਰ ਵੀ ਗੁਲਾਬ ਦੇ ਫੁੱਲਾਂ ਦਾ ਰੰਗ ਵੱਖ-ਵੱਖ ਹੋ ਸਕਦਾ ਹੈ। ਵੱਖ-ਵੱਖ ਰੰਗ ਦੇ ਹੋਣ ਦੇ ਬਾਵਜੂਦ ਗੁਲਾਬ ਹੀ ਕਹਿਲਾਉੁਂਦੇ ਹਨ। ਉਨ੍ਹਾਂ ਦੇ ਵੱਖ-ਵੱਖ ਰੰਗ ਤੇ ਕਿਸਮਾਂ ਉਸ ਬਾਗ ਦਾ ਆਕਰਸ਼ਨ ਹੁੰਦੇ ਹਨ। 

ਰੰਗ-ਬਿਰੰਗੇ ਵੱਖ-ਵੱਖ ਫੁੱਲਾਂ ਦਾ ਗੁਲਦਸਤਾ ਬਣਨਾ ਹੀ ਮਾਨਵ ਏਕਤਾ ਦਾ ਪ੍ਰਤੀਕ ਹੈ। ਸੋ ਲੋੜ ਹੈ ਪ੍ਰਭੂ ਨਿਰੰਕਾਰ ਵੱਲੋਂ ਬਣਾਈ ਗਈ ਵਿਭਿੰਨਤਾ ਨੂੰ ਮਾਨਵਤਾ ਲਈ ਵਰਦਾਨ ਬਣਾਉਣ ਦੀ ਅਤੇ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਨੂੰ ਅਪਣਾ ਕੇ ਮਾਨਵ ਏਕਤਾ ਸਥਾਪਤ ਕਰਨ ਵਿੱਚ ਯੋਗਦਾਨ ਦੇਣ ਦੀ। ਇਸ ਕੈਂਪ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਵਲੰਟੀਅਰ, ਸੰਤ ਨਿਰੰਕਾਰੀ ਸੇਵਾ ਦਲ ਦੇ ਮੈਂਬਰ, ਸਾਧ ਸੰਗਤ ਨੇ ਮਿੱਲ ਕੇ 161 ਯੂਨਿਟ ਖੂਨਦਾਨ ਕੀਤਾ। ਬਲੱਡ ਬੈਂਕ ਸਿਵਲ ਹਸਪਤਾਲ ਫਗਵਾੜਾ ਤੇ ਕਪੂਰਥਲਾ ਦੀਆਂ ਟੀਮਾਂ ਨੇ ਖੂਨ ਇੱਕਤਰ ਕਰਨ ਦੀ ਸੇਵਾ ਨਿਭਾਈ। ਇਸ ਕੈਂਪ ਵਿੱਚ ਕਪੁਰਥਲਾ ਤੋਂ ਇਲਾਵਾ ਸੁਲਤਾਨਪੁਰ ਲੋਧੀ, ਰੇਲ ਕੋਚ ਫੈਕਟਰੀ, ਲੱਖਣ ਕੇ ਪੱਡੇ, ਕਰਤਾਰਪੁਰ ਤੇ ਆਸ-ਪਾਸ ਦੇ ਪਿੰਡਾਂ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਤੇ ਖੂਨਦਾਨ ਕੀਤਾ। ਇਸ ਆਯੋਜਨ ਵਿੱਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵੱਧ ਚੜ ਕੇ ਦਿੱਤੇ ਸਹਿਯੋਗ ਲਈ ਗੁਲਸ਼ਨ ਲਾਲ ਆਹੂਜਾ ਨੇ ਧੰਨਵਾਦ ਕੀਤਾ।