ਜਦੋਂ ਔਰਤਾਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਨੇ...

Last Updated: May 04 2019 13:47
Reading time: 3 mins, 16 secs

ਜਦੋਂ ਮਹਿਤਾਬ ਹੋਇਆ ਗੁਰਨੂਰ ਪੰਜ ਸਾਲ ਦੀ ਸੀ, ਦੋ ਬੱਚਿਆਂ ਦੀ ਜ਼ਿੰਮੇਵਾਰੀ ਉਪਰੋਂ ਘਰ ਦਾ ਸਾਰਾ ਕੰਮ ਇੱਕ ਤਰਾਂ ਨਾਲ ਜ਼ਿੰਦਗੀ 'ਚ ਤੂਫਾਨ ਜਿਹਾ ਆ ਗਿਆ। ਮੇਰੇ ਤੋਂ ਇਲਾਵਾ ਘਰ ਦਾ ਕੰਮ ਕਰਨ ਵਾਲਾ ਕੋਈ ਵੀ ਨਹੀਂ ਸੀ।  

ਸਵੇਰੇ ਸਵੇਰੇ ਗੁਰਨੂਰ ਨੇ ਸਕੂਲ ਜਾਣਾ, ਇਨ੍ਹਾ ਨੇ ਡਿਊਟੀ, ਜ਼ਿੰਦਗੀ ਦੀ ਰਫਤਾਰ ਮੈਟਰੋ ਟਰੇਨ ਤੋਂ ਫਾਸਟ ਹੋ ਜਾਂਦੀ। ਕਈ ਵਾਰ ਮੈਂ ਇਨ੍ਹਾ ਨੂੰ ਫੋਨ ਕਰਨਾ ਅੱਧਾ ਦਿਨ ਲੰਘਿਆਂ ਤੋਂ ਵੀ ਮੈਂ ਹਲੇ ਸਵੇਰ ਦਾ ਖਾਣਾ ਨਹੀਂ ਖਾਦਾ। ਬਸ ਸਾਰਾ ਦਿਨ ਇਹ ਵੀ ਕਰ ਲਵਾਂ, ਉਹ ਵੀ ਕੰਮ ਰਹਿ ਗਿਆ। ਇਹੀ ਚੱਲਦਾ ਰਹਿਣਾ ਦਿਮਾਗ਼ ਵਿੱਚ। 

ਛੋਟੇ ਮਹਿਤਾਬ ਕਰਕੇ ਚੰਗੀ ਤਰਾਂ ਸੌਂ ਵੀ ਨਾ ਸਕਣਾ, ਦਿਨ 'ਚ ਵੀ ਅਰਾਮ ਨਾ ਮਿਲਣਾ। ਅਚਾਨਕ ਮੈਂ ਪੰਜ ਸਾਲ ਦੀ ਗੁਰਨੂਰ ਨੂੰ ਵੱਡੀ ਸਮਝਣ ਲੱਗ ਪਈ। ਸੋਚਦੀ ਇਹ ਸ਼ਰਾਰਤ ਨਾ ਕਰੇ, ਇੰਝ ਨਾ ਕਰੇ, ਉਂਝ ਨਾ ਕਰੇ। ਪਰ ਹੈ ਤਾਂ ਉਹ ਵੀ ਬੱਚਾ ਹੀ ਸੀ। ਉਹਦੀ ਨਿੱਕੀ ਜਿਹੀ ਜ਼ਿੱਦ ਤੇ ਵੀ ਗੁੱਸਾ ਆਓਂਦਾ ਮੈਨੂੰ। ਪਰ ਫਿਰ ਮੈਂ ਹੌਲੀ ਹੌਲੀ ਆਪਣੇ ਆਪ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਇਹ ਕੁੱਝ ਸਮੇਂ ਦੀ ਕਠਿਨਾਈ ਏ। ਮੈਂ ਕਈ ਕਈ ਦਿਨ ਕਿਸੇ ਭੈਣ ਭਰਾਂ ਇੱਥੋਂ ਤੱਕ ਕਿ ਆਪਣੀ ਮਾਂ ਨੂੰ ਵੀ ਫੋਨ ਨਾ ਕਰਦੀ। 

ਉਸਤੋਂ ਦੋ ਕੁ ਸਾਲ ਬਾਅਦ ਹੀ ਅਸੀਂ ਨਵਾਂ ਘਰ ਬਣਾਉਣਾ ਸ਼ੁਰੂ ਕੀਤਾ, ਲੱਕੜੀ ਵਾਲੇ ਮਿਸਤਰੀ ਕਿਸੇ ਹੋਰ ਸ਼ਹਿਰ ਤੋਂ ਸੈਣ, ਲੱਕੜ ਦਾ ਕੰਮ ਸੱਤ ਅੱਠ ਮਹੀਨਿਆਂ 'ਚ ਹੋਇਆ, ਉਨ੍ਹਾਂ ਦੀ ਰੋਟੀ ਦੀ ਜ਼ਿੰਮੇਵਾਰੀ ਹੋਰ ਪੈ ਗਈ।
ਕੁੱਲ ਮਿਲਾਕੇ ਵਕਤ ਇਹੋ ਜਿਹਾ ਸੀ ਕਿ ਇਨ੍ਹਾਂ ਚਾਰ ਸਾਲ 'ਚ ਮੈਂ ਕਿਸੇ ਦੇ ਵਿਆਹ ਜਾਂ ਕਿਸੇ ਹੋਰ ਪਰੋਗਰਾਮ ਤੇ ਕਦੇ ਵੀ ਨਾ ਗਈ ਜਾਂ ਕਹਿ ਲਵਾਂ ਵਕਤ ਹੀ ਨਾ ਮਿਲਦਾ। 

ਉਸ ਤੋਂ ਬਾਅਦ ਮਹਿਤਾਬ ਦੇ ਬਿਮਾਰ ਹੋਣ ਤੋਂ ਅਪਰੇਸ਼ਨ ਤੱਕ ਸਭ ਇਸੇ ਤਰ੍ਹਾਂ ਦਾ ਬਹੁਤ ਰੁਝੇਵੇਂ ਭਰਿਆ ਵਕਤ ਰਿਹਾ।
ਜਦੋਂ ਔਰਤ ਇੱਕਲੀ ਹੁੰਦੀ ਏ ਕੋਈ ਮਦਦ ਕਰਨ ਵਾਲਾ ਨਾ ਹੋਵੇ ਤਾਂ ਉਹ ਇਨਾਂ ਹਾਲਾਤਾਂ 'ਚੋਂ ਅਕਸਰ ਗੁਜ਼ਰਦੀ ਏ। 
ਉਸ ਵਕਤ 'ਚ ਉਸਨੂੰ ਆਪਣਾ ਜੀਵਨ ਸਾਥੀ ਵੀ ਸੱਸ ਵਰਗਾ ਲੱਗਣ ਲੱਗ ਜਾਂਦਾ, ਉਸਤੋਂ ਵੀ ਬਿਲਕੁਲ ਉਸ ਮਦਦ ਦੀ ਆਸ ਕਰਨ ਲੱਗ ਜਾਂਦੀ ਜਿਸ ਤਰੀਕੇ ਨਾਲ ਇੱਕ ਸੱਸ ਜਾਂ ਘਰ ਦੀ ਕਿਸੇ ਹੋਰ ਔਰਤ ਤੋਂ ਆਸ ਕਰਦੀ ਏ।
ਮੇਰੇ ਰੁਝੇਵੇਂ ਅੱਜ ਵੀ ਉਹੀ ਨੇ। 

ਪਰ ਬਹੁਤ ਸਾਰੀਆਂ ਔਰਤਾਂ ਇਹੋ ਜਿਹੇ ਸਮੇਂ 'ਚ ਮਾਨਸਿਕ ਪਰੇਸ਼ਾਨੀ ਨਾਲ ਜ਼ਹਿਨੀ ਤੌਰ ਤੇ ਬਿਮਾਰ ਹੋ ਜਾਂਦੀਆਂ ਨੇ, ਜਿਸਨੂੰ ਅਸੀਂ ਸਹਿਜੇ ਤੌਰ ਤੇ ਉਸਦੇ ਸੁਭਾਅ ਦਾ ਹਿੱਸਾ ਮੰਨਕੇ   ਪਹਿਚਾਣ ਹੀ ਨਹੀਂ ਪਾਉਂਦੇ। ਔਰਤ ਖੁਦ ਆਪਣੇ ਹਾਲਾਤ ਨੂੰ ਬਿਆਨ ਨਹੀਂ ਕਰ ਪਾਉਂਦੀ। ਜਿਸ ਕਾਰਨ ਪਤੀ-ਪਤਨੀ 'ਚ ਮਾਮੂਲੀ ਤਕਰਾਰ ਤੋਂ ਲੈਕੇ ਅਖੀਰ ਗੰਭੀਰ ਮਨ-ਮੁਟਾਵ  ਰਹਿਣ ਲੱਗਦਾ ਹੈ ਕਈ ਵਾਰ। ਅੱਗੇ ਜਾਕੇ ਇਸਦੇ ਨਤੀਜੇ ਭਿਆਨਕ ਹੁੰਦੇ ਨੇ ਤੇ ਉਮੀਦਾਂ ਤੋਂ ਪਰੇ।

ਕਈ ਵਾਰ ਔਰਤਾਂ ਅਕਸਰ ਹੀ ਘਰਾਂ 'ਚ ਇਹੋ ਜਿਹੇ ਮਾਨਸਿਕ ਅੱਤਿਆਚਾਰ ਦਾ ਸ਼ਿਕਾਰ ਹੁੰਦੀਆਂ ਨੇ ਕਿ ਜੇ ਉਹ ਆਪਣੇ ਜੀਵਨ ਸਾਥੀ ਨਾਲ ਇਨਾਂ ਗੱਲਾਂ ਨੂੰ ਸਾਂਝੀਆਂ ਕਰਕੇ ਆਪਣਾ ਮਨ ਹਲਕਾ ਕਰਨਾ ਚਾਹੁੰਦੀਆਂ ਨੇ ਤਾਂ ਆਦਤਾਨਾ ਮਰਦ ਇਸਨੂੰ ਸੁਣਨਾ ਪਸੰਦ ਨਹੀਂ ਕਰਦੇ। ਚੰਗਾ ਹੁੰਦਾ ਜੇ ਉਨ੍ਹਾਂ ਗੱਲਾਂ ਨੂੰ ਧਿਆਨ ਨਾਲ ਸੁਣ ਉਸਨੂੰ ਪਿਆਰ ਤੇ ਚੰਗੀ ਸਲਾਹ ਦਿੱਤੀ ਜਾਵੇ।

ਘਰ ਦੇ ਨਿੱਕੇ ਮੋਟੇ ਕੰਮਾਂ 'ਚ ਸਾਥ ਭਾਵੇਂ ਨਾ ਦਿਓ ਪਰ ਮਾਨਸਿਕ ਤੌਰ ਤੇ ਉਸਨੂੰ ਤੁਹਾਡੇ ਨਾਲ ਗੱਲ ਕਰਕੇ ਸਕੂਨ ਮਹਿਸੂਸ ਹੋਵੇ ਇਹੋ ਜਿਹੇ ਮਿਜਾਜ ਤੁਹਾਨੂੰ ਕਰਨੇ ਪੈਣੇ ਨੇ, ਕਿਓਂਕਿ ਨਿੱਕੇ ਪਰਿਵਾਰਾਂ 'ਚ ਜੀਆਂ ਦੀ ਘਾਟ ਕਾਰਨ ਅਕਸਰ ਅਸੀਂ ਬਹੁਤ ਸਾਰਾ ਇਹੋ ਜਿਹਾ ਕੁੱਝ ਮਨ 'ਚ ਸੰਭਾਲ ਲੈਂਦੇ ਹਾਂ ਜਿਹਨੂੰ ਜੇ ਕਿਸੇ ਨਾਲ ਫਰੋਲ ਲਈਏ ਤਾਂ ਮਨ ਹਲਕਾ ਹੋ ਜਾਂਦਾ ਏ।

ਸਭ ਤੋਂ ਜ਼ਰੂਰੀ ਔਰਤਾਂ ਨੂੰ ਵਿਟਾਮਿਨ ਡੀ ਤੇ ਕੈਲਸ਼ੀਅਮ ਤੀਹ ਸਾਲ ਦੀ ਉਮਰ ਤੋਂ ਬਾਅਦ ਅਕਸਰ ਲੈਂਦੇ ਰਹਿਣਾ ਚਾਹੀਦਾ ਏ, ਉਦਾਸ ਰਹਿਣ ਦੀ ਆਦਤ, ਭੁੱਲ ਜਾਣ ਦੀ ਆਦਤ, ਥਕਾਵਟ ਤੇ ਆਲਸ ਇਸਦੀ ਕਮੀ ਦੀ ਪਹਿਲੀ ਪਹਿਚਾਣ ਏ। 
ਬੱਚਿਆਂ ਨਾਲ ਕੁੱਝ ਵਕਤ ਖੇਡਣਾ ਜਾਂ ਗੱਲਾਂ ਕਰਨੀਆਂ ਜਵਾਨ ਮਹਿਸੂਸ ਕਰਾਉਂਦਾ ਏ। 
ਤੁਹਾਨੂੰ ਗਾਉਣ ਜਾਂ ਹਲਕਾ ਫੁਲਕਾ ਨੱਚਣ ਦੀ ਆਦਤ ਹੋਣੀ ਚਾਹੀਦੀ ਏ, ਇਹ ਮਾਨਸਿਕ ਤਣਾਅ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਏ। 

ਬਾਕੀ ਰਹਿੰਦੀ ਗੱਲ ਤੇਜ਼ ਵਕਤ 'ਚ ਦੌੜਨ ਦੀ ਬਜਾਏ ਆਪਣਿਆਂ ਨੂੰ ਨਾਲ ਲੈਕੇ ਉਹਨਾਂ ਦੀ ਹਰ ਤਕਲੀਫ਼ ਸਮਝ, ਔਰਤ ਤੇ ਮਰਦ ਦੀ ਆਕੜ ਛੱਡ ਹਰ ਪੈੜ ਨੂੰ ਇੱਕਠੀ ਪੁੱਟਣਾ ਹੀ ਸਮਝਦਾਰੀ ਏ... 
ਉਹਨੂੰ ਇੰਨਾ ਕਹਿਣਾ ਹੀ ਬਹੁਤ ਹੁੰਦਾ, "ਕੋਈ ਵੀ ਪਲ ਹੋਵੇ ਮੈਂ ਤੇਰੇ ਨਾਲ ਹਾਂ, ਦੁੱਖ ਹੋਵੇ ਜਾਂ ਸੁੱਖ ਕਦੇ ਘਬਰਾਈਂ ਨਾ।
ਬਸ ਇੰਨਾਂ ਕਹਿਣ ਨਾਲ ਹੀ ਹਰ ਉਲਝਣ ਸੁਲਝ ਜਾਂਦੀ ਏ ਕਈ ਵਾਰ। ਸ਼ਾਇਦ ਭਵਿੱਖ 'ਚ ਬਹੁਤ ਵੱਡੀਆਂ ਸਮੱਸਿਆਵਾਂ ਕਦੀ ਨਹੀਂ ਆਉਣਗੀਆਂ ਫਿਰ।