ਹਾਈਕਮਾਂਡ ਦੇ ਮੋਢਿਆਂ ਤੇ ਰੱਖ ਕੇ ਵਿਭੀਸ਼ਣਾਂ ਨੂੰ ਫੁੰਡਣਗੇ ਕੈਪਟਨ ਅਮਰਿੰਦਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 25 2019 12:45
Reading time: 1 min, 42 secs

ਸਿਆਣਿਆਂ ਤੋਂ ਇਹੀ ਸੁਣਿਐ ਕਿ, ਲੰਕਾ ਪਤੀ ਰਾਵਣ ਨੇ ਕਦੇ ਨਹੀਂ ਸੀ ਮਰਨਾ, ਜੇਕਰ ਵਿਭੀਸ਼ਣ ਨਾ ਹੁੰਦਾ ਤਾਂ। ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ, ਵਿਭੀਸ਼ਣ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਦਗੀ ਵਿੱਚ ਵੀ ਬੜੇ ਹਨ, ਪਰ ਪੂਰੇ ਦਾਅਵੇ ਨਹੀਂ ਕਿਹਾ ਜਾ ਸਕਦਾ ਕਿ, ਉਹ ਵਿਭੀਸ਼ਣ ਵੀ ਰਾਵਣ ਵਾਂਗ ਹੀ ਉਨ੍ਹਾਂ ਦੀ ਸਿਆਸੀ ਮੌਤ ਦਾ ਕਾਰਨ ਨਹੀਂ ਬਣਨਗੇ। 

ਜੇਕਰ ਮੋਤੀ ਮਹਿਲ ਦੇ ਸੂਤਰਾਂ ਦੀ ਮੰਨੀਏ ਤਾਂ, ਪਿਛਲੇ ਲਗਭਗ ਦੋ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਵਿਭੀਸ਼ਣਾਂ ਦੀ ਪੂਰੀ ਪਹਿਚਾਣ ਕਰ ਲਈ ਹੈ, ਜਿਹੜੇ ਕਿ ਉਨ੍ਹਾਂ ਦੇ ਸਿਆਸੀ ਨੁਕਸਾਨ ਦੀ ਵੱਡੀ ਵਜ੍ਹਾ ਬਣ ਸਕਦੇ ਹਨ। ਦੋਸਤੋ, ਇੱਕ ਬੜੀ ਟੇਢੀ ਜਿਹੀ ਕਹਾਵਤ ਹੈ, ਲੱਗਦਾ ਨਹੀਂ ਤੁਸੀਂ ਕਦੇ ਸੁਣੀ ਹੋਵੇਗੀ ਕਿ, ਸੱਪ, ਬੋਤਾ ਤੇ ਫ਼ੌਜੀ ਕਦੇ ਵੀ ਆਪਣੇ ਦੁਸ਼ਮਣ ਤੇ ਦੁਸ਼ਮਣੀ ਨਹੀਂ ਭੁੱਲਦੇ। ਜਦੋਂ ਵੀ ਮੌਕਾ ਮਿਲਦੈ, ਉਹ ਉਸਨੂੰ ਰਸਤੇ 'ਚੋਂ ਹਟਾ ਹੀ ਦਿੰਦੇ ਹਨ। 

ਸਿਆਸੀ ਚੂੰਢਮਾਰਾਂ ਅਨੁਸਾਰ, ਅਮਰਿੰਦਰ ਸਿੰਘ ਕੋਈ ਆਮ ਫ਼ੌਜੀ ਨਹੀਂ ਹਨ, ਉਹ ਕੈਪਟਨ ਵੀ ਰਹੇ ਹਨ ਤੇ ਨਾਲੇ ਪਟਿਆਲਾ ਰਿਆਸਤ ਦੇ ਮਹਾਰਾਜਾ ਵੀ, ਫਿਰ ਭਲਾ ਉਹ ਕਿਉਂ ਬਖ਼ਸ਼ਣਗੇ ਵਿਭੀਸ਼ਣਾਂ ਨੂੰ। ਸੁਣਿਐ ਕਿ, ਅਮਰਿੰਦਰ ਨੇ ਹਾਈਕਮਾਨ ਦੇ ਮੋਢਿਆਂ ਤੇ ਰੱਖ ਕੇ ਉਨ੍ਹਾਂ ਵਿਭੀਸ਼ਣਾਂ ਨੂੰ ਫੁੰਡਣ ਦਾ ਪੂਰਾ ਇੰਤਜ਼ਾਮ ਕਰ ਲਿਆ ਹੈ, ਜਿਹੜੇ ਕਿ, ਉਨ੍ਹਾਂ ਨੂੰ ਸਿਆਸੀ ਫ਼ਟਕਾ ਮਾਰਨ ਦੀ ਤਾਕਤ ਰੱਖਦੇ ਹਨ। ਬੱਸ ਉਹ ਇੰਤਜ਼ਾਰ ਵਿੱਚ ਹਨ, ਚੋਣਾਂ ਹੋਣ ਤੇ ਨਤੀਜੇ ਨਿਕਲ ਆਉਣ ਦੇ।

ਜੇਕਰ ਮੁੱਖ ਮੰਤਰੀ ਦੇ ਦਫ਼ਤਰੀ ਸੂਤਰਾਂ ਤੇ ਅਖ਼ਬਾਰਾਂ ਵਿੱਚ ਸੁਰਖ਼ੀਆਂ ਬਣੀਆਂ ਖ਼ਬਰਾਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਅਮਰਿੰਦਰ ਨੇ ਆਪਣੀ ਕੈਬਿਨੇਟ ਦੇ ਮੰਤਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਕਿ, ਜਿਹੜਾ ਵੀ ਮੰਤਰੀ ਆਪਣੇ ਹਲਕੇ ਵਿੱਚ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਿਹਾ ਉਹ ਉਸਦੀ ਕੁਰਸੀ ਚੱਬ ਜਾਣਗੇ।

ਸਿਆਸੀ ਪੰਡਤਾਂ ਅਨੁਸਾਰ, ਕੇਵਲ ਮੁੱਖ ਮੰਤਰੀ ਹੀ ਨਹੀਂ, ਬਲਕਿ ਉਨ੍ਹਾਂ ਦੀ ਕੈਬਨਿਟ ਨੂੰ ਵੀ ਪਤਾ ਹੈ ਕਿ, ਇਸ ਵਾਰ ਪੰਜਾਬ ਕਾਂਗਰਸ ਦੀ ਸਥਿਤੀ ਓਨੀ ਮਜ਼ਬੂਤ ਨਹੀਂ ਹੈ, ਜਿੰਨਾ ਕਿ ਦਾਅਵਾ ਕੀਤਾ ਜਾ ਰਿਹਾ ਹੈ। ਯਕੀਨਨ ਹੈ ਕਿ ਇਸ ਦਾ ਅਸਰ ਚੋਣ ਨਤੀਜਿਆਂ ਤੇ ਵੀ ਜ਼ਰੂਰ ਪਵੇਗਾ, ਤੇ ਜੇਕਰ ਚੋਣ ਨਤੀਜੇ ਮਾੜੇ ਆਏ ਤਾਂ, ਇਸ ਦੀ ਸਿੱਧੀ ਗਾਜ਼ ਕੈਬਿਨੇਟ ਮੰਤਰੀਆਂ ਤੇ ਡਿੱਗੇਗੀ ਤੇ ਖ਼ਾਸ ਕਰਕੇ ਉਨ੍ਹਾਂ ਵਿਭੀਸ਼ਣਾਂ ਤੇ ਜਿਹੜੇ ਕਿ, ਕੈਪਟਨ ਦੇ ਪੋਟਿਆਂ ਤੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।