'ਮੋਰਾਂ' ਪੁਸਤਕ ਦੀਆਂ ਅੰਗਰੇਜ਼ੀ ਅਤੇ ਪੰਜਾਬੀ ਅਨੁਵਾਦਿਤ ਪੁਸਤਕਾਂ ਦੀ ਹੋਈ ਘੁੰਡ ਚੁਕਾਈ

Last Updated: Apr 22 2019 18:59
Reading time: 2 mins, 45 secs

ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਵੱਲੋਂ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਨਾਮਵਰ ਸ਼ਾਇਰਾ ਡਾ. ਗੀਤਾ ਡੋਗਰਾ ਦੀ ਹਿੰਦੀ ਪੁਸਤਕ "ਮੋਰਾਂ" ਦੀਆਂ ਅੰਗਰੇਜ਼ੀ ਅਤੇ ਪੰਜਾਬੀ 'ਚ ਅਨੁਵਾਦਿਤ ਪੁਸਤਕਾਂ ਦੀ ਘੁੰਡ ਚੁਕਾਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ (ਰਾਸ਼ਟਰੀ ਫ਼ਿਲਮ ਐਵਾਰਡ ਜੇਤੂ) ਸਤੀਸ਼ ਚੋਪੜਾ ਦਿੱਲੀ ਤੋਂ ਬਤੌਰ ਮੁੱਖ ਮਹਿਮਾਨ ਪਹੁੰਚੇ। ਜਦਕਿ ਪ੍ਰਧਾਨਗੀ ਮੰਡਲ 'ਚ ਕੇਂਦਰ ਦੇ ਪ੍ਰਧਾਨ ਸੁਰਜੀਤ ਸਾਜਨ, ਜਨਰਲ ਸਕੱਤਰ ਸ਼ਾਇਰ ਕੰਵਰ ਇਕਬਾਲ ਸਿੰਘ, ਪ੍ਰੋਫੈਸਰ ਹਰਦਿਆਲ ਸਾਗਰ, ਪ੍ਰੋਫੈਸਰ ਕੁਲਵੰਤ ਔਜਲਾ, ਡਾ. ਧਰਮਪਾਲ ਸਾਹਿਲ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਡਾ. ਆਸਾ ਸਿੰਘ ਘੁੰਮਣ ਅਤੇ ਰੌਸ਼ਨ ਖੈੜਾ ਆਦਿ ਸੁਸ਼ੋਭਿਤ ਹੋਏ। ਇਸ ਮੌਕੇ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਵੱਲੋਂ ਕੀਤੇ "ਮੋਰਾਂ" ਦੇ ਅੰਗਰੇਜ਼ੀ ਅਨੁਵਾਦਿਤ ਪੁਸਤਕ ਬਾਰੇ ਡਾ. ਆਸਾ ਸਿੰਘ ਘੁੰਮਣ ਅਤੇ ਪੰਜਾਬੀ 'ਚ ਅਨੁਵਾਦਿਤ ਪੁਸਤਕ ਬਾਰੇ ਡਾ. ਭੁਪਿੰਦਰ ਕੌਰ ਨੇ ਆਪੋ-ਆਪਣੇ ਪਰਚੇ ਪੜ੍ਹਦੇ ਹੋਏ ਕਿਹਾ ਕਿ ਭਾਵੇਂ ਕਿਸੇ ਵੀ ਅਨੁਵਾਦਕ ਨੇ ਮੂਲ ਰਚਨਾਕਾਰ ਦੀਆਂ ਦਰਦ ਪੀੜਾਂ ਨਹੀਂ ਸਹਾਰੀਆਂ ਹੁੰਦੀਆਂ, ਪਰ ਜਦੋਂ ਅਨੁਵਾਦਕ ਇਹ ਸਮਝ ਲੈਂਦਾ ਹੈ ਕਿ ਮੂਲ ਰਚਨਾਕਾਰ ਕਿਹੜੀ ਜ਼ਰਖੇਜ਼ ਜ਼ਮੀਨ ਦਾ ਮਾਲਕ ਹੈ ਤਾਂ ਅਨੁਵਾਦ ਦਾ ਸੁਹਜ ਸੁਆਦ ਮੂਲ ਰਚਨਾ ਦੇ ਹਾਣ ਦਾ ਹੀ ਹੋ ਜਾਂਦਾ ਹੈ। ਇਸ ਲਈ ਦੋਵੇਂ ਅਨੁਵਾਦਕ ਆਪਣੇ ਕਰਮ 'ਚ ਸਫਲ ਹੋਏ ਹਨ। ਪ੍ਰੋਫੈਸਰ ਕੁਲਵੰਤ ਔਜਲਾ ਨੇ ਕਿਹਾ ਕਿ ਭਾਵੇਂ ਅਜੋਕੇ ਦੌਰ 'ਚ ਅਨੁਵਾਦਕ ਸਭਿਆਚਾਰ ਤਾਂ ਸ਼ਾਇਦ ਪੁਸਤਕਾਂ ਦਾ ਗੁਣਾਤਮਿਕ ਪੱਖੋਂ ਵਾਧਾ ਕਰਨਾ ਵੀ ਹੋ ਸਕਦਾ ਹੈ ਪਰ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਦਾ ਅਦਾਨ ਪ੍ਰਦਾਨ ਹੋਣ ਨਾਲ ਪਾਠਕਾਂ ਦੇ ਗਿਆਨ ਵਿੱਚ ਵੀ ਚੋਖਾ ਵਾਧਾ ਹੁੰਦਾ ਹੈ।

ਡਾ. ਧਰਮ ਪਾਲ ਸਾਹਿਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਮੋਰਾਂ ਦੀ ਕਹਾਣੀ ਇੱਕ ਸੱਚੀ ਪ੍ਰੇਮ ਕਹਾਣੀ ਹੈ ਜੋ ਆਪਣੀ ਕਲਾ ਅਤੇ ਸੁਹੱਪਣ ਸਮੇਤ ਮਾਂ ਜ਼ੁਬੇਦਾਂ ਦੇ ਕਾਰਣ ਕੋਠੇ ਤੋਂ ਮਹਿਲਾਂ ਦੀ ਰਾਣੀ ਬਨਣ ਤੱਕ ਦਾ ਸਫ਼ਰ ਕਰਦੀ ਹੈ। ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਨੇ ਕਿਹਾ ਕਿ ਹਿੰਦੀ ਜਾਂ ਪੰਜਾਬੀ ਕਵਿਤਾ ਨੂੰ ਅੰਗਰੇਜ਼ੀ 'ਚ ਅਨੁਵਾਦ ਕਰਨਾ ਬਹੁਤ ਹੀ ਔਖਾ ਕਾਰਜ ਹੁੰਦਾ ਹੈ। ਡਾ. ਭੁਪਿੰਦਰ ਕੌਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਲੋਕ ਹਿਤਕਾਰੀ, ਇਮਾਨਦਾਰ, ਬਹਾਦਰ ਅਤੇ ਯੋਗ ਸ਼ਾਸਕ ਸੀ। ਡਾ. ਗੀਤਾ ਡੋਗਰਾ ਨੇ ਕਿਹਾ ਕਿ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਅਤੇ ਡਾ. ਧਰਮਪਾਲ ਸਾਹਿਲ ਨੇ ਅੰਗਰੇਜ਼ੀ ਅਤੇ ਪੰਜਾਬੀ 'ਚ ਅਨੁਵਾਦ ਕਰਕੇ ਮੇਰੇ ਕਾਵਿ-ਸੰਗ੍ਰਹਿ "ਮੋਰਾਂ" ਨਾਲ ਵੱਡਾ ਇਨਸਾਫ਼ ਕੀਤਾ ਹੈ। ਡਾ. ਰਾਮ ਮੂਰਤੀ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੋ ਰਹੀ ਹੈ ਕਿ ਅੱਜ ਦਾ ਲੇਖਕ ਭਵਿੱਖਮੁਖੀ ਹੋਣ ਦੀ ਬਜਾਏ ਅਤੀਤ ਦੀਆਂ ਲਾਸ਼ਾਂ ਹੀ ਕਿਉਂ ਢੋਅ ਰਿਹਾ ਹੈ? ਇਸ ਸਮਾਗਮ ਦੇ ਮੁੱਖ ਮਹਿਮਾਨ ਸਤੀਸ਼ ਚੋਪੜਾ ਨੇ ਕਿਹਾ ਕਿ ਅਸੀਂ ਅੱਜ ਉਸ ਯੁੱਗ 'ਚ ਪ੍ਰਵੇਸ਼ ਹੋ ਰਹੇ ਹਾਂ ਜਿਸ 'ਚ ਪੜ੍ਹਨਾ ਸਰਾਪ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਨਿਜੀ ਜੀਵਨ 'ਚ ਝਾਕਣ ਦੀ ਬਜਾਏ ਉਸ ਵੱਲੋਂ ਨਿਭਾਏ ਲੋਕ ਹਿਤਕਾਰੀ ਕਾਰਜਾਂ ਨੂੰ ਆਦਰਸ਼ ਬਣਾਉਣਾ ਚਾਹੀਦਾ ਹੈ। ਉਨ੍ਹਾਂ ਮੋਰਾਂ ਦੇ ਮੂਲ ਲੇਖਕ ਅਤੇ ਅਨੁਵਾਦਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਤੀਤ ਨੂੰ ਜਾਣ ਕੇ ਹੀ ਅਸੀਂ ਚੰਗੇਰੇ ਵਰਤਮਾਨ ਨੂੰ ਸਿਰਜ ਸਕਦੇ ਹਾਂ। ਮੰਚ ਸੰਚਾਲਨ ਰਾਸ਼ਟਰੀ ਸ਼ਾਇਰ ਅਤੇ ਕੇਂਦਰ ਦੇ ਜਨਰਲ ਸਕੱਤਰ ਕੰਵਰ ਇਕਬਾਲ ਸਿੰਘ ਨੇ ਕੀਤਾ।

ਇਸ ਮੌਕੇ ਕੇਂਦਰ ਦੇ ਪ੍ਰੈੱਸ ਸੈਕਟਰੀ ਆਸ਼ੂ ਕੁਮਰਾ, ਸ਼ਹਿਬਾਜ਼ ਖ਼ਾਨ, ਸ਼ਾਇਰਾ ਅੰਮਿਤਾ ਸਾਗਰ, ਪ੍ਰਿੰਸੀਪਲ ਸੁੰਦਰ ਸਿੰਘ ਵਧਵਾ, ਚੰਨ ਮੋਮੀ, ਮਨਦੀਪ ਸਿੰਘ, ਸੁਖਪ੍ਰੀਤ ਕੌਰ, ਵਿਭਾ ਕੁਮਰੀਆ ਸ਼ਰਮਾ ਲੁਧਿਆਣਾ, ਮਹਿੰਦਰ ਠੁਕਰਾਲ, ਕ੍ਰਿਸ਼ਨ ਚੰਦ, ਡਾ. ਪਰਮਜੀਤ ਸਿੰਘ ਮਾਨਸਾ, ਐਡਵੋਕੇਟ ਚੰਦਰ ਸ਼ੇਖਰ ਸ਼ਰਮਾ, ਡਾ. ਤਰਲੋਕ ਸਿੰਘ ਬੱਲ, ਪ੍ਰੋਫੈਸਰ ਪਰਮਜੀਤ ਕੌਰ ਬਿੱਕੀ, ਬਿਕਰਮਜੀਤ ਬਿੱਕੀ, ਸ਼ਰਨਜੀਤ ਕੌਰ, ਗੁਰਮੁਖ ਸਿੰਘ ਢੋਡ, ਨਰੇਸ਼ ਸਾਂਵਲ, ਦੀਸ਼ ਦਬੂਰਜ਼ੀ, ਡਾ. ਅਵਤਾਰ ਭੰਡਾਲ, ਗੁਰਦੀਪ ਗਿੱਲ, ਮੰਗਲ ਸਿੰਘ ਭੰਡਾਲ, ਕਿਸ਼ਨ ਚੰਦ ਵਰਮਾ, ਸਮਾਜ ਸੇਵੀ ਡੋਲੀ ਹਾਂਡਾ, ਬਲਜਿੰਦਰ ਕੌਰ ਧੰਜਲ, ਕਰਨਲ ਪ੍ਰਿਥੀਪਾਲ ਸਿੰਘ, ਵਿਜੇ ਖੋਸਲਾ, ਪ੍ਰਬੋਧ ਰਾਜ, ਧਰਮਪਾਲ ਪੈਂਥਰ, ਨਿਰਵੈਰ ਸਿੰਘ, ਰਮੇਸ਼ ਵਿਨੋਦ, ਬਲਵਿੰਦਰ, ਮਨਜਿੰਦਰ ਕਮਲ, ਸੁਖਵਿੰਦਰ ਮੋਹਨ ਭਾਟੀਆ, ਨਰੇਸ਼ ਕੁਮਾਰ, ਅਲਕਾ ਰਾਣੀ, ਰਜਨੀ ਵਾਲੀਆ, ਐੱਸ ਧਵਨ ਸੀ.ਏ, ਚੰਨ ਕਮਲ, ਕੁਲਜੀਤ ਕੌਰ, ਅੰਨੂ ਪੁਰੀ, ਐਸ.ਕੇ ਅਰੋੜਾ ਹਾਜ਼ਰ ਸਨ।