ਕਦੇ ਮਰਜਾ ਚਿੜੀਆ, ਕਦੇ ਜੀਅ ਜਾ ਚਿੜੀਆ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 20 2019 14:01
Reading time: 1 min, 52 secs

ਭਾਵੇਂ ਇਸ ਨੂੰ ਕੋਈ ਲੋਕ ਸਭਾ ਚੋਣਾਂ ਜਿੱਤਣ ਦੀ ਚਿੰਤਾ ਮੰਨ ਲਵੇ ਭਾਵੇਂ ਕੁਝ ਹੋਰ ਪਰ, ਅੱਜ ਕੱਲ੍ਹ ਸੂਬਾ ਸਰਕਾਰ ਕੁਝ ਬੌਂਦਲੀ ਜਿਹੀ ਨਜ਼ਰ ਆ ਰਹੀ ਹੈ। ਹੋਰ ਤਾਂ ਹੋਰ ਉਹ ਹੁਣ ਆਪਾ ਵਿਰੋਧੀ ਫ਼ੈਸਲਿਆਂ ਤੇ ਵੀ ਉਤਰ ਆਈ ਹੈ। ਸ਼ਾਇਦ ਤੁਹਾਨੂੰ ਯਾਦ ਹੀ ਹੋਵੇਗਾ ਕਿ, ਰਾਜਾ ਜੀ ਨੇ ਮਹਿਜ਼ ਇੱਕ ਹਫ਼ਤਾ ਪਹਿਲਾਂ 12 ਅਪ੍ਰੈਲ ਨੂੰ ਸੂਬਾ ਦੇ ਸਾਰੇ ਸਰਕਾਰੀ ਵਿਭਾਗਾਂ ਨੂੰ ਇਹ ਕਹਿ ਕੇ ਵਹਟਸਐਪ ਦੀ ਵਰਤੋਂ ਬੰਦ ਕਰਨ ਦਾ ਹੁਕਮ ਦੇ ਦਿੱਤਾ ਸੀ ਕਿ ਇਸ ਐੱਪ ਦੀ ਸਰਕਾਰੀ ਕੰਮ ਕਾਜ ਲਈ ਵਰਤੋਂ ਸੁਰੱਖਿਅਤ ਨਹੀਂ ਹੈ।

ਰਾਜਾ ਜੀ ਦਾ ਮੰਨਣਾ ਸੀ ਕਿ, ਵਹਟਸਐਪ ਦੇ ਜ਼ਰੀਏ ਕੀਤੇ ਜਾਂਦੇ ਸਰਕਾਰੀ ਕੰਮ ਅਤੇ ਫ਼ੈਸਲਿਆਂ ਦੇ ਵਾਇਰਲ ਹੋ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਮੁੱਖ ਮੰਤਰੀ ਨੇ ਵਹਟਸਐਪ ਦੀ ਬਜਾਏ ਸਾਰਾ ਕੰਮਕਾਰ ਦਫ਼ਤਰੀ ਈ-ਮੇਲ ਰਾਹੀਂ ਕਰਨ ਦੇ ਹੁਕਮ ਦਿੱਤੇ ਸਨ। ਮਹਿਜ਼ ਇੱਕ ਹਫ਼ਤਾ ਹੀ ਨਹੀਂ ਸੀ ਟੱਪਿਆ ਕਿ, ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੱਥੀਂ ਕੀਤੇ ਗਏ ਫ਼ੈਸਲੇ ਵਾਪਿਸ ਲੈ ਲਿਆ ਹੈ। ਹੁਣ ਉਹ ਕਹਿੰਦੇ ਹਨ ਕਿ, ਸਰਕਾਰੀ ਕੰਮ ਪਹਿਲਾਂ ਵਾਂਗ ਹੀ ਵਹਟਸਐਪ ਰਾਹੀਂ ਕੀਤੇ ਜਾਣ। ਉਨ੍ਹਾਂ ਨੇ ਬਕਾਇਦਾ ਤੌਰ ਤੇ 12 ਅਪ੍ਰੈਲ ਦੇ ਆਪਣੇ ਫ਼ੈਸਲੇ ਨੂੰ ਰੱਦ ਕਰਨ ਦੇ ਸਰਕਾਰੀ ਹੁਕਮ ਵੀ ਜਾਰੀ ਕਰ ਦਿੱਤੇ ਹਨ। ਅਲੋਚਕਾਂ ਅਨੁਸਾਰ ਸ਼ਾਇਦ ਹੁਣ ਉਨ੍ਹਾਂ ਨੂੰ ਦਸਤਾਵੇਜ਼ਾਂ ਦੇ ਲੀਕ ਜਾਂ ਵਾਇਰਲ ਹੋਣ ਦੀ ਕੋਈ ਚਿੰਤਾ ਨਹੀਂ ਰਹੀ ਜਾਂ ਉਨ੍ਹਾਂ ਨੂੰ ਵਹਟਸਐਪ ਮੁੜ ਵਧੇਰੇ ਸੁਰੱਖਿਅਤ ਜਾਪਣ ਲੱਗ ਪਿਆ ਹੈ। ਪਤਾ ਨਹੀਂ ਕੈਪਟਨ ਅਮਰਿੰਦਰ ਪਹਿਲਾਂ ਸਹੀ ਸਨ ਜਾਂ ਹੁਣ? ਪਰ ਜੋ ਵੀ ਹੈ ਸਰਕਾਰ ਨੇ ਪਹਿਲੇ ਫ਼ੈਸਲੇ ਨੂੰ ਰੱਦ ਕਰਕੇ ਯੂ-ਟਰਨ ਮਾਰ ਲਿਆ ਹੈ। 

ਦੋਸਤੋਂ, ਮੁੱਖ ਮੰਤਰੀ ਵੱਲੋਂ ਵਹਟਸਐਪ ਦੀ ਵਰਤੋਂ ਸਬੰਧੀ ਪਹਿਲਾਂ ਲਿਆ ਫ਼ੈਸਲਾ ਸਹੀ ਜਾਂ ਉਨ੍ਹਾਂ ਦਾ ਤਾਜਾ ਫ਼ੈਸਲਾ ਇਹ ਤਾਂ ਉਹੀ ਜਾਨਣ ਪਰ ਸੁਰੱਖਿਆ ਤੇ ਖੁਫ਼ੀਆ ਤੰਤਰ ਉਨ੍ਹਾਂ ਦੇ ਤਾਜਾ ਹੁਕਮਾਂ ਨੂੰ ਮੰਦਭਾਗਾ ਹੀ ਮੰਨ ਰਿਹਾ ਹੈ। ਖੁਫ਼ੀਆ ਵਿਭਾਗ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਦਾ ਮੰਨਣਾ ਹੈ ਕਿ, ਵਹਟਸਐਪ ਦੀ ਸਰਕਾਰੀ ਕੰਮ ਕਾਜ ਲਈ ਵਰਤੋਂ ਬੇਹੱਦ ਖ਼ਤਰਨਾਕ ਹੈ, ਜਿਹੜੀ ਕਿ, ਦੇਸ਼ ਦੀ ਸੁਰੱਖਿਆ ਲਈ ਵੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਉਕਤ ਅਧਿਕਾਰੀ ਦਾ ਮੰਨਣਾ ਹੈ ਕਿ, ਵਹਟਸਐਪ ਖੁਫ਼ੀਆ ਜਾਣਕਾਰੀਆਂ ਅਤੇ ਸਰਕਾਰੀ ਦਸਤਾਵੇਜ਼ਾਂ ਦੇ ਲੀਕ ਤੇ ਵਾਇਰਲ ਹੋਣ ਦਾ ਵੱਡਾ ਕਾਰਨ ਵੀ ਬਣ ਸਕਦਾ ਹੈ। ਅਲੋਚਕ ਕਹਿੰਦੇ ਹਨ ਕਿ, ਰਾਜਾ ਜੀ ਤਾਂ ਰਾਜਾ ਜੀ ਹੀ ਹਨ, ਉਨ੍ਹਾਂ ਦਾ ਫ਼ੈਸਲਾ ਗਲਤ ਹੋਵੇ ਜਾਂ ਸਹੀ, ਸੰਤਰੀਆਂ-ਮੰਤਰੀਆਂ ਤੇ ਪਰਜਾ ਨੂੰ ਤਾਂ ਮੰਨਣਾ ਹੀ ਪੈਣੈ ਯਾਨੀ ਕਿ, ਕਦੇ ਮਰਜਾ ਚਿੜੀਆ, ਕਦੇ ਜੀਅ ਜਾ ਚਿੜੀਆ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।