ਖਰਾਬ ਲਾਈਨ ਦੀ ਰਿਪੇਅਰ ਕਰਦੇ ਸਮੇਂ ਕਰੰਟ ਲੱਗਣ ਕਾਰਨ ਲਾਈਨਮੈਨ ਦੀ ਮੌਤ

Last Updated: Apr 18 2019 16:39
Reading time: 1 min, 39 secs

ਖਰਾਬ ਬਿਜਲੀ ਸਪਲਾਈ ਲਾਈਨ ਦੀ ਰਿਪੇਅਰ ਕਰਨ ਗਏ ਪਾਵਰਕਾਮ ਦੇ ਲਾਈਨਮੈਨ ਦੀ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਇਲਾਕੇ 'ਚ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲੇ ਸਾਹਮਣੇ ਆਇਆ ਹੈ। ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਦੀ ਪਹਿਚਾਣ ਸ਼ਾਮ ਬਹਾਦੁਰ (56) ਵਾਸੀ ਪਾਵਰਕਾਮ ਕਾਲੋਨੀ, ਸਰਾਭਾ ਨਗਰ (ਲੁਧਿਆਣਾ) ਦੇ ਤੌਰ ਤੇ ਹੋਈ ਹੈ। ਹਾਦਸੇ ਸੰਬੰਧੀ ਸੂਚਨਾ ਮਿਲਣ ਦੇ ਬਾਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਬਾਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਦੇ ਮੁਤਾਬਿਕ ਹਾਦਸੇ ਦਾ ਸ਼ਿਕਾਰ ਹੋਇਆ ਬਿਜਲੀ ਮੁਲਾਜ਼ਮ ਸ਼ਾਮ ਬਹਾਦੁਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐਲ) 'ਚ ਬਤੌਰ ਲਾਈਨਮੈਨ ਕੰਮ ਕਰਦਾ ਸੀ। ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਇਲਾਕੇ 'ਚ 11 ਕੇਵੀ ਡੈਂਟਲ ਫੀਡਰ ਪਾਵਰ ਸਪਲਾਈ ਲਾਈਨ 'ਚ ਆਈ ਤਕਨੀਕੀ ਖਰਾਬੀ ਸੰਬੰਧੀ ਸ਼ਿਕਾਇਤ ਮਿਲਣ ਦੇ ਬਾਦ ਉਹ ਸਾਥੀ ਮੁਲਾਜ਼ਮਾਂ ਨਾਲ ਖਰਾਬ ਬਿਜਲੀ ਲਾਈਨ ਦੀ ਰਿਪੇਅਰ ਕਰਨ ਗਿਆ ਸੀ।

ਜਾਣਕਾਰੀ ਮੁਤਾਬਿਕ ਬਿਜਲੀ ਸਪਲਾਈ ਲਾਈਨ ਦੀ ਰਿਪੇਅਰ ਕਰਦੇ ਸਮੇਂ ਅਚਾਨਕ ਬਿਜਲੀ ਤਾਰਾਂ 'ਚ ਆਏ ਕਰੰਟ ਦਾ ਜੋਰਦਾਰ ਝਟਕਾ ਲੱਗਣ ਦੇ ਚੱਲਦੇ ਲਾਈਨਮੈਨ ਸ਼ਾਮ ਬਹਾਦਰ ਬਿਜਲੀ ਖੰਭੇ ਤੋਂ ਥੱਲੇ ਜ਼ਮੀਨ ਤੇ ਡਿੱਗਕੇ ਗੰਭੀਰ ਰੂਪ 'ਚ ਜਖਮੀ ਹੋ ਗਿਆ। ਜਿਸਨੂੰ ਉਸਦੇ ਸਾਥੀਆਂ ਨੇ ਸੰਭਾਲਦੇ ਹੋਏ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਹਾਦਸੇ ਸੰਬੰਧੀ ਸੂਚਨਾ ਮਿਲਣ ਦੇ ਬਾਦ ਥਾਣਾ ਜਮਾਲਪੁਰ ਤੋਂ ਪੁਲਿਸ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ ਪਹੁੰਚਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਇਸ ਮਾਮਲੇ ਸੰਬੰਧੀ ਪਾਵਰਕਾਮ ਦੇ ਐਸਡੀਓ ਮਹਿਤਾਬਵੀਰ ਸਿੰਘ ਦਾ ਕਹਿਣਾ ਹੈ ਕਿ 11ਕੇਵੀ ਫੀਡਰ ਲਾਈਨ ਚ ਆਈ ਖਰਾਬੀ ਨੂੰ ਰਿਪੇਅਰ ਕਰਦੇ ਸਮੇਂ ਕਰੰਟ ਲੱਗਣ ਕਾਰਨ ਲਾਈਨਮੈਨ ਸ਼ਾਮ ਬਹਾਦੁਰ ਦੀ ਮੌਤ ਹੋ ਗਈ ਹੈ। ਬਿਜਲੀ ਸਪਲਾਈ ਲਾਈਨ 'ਚ ਪਾਵਰ ਬੰਦ ਹੋਣ ਦੇ ਬਾਵਜੂਦ ਕਰੰਟ ਆਉਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਆਉਣ ਦੇ ਬਾਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਹਾਦਸੇ ਸੰਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਦੇ ਬਾਦ ਧਾਰਾ-174 ਤਹਿਤ ਕਾਰਵਾਈ ਕਰਦੇ ਹੋਏ ਹਸਪਤਾਲ ਚੋਂ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹਾਦਸੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।