ਪੇਡ ਨਿਊਜ਼ ਅਤੇ ਬਿਨ੍ਹਾਂ ਮਨਜ਼ੂਰੀ ਇਸ਼ਤਿਹਾਰ ਲਗਾਉਣ ਜਾਂ ਟੈਲੀਕਾਸਟ ਹੋਣ ਸਬੰਧੀ ਹੋਵੇਗੀ ਕਾਰਵਾਈ-ਵਧੀਕ ਜ਼ਿਲ੍ਹਾ ਅਫ਼ਸਰ ਸੰਧੂ

Last Updated: Apr 18 2019 16:28
Reading time: 1 min, 32 secs

19 ਮਈ ਨੂੰ ਲੋਕ ਸਭਾ ਚੋਣਾਂ ਲਈ ਪੈ ਰਹੀਆਂ ਵੋਟਾਂ ਦੇ ਮੱਦੇਨਜ਼ਰ ਪੇਡ ਨਿਊਜ਼ ਤੇ ਇਸ਼ਤਿਹਾਰਾਂ ਆਦਿ 'ਤੇ ਸਖ਼ਤ ਨਜ਼ਰ ਰੱਖੀ ਜਾਵੇ ਅਤੇ ਸੋਸ਼ਲ ਮੀਡੀਆ ਨੂੰ ਬਾਰੀਕੀ ਨਾਲ ਵਾਚਿਆ ਜਾਵੇ। ਇਹ ਹਦਾਇਤ ਸ਼੍ਰੀ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਥਾਨਕ ਪ੍ਰਬੰਧਕੀ ਕੰਪਲੈਕਸ ਬਲਾਕ ਵਿੱਚ ਸਥਾਪਿਤ ਮੀਡੀਆ ਸਰਟੀਫਿਕੇਸ਼ਨ ਐਂਡ ਮੋਨਟਰਿੰਗ ਕਮੇਟੀ ਵਿੱਚ ਤਾਇਨਾਤ ਅਮਲੇ ਨੂੰ ਕੀਤੀ। ਇਸ ਮੌਕੇ ਮਨਜਿੰਦਰ ਸਿੰਘ ਚੋਣ ਕਾਨੂੰਗੋ ਅਤੇ ਹਰਜਿੰਦਰ ਸਿੰਘ ਕਲਸੀ ਨੋਡਲ ਅਫ਼ਸਰ ਮੀਡੀਆ ਸਰਟੀਫਿਕੇਸ਼ਨ ਐਂਡ ਮੋਨਟਰਿੰਗ ਕਮੇਟੀ ਵੀ ਮੌਜੂਦ ਸਨ।

ਸ਼੍ਰੀ ਸੰਧੂ ਨੇ ਕਿਹਾ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਟ , ਇਲੈਕਟ੍ਰਾਨਿਕਸ ਤੇ ਸੋਸ਼ਲ ਮੀਡੀਆ ਦੀ ਨਿਗਰਾਨੀ ਕਰਨ ਲਈ ਮੀਡੀਆ ਸੈਂਟਰ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਪੇਡ ਨਿਊਜ਼ ਅਤੇ ਬਿਨ੍ਹਾਂ ਮਨਜ਼ੂਰੀ ਇਸ਼ਤਿਹਾਰ ਲਗਾਉਣ ਜਾਂ ਟੈਲੀਕਾਸਟ ਹੋਣ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਮੀਡੀਆ ਸਰਟੀਫਿਕੇਸ਼ਨ ਐਂਡ ਮੋਨਟਰਿੰਗ ਕਮੇਟੀ ਵਲੋਂ ਲਗਾਤਾਰ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। 

ਸ਼੍ਰੀ ਸੰਧੂ ਨੇ ਦੱਸਿਆ ਕਿ ਉਮੀਦਵਾਰਾਂ ਵਲੋਂ ਇਸ਼ਤਿਹਾਰ ਟੈਲੀਕਾਸਟ ਕਰਵਾਉਣ ਲਈ ਪ੍ਰੀ-ਸਰਟੀਫਿਕੇਸ਼ਨ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ਼ਤਿਹਾਰ ਟੈਲੀਕਾਸਟ ਹੋਣ ਤੋਂ ਤਿੰਨ ਦਿਨ ਪਹਿਲਾਂ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ ਨੂੰ ਮਨਜ਼ੂਰੀ ਲਈ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਐਮ.ਸੀ.ਐਮ.ਸੀ ਵਲੋਂ 48 ਘੰਟੇ ਵਿੱਚ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਕਿਹਾ ਕਿ ਮਾਣਯੋਗ ਮੁੱਖ ਚੋਣ ਕਮਿਸ਼ਨ ਪਾਸੋਂ ਪ੍ਰਾਪਤ ਹਦਾਇਤਾਂ ਅਨੁਸਾਰ ਸੋਸ਼ਲ ਮੀਡੀਆ (ਵਟਸਐਪ, ਟਵਿੱਟਰ, ਫ਼ੇਸਬੁੱਕ ਤੇ ਵੈੱਬ ਨਿਊਜ਼ ਪੋਰਟਲ ਆਦਿ), ਇਲੈੱਕਟ੍ਰਾਨਿਕ ਮੀਡੀਆ (ਰੇਡੀਉ ਤੇ ਟੀ.ਵੀ. ਆਦਿ) ਅਤੇ ਮੋਬਾਇਲ ਸੇਵਾਵਾਂ ਰਾਹੀਂ ਵੱਡੀ ਗਿਣਤੀ ਵਿੱਚ ਭੇਜੇ ਜਾਣ ਵਾਲੇ ਐਸ.ਐਮ.ਐਸ. ਅਤੇ ਪ੍ਰੀ-ਰਿਕਾਰਡਡ ਮੈਸੇਜਜ਼ ਤੇ ਵੀ ਨਜ਼ਰ ਰੱਖੀ ਜਾਵੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜੇਕਰ ਜ਼ਿਲ੍ਹੇ ਵਿੱਚ ਕੋਈ ਵੀ ਉਮੀਦਵਾਰ/ਪਾਰਟੀ ਜਾਂ ਉਨ੍ਹਾਂ ਦਾ ਹਮਾਇਤੀ ਉਨ੍ਹਾਂ ਦੇ ਹੱਕ ਵਿੱਚ ਸੋਸ਼ਲ ਮੀਡੀਆ/ਇਲੈੱਕਟ੍ਰਾਨਿਕ ਮੀਡੀਆ/ਮੋਬਾਇਲ ਸੇਵਾਵਾਂ ਰਾਹੀਂ ਅਜਿਹੀ ਕੋਈ ਵੀ ਇਸ਼ਤਿਹਾਰਬਾਜ਼ੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਬਕਾਇਦਾ ਲਿਖਤੀ ਰੂਪ ਵਿੱਚ ਉਸ ਇਸ਼ਤਿਹਾਰ ਦੀ ਰਿਕਾਰਡਿੰਗ/ਲਿਖਤੀ ਰੂਪ ਵਿੱਚ ਅਰਜ਼ੀ ਦੇ ਕੇ ਅਗਾਊਂ ਪ੍ਰਵਾਨਗੀ ਹਾਸਲ ਕਰਨੀ ਜ਼ਰੂਰੀ ਹੈ। 

ਇਸ਼ਤਿਹਾਰਾਂ ਦੀ ਮਨਜ਼ੂਰੀ ਲੈਣ ਲਈ ਕਮਰਾ ਨੰਬਰ 314, ਦੂਸਰੀ ਮੰਜ਼ਿਲ, ਬਲਾਕ ਏ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।