ਆਪ ਦੀ ਨੀਣਾ ਲਈ ਸੌਖਾ ਨਹੀਂ ਹੋਵੇਗਾ ਗਾਂਧੀ ਤੇ ਰਾਣੀ ਨੂੰ ਟੱਕਰ ਦੇਣਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 18 2019 12:11
Reading time: 1 min, 30 secs

ਭਾਵੇਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਪਟਿਆਲਾ ਵਿੱਚ ਚੋਣ ਰੈਲੀ ਦੇ ਦੌਰਾਨ ਬੜੀਆਂ ਦਹਾੜਾਂ ਮਾਰੀਆਂ ਪਰ, ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ, ਕੀ ਆਪ ਉਮੀਦਵਾਰ ਨੀਣਾ ਮਿੱਤਲ ਮਹਾਰਾਣੀ ਪ੍ਰਨੀਤ ਕੌਰ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਟੱਕਰ ਦੇ ਪਾਉਣਗੇ।

ਜੇਕਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ, ਪਟਿਆਲਾ ਸੀਟ ਨੂੰ ਮਹਾਰਾਣੀ ਦੀ ਸੀਟ ਮੰਨਿਆ ਜਾਂਦਾ ਹੈ, 2014 ਵਿੱਚ ਜਦੋਂ ਡਾ. ਗਾਂਧੀ ਨੇ ਪ੍ਰਨੀਤ ਕੌਰ ਦੇ ਗੜ ਨੂੰ ਤੋੜਨ ਵਿੱਚ ਸਫ਼ਲਤਾ ਹਾਸਲ ਕੀਤੀ ਸੀ, ਉਸ ਵੇਲੇ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਪੂਰਾ ਜ਼ੋਰ ਸੀ, ਤੇ ਪੰਜਾਬ ਦਾ ਬੱਚਾ ਬੱਚਾ ਆਮ ਆਦਮੀ ਦੀ ਪਿੱਠ ਪਿੱਛੇ ਖੜ੍ਹਾ ਨਜ਼ਰ ਆ ਰਿਹਾ ਸੀ। ਉਨ੍ਹਾਂ ਦਿਨਾਂ ਵਿੱਚ ਸੂਬੇ ਦੀ ਜਨਤਾ ਨੇ ਵੀ ਆਮ ਆਦਮੀ ਪਾਰਟੀ ਦਾ ਇੰਨਾ ਕੁ ਸਾਥ ਦਿੱਤਾ, ਜਿਸਦੀ ਕਿ ਖੁਦ ਕੇਜਰੀਵਾਲ ਨੂੰ ਵੀ ਉਮੀਦ ਨਹੀਂ ਸੀ।

ਸਿਆਸੀ ਮਾਹਿਰਾਂ ਅਨੁਸਾਰ, ਸ਼ਾਇਦ ਇਹੀ ਇੱਕ ਵੱਡੀ ਵਜ੍ਹਾ ਸੀ ਕਿ, ਆਪ ਦੇ ਹੱਕ ਵਿੱਚ ਚੱਲੀ ਹਨੇਰੀ ਦਾ ਡਾ. ਗਾਂਧੀ ਨੂੰ ਪੂਰਾ ਲਾਹਾ ਮਿਲਿਆ, ਵਰਨਾਂ ਸ਼ਾਇਦ ਗਾਂਧੀ ਲਈ ਵੀ ਔਖਾ ਹੋ ਜਾਣਾ ਸੀ ਰਾਣੀ ਨੂੰ ਹਰਾਉਣਾ। ਬਿਨਾਂ ਸ਼ੱਕ ਡਾ. ਗਾਂਧੀ ਨੇ ਪਿਛਲੇ ਪੰਜ ਸਾਲਾਂ ਦੇ ਦੌਰਾਨ ਪਟਿਆਲਾ ਲਈ ਬੜਾ ਕੁਝ ਕੀਤਾ ਹੈ, ਉਨ੍ਹਾਂ ਨੇ ਐੱਮ.ਪੀ. ਫ਼ੰਡ ਦਾ ਨਿੱਕਾ ਨਿੱਕਾ ਪੈਸਾ ਤਾਂ ਪਟਿਆਲਾ ਤੇ ਲਗਾ ਹੀ ਦਿੱਤਾ ਬਲਕਿ ਉਨ੍ਹਾਂ ਨੇ ਆਪਣੀ ਜੇਬ 'ਚੋਂ ਖ਼ਰਚਾ ਕਰਨ ਲੱਗਿਆਂ ਵੀ ਭੋਰਾ ਝਿਜਕ ਨਹੀਂ ਵਿਖਾਈ। ਸ਼ਾਇਦ ਇਹੀ ਇੱਕ ਕਾਰਨ ਹੈ ਕਿ, ਅੱਜ ਮਹਾਰਾਣੀ ਪ੍ਰਨੀਤ ਕੌਰ ਵੀ ਡਾ. ਗਾਂਧੀ ਨੂੰ ਆਪਣੀ ਟੱਕਰ ਦਾ ਉਮੀਦਵਾਰ ਮੰਨਣ ਲੱਗ ਪਏ ਹਨ।

ਸਿਆਸੀ ਮਾਹਿਰਾਂ ਅਨੁਸਾਰ, ਅੱਜ ਹਾਲਾਤ ਬਦਲ ਚੁੱਕੇ ਹਨ, ਹੁਣ ਸਿਆਸੀ ਹਵਾ ਆਮ ਆਦਮੀ ਪਾਰਟੀ ਦੇ ਉਨੀਂ ਅਨੁਕੂਲ ਨਹੀਂ ਰਹੀ ਜਿੰਨੀ ਕਿ, 2014 ਵਿੱਚ ਸੀ। ਇਹਨਾਂ ਹਾਲਾਤਾਂ ਵਿੱਚ ਆਪ ਦੀ ਨੀਣਾ ਮਿੱਤਲ ਕਿੱਥੇ ਸਟੈਂਡ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਸਿਆਸੀ ਮਾਹਿਰ ਮੰਨਦੇ ਹਨ ਕਿ, ਉਨ੍ਹਾਂ ਲਈ ਡਾ. ਗਾਂਧੀ ਤੇ ਮਹਾਰਾਣੀ ਪ੍ਰਨੀਤ ਕੌਰ ਨਾਲ ਟੱਕਰ ਲੈਣਾ ਕੋਈ ਸੌਖਾ ਨਹੀਂ ਹੋਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।