ਸੀ.ਪੀ.ਆਈ ਵੱਲੋਂ ਡੀ.ਐੱਸ.ਪੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ 10 ਅਪ੍ਰੈਲ ਨੂੰ

Last Updated: Apr 09 2019 13:59
Reading time: 1 min, 3 secs

ਭਾਰਤੀ ਕਮਿਊਨਿਸਟ ਪਾਰਟੀ ਬਲਾਕ ਕਮੇਟੀ ਜਲਾਲਾਬਾਦ ਅਤੇ ਗੁਰੂਹਰਸਹਾਏ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਪਿੰਡ ਚੱਕ ਮੌਜਦੀਨ ਵਾਲਾ ਦੇ ਕੌਮਾ ਵਿੱਚ ਪਏ ਵਿਅਕਤੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮਾਂ ਖਿਲਾਫ ਅਧੀਨ ਧਾਰਾ 307 ਦਾ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਵਿਰੋਧ ਵਜੋਂ ਜਲਾਲਾਬਾਦ ਦੇ ਡੀ.ਐੱਸ.ਪੀ ਦਫ਼ਤਰ ਸਾਹਮਣੇ ਕੌਮਾ ਵਿੱਚ ਪਏ ਵਿਅਕਤੀ ਨੂੰ ਲਿਆ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੀ.ਪੀ.ਆਈ ਬਲਾਕ ਜਲਾਲਾਬਾਦ ਦੇ ਸਕੱਤਰ ਕਾਮਰੇਡ ਛਿੰਦਰ ਮਹਾਲਮ ਅਤੇ ਗੁਰੂਹਰਸਹਾਏ-2 ਦੇ ਸਕੱਤਰ ਕਾਮਰੇਡ ਬਲਵੰਤ ਚੌਹਾਨਾ ਨੇ ਕਿਹਾ ਕਿ ਸਬ ਡਵੀਜ਼ਨ ਜਲਾਲਾਬਾਦ ਅਧੀਨ ਆਉਂਦੇ ਥਾਣਿਆਂ ਵਿੱਚ ਆਮ ਵਿਅਕਤੀਆਂ ਦੇ ਜਾਇਜ਼ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਅਤੇ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਉਂਦਿਆਂ ਕਿਹਾ ਕਿ ਥਾਣਿਆਂ ਵਿੱਚ ਸਿਰਫ ਸੱਤਾਧਾਰੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਦੇ ਕੰਮ ਹੀ ਕੀਤੇ ਜਾ ਰਹੇ ਹਨ।

ਪਾਰਟੀ ਨੇ ਥਾਣਾ ਸਿਟੀ ਜਲਾਲਾਬਾਦ ਦੇ ਐੱਸ ਐਚ ਓ ਅਮਰਿੰਦਰ ਸਿੰਘ 'ਤੇ ਸਿੱਧੇ ਤੌਰ ਤੇ ਦੋਸ਼ ਲਾਉਂਦੇ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਦੋ ਧਿਰਾਂ ਦਾ ਰਾਜ਼ੀਨਾਮਾ ਹੋਣ ਤੇ ਇੱਕ ਕਾਂਗਰਸੀ ਆਗੂ ਦੇ ਸੋਲਵੈਂਟ ਪਲਾਂਟ ਤੇ ਜਾ ਕੇ ਮੁਆਫੀ ਮੰਗਣ ਲਈ ਮਜਬੂਰ ਕਰ ਰਿਹਾ ਹੈ, ਜਿਸ ਦੀ ਮਾਣਯੋਗ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ। ਉਨ੍ਹਾਂ ਕਿਹਾ ਕਿ ਕੱਲ੍ਹ ਦੇ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਮਦਰਦ ਅਤੇ ਪੁਲਿਸ ਤੋਂ ਪੀੜਤ ਲੋਕ ਹਿੱਸਾ ਲੈਣਗੇ।