ਕੀ ਸ਼ਤਰੂਘਣ ਅਤੇ ਸਿੱਧੂ ਦੀ ਜੋੜੀ ਕਰੇਗੀ ਕਮਾਲ?

Last Updated: Apr 07 2019 15:36
Reading time: 2 mins, 11 secs

ਚੋਣਾਂ ਦੌਰਾਨ ਲੀਡਰਾਂ ਦਾ ਇੱਕ ਦੂਸਰੀ ਪਾਰਟੀ ਵਿੱਚ ਆਉਣਾ ਜਾਣਾ ਆਮ ਜਿਹੀ ਗੱਲ ਹੁੰਦੀ ਹੈ ਪਰ ਜਦੋਂ ਕੋਈ ਵੱਡੇ ਕੱਦ ਦਾ ਲੀਡਰ ਆਪਣੀ ਪਾਰਟੀ ਛੱਡ ਕੇ ਵਿਰੋਧੀ ਸਮਝੇ ਜਾਂਦੇ ਦਲ ਵਿੱਚ ਸ਼ਾਮਲ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਫਰ਼ਕ ਜ਼ਰੂਰ ਪੈਂਦਾ ਹੈ ਤੇ ਜੇਕਰ ਲੀਡਰ ਕੋਈ ਪ੍ਰਸਿੱਧ ਬਾਲੀਵੁੱਡ ਹਸਤੀ ਹੋਵੇ ਫੇਰ ਤਾਂ ਸਮੀਕਰਣ ਹੀ ਬਦਲ ਸਕਦਾ ਹੈ। ਜਿਸ ਤਰ੍ਹਾਂ ਬੀਤੇ ਸਮੇਂ ਵਿੱਚ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੀ ਰਾਜਸਭਾ ਦੀ ਮੈਂਬਰੀ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ ਤੇ ਜਿਸ ਤੋਂ ਬਾਅਦ ਸਿੱਧੂ ਨੇ ਮੁੜ ਕੇ ਨਹੀਂ ਸੀ ਪਿੱਛੇ ਦੇਖਿਆ ਤੇ ਕਾਂਗਰਸ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕੀਤੀ ਸੀ ਤੇ ਕੀਤੀ ਜਾ ਰਹੀ ਹੈ ਅਜਿਹੀਆਂ ਚਰਚਾਵਾਂ ਹਨ। ਜੇਕਰ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਹ ਵੀ ਚਰਚਾ ਰਹੀ ਹੈ ਕਿ ਸਿੱਧੂ ਦੇ ਕਾਂਗਰਸ ਵਿੱਚ ਆਉਣ ਅਤੇ ਤਾਬੜਤੋੜ ਰੈਲੀਆਂ ਕਰਨ ਤੋਂ ਬਾਅਦ ਹੀ ਕਾਂਗਰਸ ਦੇ ਮੁੜ ਪੈਰ ਪੰਜਾਬ ਵਿੱਚ ਲੱਗੇ ਹਨ ਤਾਂ ਕੋਈ ਅਤਿਕਥਨੀ ਨਹੀਂ ਹੈ। ਹਾਂ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਅਤੇ ਨਾਮ ਵੀ ਸੋਨੇ ਦੇ ਸੁਹਾਗਾ ਰਿਹਾ ਹੈ ਪਰ ਸਿੱਧੂ ਦੇ ਨਿਭਾਏ ਗਏ ਰੋਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

ਚਰਚਾਵਾਂ ਤਾਂ ਇਹ ਵੀ ਰਹੀਆਂ ਹਨ ਕਿ ਜੇਕਰ ਸਿੱਧੂ ਕਾਂਗਰਸ ਵਿੱਚ ਨਾ ਆਉਂਦੇ ਅਤੇ ਹੋਰ ਕਿਸੇ ਪਾਰਟੀ ਵਿੱਚ ਚਲੇ ਜਾਂਦੇ ਤਾਂ ਸਰਕਾਰ ਵੀ ਉਸੇ ਹੀ ਪਾਰਟੀ ਦੀ ਬਣ ਜਾਣੀ ਸੀ ਕਿਉਂ ਜੋ ਸਿੱਧੂ ਦੇ ਚਾਹੁਣ ਵਾਲੇ ਵੱਡੇ ਪੱਧਰ ਤੇ ਉਸ ਤੋਂ ਪ੍ਰਭਾਵਿਤ ਹੁੰਦੇ ਹਨ। ਰਹੀ ਗੱਲ ਕੈਪਟਨ ਦੀ ਤਾਂ 2017 ਵਿੱਚ ਉਨ੍ਹਾਂ ਦੀ ਕੋਈ ਜ਼ਿਆਦਾ ਲੋਕਪ੍ਰਿਯਤਾ ਕਰਕੇ ਹੀ ਸਰਕਾਰ ਨਹੀਂ ਬਣੀ ਅਜਿਹੀਆਂ ਗੱਲਾਂ ਚੱਲੀਆਂ ਸਨ ਕਿਉਂ ਜੋ ਲਗਾਤਾਰ 10 ਸਾਲ ਜਦੋਂ ਅਕਾਲੀਆਂ ਨੇ ਪੰਜਾਬ ਤੇ ਰਾਜ ਕੀਤਾ ਸੀ ਤਾਂ ਉਸ ਵੇਲੇ ਵੀ ਪੰਜਾਬ ਕਾਂਗਰਸ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਹੀ ਸੀ ਤੇ ਉਸ ਸਮੇਂ ਉਹ ਕੋਈ ਚਮਤਕਾਰ ਨਹੀਂ ਸਨ ਕਰ ਸਕੇ। ਇਹ ਤਾਂ ਸੀ ਸਿੱਧੂ ਦੇ ਕਾਂਗਰਸ ਵਿੱਚ ਆਉਣ ਦੇ ਕਾਰਨ ਬਣੇ ਸਿਆਸੀ ਸਮੀਕਰਣ। ਹੁਣ ਜਦਕਿ ਇੱਕ ਹੋਰ ਬਾਲੀਵੁੱਡ ਸਟਾਰ ਸ਼ਾਟਗੰਨ ਨੇ ਵੀ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ ਤੇ ਕਾਂਗਰਸ ਜੁਆਇਨ ਕਰ ਲਈ ਹੈ ਤਾਂ ਇੱਕ ਵਾਰ ਫੇਰ ਘੱਟੋ ਘੱਟ ਬਿਹਾਰ ਅਤੇ ਮਹਾਰਾਸ਼ਟਰ ਵਿੱਚ ਤਾਂ ਕਾਂਗਰਸ ਦੀ ਸਥਿਤੀ ਕੁਝ ਚੰਗੀ ਹੋਣ ਦੀਆਂ ਚਰਚਾਵਾਂ ਹਨ। ਵੈਸੇ ਤਾਂ ਸਮੁੱਚੇ ਦੇਸ਼ ਵਿੱਚ ਹੀ ਸ਼ਾਟਗੰਨ ਨੂੰ ਲੋਕ ਪਸੰਦ ਕਰਦੇ ਹਨ ਤੇ ਉਨ੍ਹਾਂ ਦੇ ਧਾਕੜ ਅੰਦਾਜ਼ ਕਰਕੇ ਭਾਜਪਾ ਨੂੰ ਇਸ ਦਾ ਖਮਿਆਜ਼ਾ ਭੁਗਤਣ ਦੀਆਂ ਚਰਚਾਵਾਂ ਚੱਲਣ ਲੱਗ ਪਈਆਂ ਹਨ। ਜਿਸ ਤਰ੍ਹਾਂ ਬੀਤੇ ਕੱਲ੍ਹ ਹੀ ਸਿਨਹਾ ਨੇ ਕਾਂਗਰਸ ਜੁਆਇੰਨ ਕਰਦਿਆਂ ਹੀ ਭਾਜਪਾ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਤੇ ਤਕੜਾ ਹਮਲਾ ਕੀਤਾ ਤੋਂ ਬਾਅਦ ਇਹ ਕਿਆਸ ਲੱਗਣ ਲੱਗ ਪਏ ਹਨ ਕਿ ਹੁਣ ਚੋਣਾਂ ਵਿੱਚ ਕਾਂਗਰਸ ਸਿਨਹਾ ਦਾ ਭਰਪੂਰ ਫਾਇਦਾ ਉਠਾਉਣ ਵਾਲੀ ਹੈ ਤੇ ਸ਼ਾਟਗੰਨ ਅਤੇ ਸਿੱਧੂ ਦੀ ਜੋੜੀ ਦੇਸ਼ ਦੇ ਸਿਆਸੀ ਸਮੀਕਰਣ ਬਦਲ ਕੇ ਰੱਖ ਦੇਵੇਗੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।