ਜਸਟਿਸ ਆਰਕੇ ਜੈਨ ਨੇ ਕੀਤਾ ਕੇਂਦਰੀ ਜੇਲ੍ਹ ਦਾ ਸਰਵੇਖਣ !!!

Last Updated: Mar 15 2019 15:53
Reading time: 1 min, 15 secs

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਆਰਕੇ ਜੈਨ ਵੱਲੋਂ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦਾ ਸਰਵੇਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਪਰਮਿੰਦਰ ਪਾਲ ਸਿੰਘ, ਸ਼੍ਰੀਮਤੀ ਸ਼ਿਖਾ ਗੋਇਲ, ਸਿਵਲ ਜੱਜ ਸੀਨੀਅਰ ਡਿਵੀਜ਼ਨ ਫ਼ਿਰੋਜ਼ਪੁਰ, ਬਲਜਿੰਦਰ ਸਿੰਘ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ, ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਵੇਦ, ਡਿਪਟੀ ਸੁਪਰਡੈਂਟ ਵਿਪਨਜੀਤ ਸਿੰਘ ਅਤੇ ਜੀਵਨ ਠਾਕੁਰ ਅਤੇ ਮੈਡੀਕਲ ਅਫਸਰ ਡਾਕਟਰ ਸੰਜੀਵ ਬੈਂਸ ਆਦਿ ਹਾਜ਼ਰ ਸਨ। 

ਇਸ ਦੌਰਾਨ ਜਸਟਿਸ ਸਾਹਿਬ ਨੇ ਕੇਂਦਰੀ ਜੇਲ੍ਹ ਵਿਖੇ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਇਸ ਤੋਂ ਬਾਅਦ ਜੱਜ ਸਾਹਿਬ ਨੇ ਜੇਲ੍ਹ ਵਿਖੇ ਬਣੀ ਰਸੋਈ ਦਾ ਨਿਰੀਖਣ ਕੀਤਾ। ਜੱਜ ਸਾਹਿਬ ਨੇ ਡੀ ਅਡਿਕਸ਼ਨ ਸੈਂਟਰ ਅਤੇ ਜੇਲ੍ਹ ਵਿੱਚ ਬਣੇ ਹਸਪਤਾਲ ਵਿਖੇ ਵੀ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਡਾਕਟਰਾਂ ਨੂੰ ਆਦੇਸ਼ ਦਿੱਤੇ ਕਿ ਜੇਲ੍ਹ ਵਿੱਚ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣੀ ਚਾਹੀਦੀ। 

ਇਸ ਤੋਂ ਮਗਰੋਂ ਜੱਜ ਵੱਲੋਂ ਜਨਾਨਾ ਵਾਰਡ ਦਾ ਦੌਰਾ ਕਰਦਿਆਂ ਹੋਇਆਂ ਬੰਦ ਹਵਾਲਾਤੀਆਂ ਤੇ ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਬਾਅਦ ਜੱਜ ਸਾਹਿਬ ਨੇ ਜੇਲ੍ਹ ਵਿੱਚ ਬਣੀ ਫ਼ੈਕਟਰੀ ਦਾ ਨਿਰੀਖਣ ਕੀਤਾ ਅਤੇ ਉੱਥੇ ਬਣ ਰਹੇ ਖੇਸ, ਫਾਇਲ ਬਸਤੇ, ਖਾਦੀ ਦੇ ਸੂਟ, ਤੌਲੀਏ ਅਤੇ ਖੱਦਰ ਦੇ ਕੱਪੜੇ ਤੋਂ ਬਣੀਆਂ ਚੀਜ਼ਾਂ ਦਾ ਨਿਰੀਖਣ ਕੀਤਾ। ਜੱਜ ਸਾਹਿਬ ਨੇ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਇੱਥੇ ਰਹਿ ਕੇ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣ ਕੇ ਬਾਹਰ ਆਓ ਅਤੇ ਜ਼ਿੰਦਗੀ ਵਿੱਚ ਕੋਈ ਵੀ ਗਲਤ ਕੰਮ ਨਾ ਕਰਨ ਦਾ ਪ੍ਰਣ ਲਓ ਤਾਂ ਜੋ ਤੁਹਾਡੀ ਆਉਣ ਵਾਲੀ ਜ਼ਿੰਦਗੀ ਸੁਖਮਈ ਹੋਵੇ।