ਭਾਰਤੀ ਚੋਣ ਕਮਿਸ਼ਨ ਜੇ ਚੋਣਾਂ 'ਚ ਲਗਾ ਦੇਵੇ ਫੇਸਬੁੱਕ ਤੇ ਵਟਸਐਪ 'ਤੇ 'ਬਰੇਕ' ਤਾਂ... (ਨਿਊਜ਼ਨੰਬਰ ਖਾਸ ਖਬਰ)

Last Updated: Mar 12 2019 13:34
Reading time: 5 mins, 49 secs

'ਸੋਸ਼ਲ ਮੀਡੀਆ' ਅੱਜ ਹਰ ਇੱਕ ਲਈ ਵਰਦਾਨ ਸਾਬਤ ਹੋ ਰਿਹਾ ਹੈ। ਕਿਉਂਕਿ ਅਸੀ ਸੋਸ਼ਲ ਸਾਈਟਾਂ ਦੇ ਜ਼ਰੀਏ ਰੋਜ਼ਾਨਾ ਹੀ ਕਈ ਨਵੇਂ ਦੋਸਤਾਂ ਨਾਲ ਜਿੱਥੇ ਜੁੜ ਰਹੇ ਹਾਂ, ਉੱਥੇ ਹੀ ਆਪਣੇ ਮਨ ਦੀਆਂ ਗੱਲਾਂ ਵੀ ਉਨ੍ਹਾਂ ਦੇ ਨਾਲ ਸਾਂਝੀਆਂ ਕਰ ਰਹੇ ਹਨ। ਵੇਖਿਆ ਜਾਵੇ ਤਾਂ ਜਿਸ ਨੇ ਵੀ ਸੋਸ਼ਲ ਸਾਈਟਾਂ ਬਣਾਈਆਂ ਹਨ, ਉਨ੍ਹਾਂ ਨੇ ਲੋਕਾਂ ਦਾ ਸਮਾਂ ਬਚਾਉਣ ਅਤੇ ਜਲਦ ਤੋਂ ਜਲਦ ਇੱਕ ਦੂਜੇ ਤੱਕ ਜਾਣਕਾਰੀ ਪਹੁੰਚਣ ਦੇ ਮਕਸਦ ਨਾਲ ਬਣਾਈਆਂ ਹਨ। ਹਾਂ.!! ਇੱਥੇ ਦੱਸ ਦਈਏ ਕਿ ਇਸ ਸਮੇਂ ਦੌਰਾਨ ਸੋਸ਼ਲ ਸਾਈਟਾਂ ਦੀ ਦੁਰਵਰਤੋਂ ਵੀ ਕਾਫੀ ਜ਼ਿਆਦਾ ਹੋ ਰਹੀ ਹੈ। 

ਅੱਜ ਕੱਲ੍ਹ ਜਿਉਂਦਾ ਬੰਦੇ ਨੂੰ ਮਰਿਆ ਸਾਬਤ ਕਰਨ ਲਈ ਲੋਕ ਸੋਸ਼ਲ ਸਾਈਟਾਂ ਦਾ ਹੀ ਸਹਾਰਾ ਲੈ ਰਹੇ ਹਨ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਆਮ ਲੋਕਾਂ ਤੋਂ ਇਲਾਵਾ ਸਰਕਾਰੀ ਅਧਿਕਾਰੀ, ਕਰਮਚਾਰੀ ਅਤੇ ਹੋਰ ਵਰਗ ਅੱਜ ਕੱਲ੍ਹ ਸੋਸ਼ਲ ਸਾਈਟਾਂ ਜਿਵੇਂ ਫੇਸਬੁੱਕ ਅਤੇ ਵਟਸਐਪ ਦੀ ਸਭ ਤੋਂ ਜ਼ਿਆਦਾ ਵਰਤੋਂ ਕਰਦੇ ਹਨ। ਭਾਵੇਂ ਹੀ ਭਾਰਤ ਵਿੱਚ ਕੋਈ ਵੇਹਲਾ ਹੀ ਕਿਉਂ ਨਾ ਹੋਵੇ ਪਰ ਫੇਸਬੁੱਕ ਅਤੇ ਵਟਸਐਪ 'ਤੇ ਉਹ ਵਿਅਸਤ ਹੀ ਵਿਖਾਈ ਦਿੱਤਾ ਹੋਵੇਗਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਨੇਤਾਵਾਂ ਨੂੰ ਵੋਟਾਂ ਪਾ ਕੇ ਅਸੀ ਸੱਤਾ ਵਿੱਚ ਲਿਆਉਂਦੇ ਹਾਂ, ਉਹ ਵੀ ਅੱਜ ਕੱਲ੍ਹ ਫੇਸਬੁੱਕ 'ਤੇ ਸਟਾਰ ਬਣੇ ਹੋਏ ਹਨ।

ਵੇਖਿਆ ਜਾਵੇ ਤਾਂ ਭਾਵੇਂ ਹੀ ਉਹ ਭਾਰਤ ਦੇ ਪ੍ਰਧਾਨ ਮੰਤਰੀ ਕਿਉਂ ਨਾ ਹੋਣ ਜਾਂ ਫਿਰ ਕੋਈ ਹੋਰ ਮੰਤਰੀ। ਇਹ ਸਭ ਸਿਆਸਤਦਾਨ ਇਸ ਸਮੇਂ ਸੋਸ਼ਲ ਸਾਈਟਾਂ ਦਾ ਖੁੱਲ ਕੇ ਪ੍ਰਯੋਗ ਕਰ ਰਹੇ ਹਨ। 2014 ਦੀਆਂ ਲੋਕ ਸਭਾ ਚੋਣਾਂ 'ਤੇ ਜੇਕਰ ਨਿਗਾਹ ਮਾਰੀਏ ਤਾਂ ਵਟਸਐਪ ਅਤੇ ਫੇਸਬੁੱਕ ਦਾ ਇਨ੍ਹਾਂ ਜ਼ਿਆਦਾ ਕਰੇਜ਼ ਨਹੀਂ ਸੀ ਲੋਕਾਂ ਵਿੱਚ। ਲੋਕ ਅਤੇ ਸਿਆਸਤਦਾਨ ਆਪਣੇ ਪ੍ਰਚਾਰ ਦੀਆਂ ਫੋਟੋਆਂ ਹੀ ਇਨ੍ਹਾਂ ਸਾਈਟਾਂ ਉਪਰ ਸ਼ੇਅਰ ਕਰਦੇ ਹੁੰਦੇ ਸਨ, ਪਰ ਪਿਛਲੇ ਡੇਢ ਕੁ ਸਾਲ ਤੋਂ ਫੇਸਬੁੱਕ ਵਿੱਚ ਆਏ ਨਵੇਂ ਫੀਚਰਾਂ ਨੇ ਨੇਤਾਵਾਂ ਦਾ ਕੰਮ ਹੋਰ ਅਸਾਨ ਕਰ ਦਿੱਤਾ ਹੈ। 

ਨੇਤਾ ਲੋਕਾਂ ਨੂੰ ਹੁਣ ਅਖਬਾਰਾਂ ਤੋਂ ਬਾਅਦ ਟੀ.ਵੀ. ਚੈਨਲਾਂ ਦਾ ਵੀ ਬਹੁਤ ਘੱਟ ਹੀ ਸਹਾਰਾ ਲੈਣਾ ਪੈਂਦਾ ਹੈ, ਕਿਉਂਕਿ ਉਹ ਫੇਸਬੁੱਕ 'ਤੇ ਹੀ ਲਾਈਵ ਪ੍ਰਚਾਰ ਕਰਕੇ ਵਾਹ ਵਾਹ ਖੱਟ ਰਹੇ ਹਨ। ਦੋਸਤੋਂ, ਸੋਚੋ ਜੇਕਰ ਫੇਸਬੁੱਕ ਅਤੇ ਵਟਸਐਪ ਇੱਕ ਜਾਂ ਫਿਰ ਦੋ ਦਿਨਾਂ ਲਈ ਬੰਦ ਕਰ ਦਿੱਤੇ ਜਾਣ ਤਾਂ ਕੀ ਬਣੇਗਾ ਭਾਰਤੀ ਲੋਕਾਂ ਦਾ? ਜ਼ਿਆਦਾਤਰ ਭਾਰਤੀ ਲੋਕ ਤਾਂ ਇਹੀ ਦੁਆ ਕਰਦੇ ਨਜ਼ਰੀ ਆਉਣਗੇ ਕਿ ਇਹ ਦੋਵੇਂ ਸਾਈਟਾਂ ਬੰਦ ਨਾ ਕੀਤੀਆਂ ਜਾਣ, ਬਾਕੀ ਭਾਵੇਂ ਭਾਰਤ ਦੇ ਸਾਰੀਆਂ ਸੜਕਾਂ ਅਤੇ ਹਵਾਈ ਅੱਡੇ ਬੰਦ ਕਰ ਦਿੱਤੇ ਜਾਣ। 

ਕਿਉਂਕਿ ਲੋਕਾਂ ਦਾ ਇਨ੍ਹਾਂ ਦੋਵਾਂ ਸਾਈਟਾਂ ਉਪਰ ਵਿਅਸਤ ਹੋਣਾ ਹੀ, ਅੱਜ ਕੱਲ੍ਹ ਇੱਕ ਮਜਬੂਰੀ ਬਣ ਚੁੱਕਿਆ ਹੈ। ਲੋਕ ਜਿੰਨਾਂ ਸਮਾਂ ਇਹ ਫੇਸਬੁੱਕ ਜਾਂ ਫਿਰ ਵਟਸਐਪ ਨੂੰ ਰੋਜ਼ਾਨਾ ਖੋਲ੍ਹ ਕੇ ਪੋਸਟਾਂ ਅਪਡੇਟ ਨਾ ਕਰ ਲੈਣ ਉਨ੍ਹਾਂ ਚਿਰ ਦਿਨ ਚੰਗਾ ਨਹੀਂ ਨਿਕਲਦਾ। ਸੋ ਦੋਸਤੋਂ, ਵੇਖੀਏ ਤਾਂ ਜੇਕਰ ਆਮ ਰੌਲੇ ਰੱਪੇ ਦੌਰਾਨ ਸਮੇਂ ਦੀ ਸਰਕਾਰ ਫੇਸਬੁੱਕ ਅਤੇ ਵਸਟਐਪ ਤੋਂ ਇਲਾਵਾ ਹੋਰ ਸਾਈਟਾਂ ਨੂੰ ਚਲਾਉਣ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾ ਸਕਦੀ ਹੈ ਤਾਂ ਚੋਣਾਂ ਦੇ ਦਿਨਾਂ ਵਿੱਚ ਕਿਉਂ ਨਹੀਂ? ਭਾਰਤ ਅੰਦਰ ਜਿੰਨੀਆਂ ਵੀ ਚੋਣਾਂ ਹੁੰਦੀਆਂ ਹਨ, ਹਰ ਚੋਣ ਦਾ ਸਮਾਂ ਪੰਜ ਸਾਲ ਦਾ ਹੁੰਦਾ ਹੈ। 

ਭਾਵੇਂ ਲੋਕ ਸਭਾ, ਵਿਧਾਨ ਸਭਾ, ਪੰਚਾਇਤੀ ਜਾਂ ਫਿਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਇਹ ਚੋਣਾਂ ਦਾ ਸਮਾਂ ਪੰਜ ਸਾਲ ਦਾ ਹੀ ਹੁੰਦਾ ਹੈ। ਲੋਕ ਪੰਜ ਸਾਲ ਬਾਅਦ ਆਪਣੇ ਪਸੰਦੀਦੇ ਨੇਤਾ ਨੂੰ ਵੋਟ ਪਾ ਸਕਦੇ ਹਨ। ਚੋਣਾਂ ਦੇ ਦਿਨਾਂ ਵਿੱਚ ਨੇਤਾ ਲੋਕ ਸੋਸ਼ਲ ਸਾਈਟਾਂ ਦੀ ਵਰਤੋਂ ਸਭ ਤੋਂ ਵੱਧ ਕਰਦੇ ਹਨ। ਨੇਤਾਵਾਂ ਨੂੰ ਹੁੰਦਾ ਹੈ ਕਿ ਜਿੰਨਾਂ ਜ਼ਿਆਦਾ ਉਹ ਫੇਸਬੁੱਕ ਅਤੇ ਵਟਸਐਪ 'ਤੇ ਗੈਲਰੀ ਬਣਾ ਕੇ ਪ੍ਰਚਾਰ ਕਰਨਗੇ, ਉਨ੍ਹੇਂ ਜ਼ਿਆਦਾ ਲੋਕ ਉਨ੍ਹਾਂ ਦੇ ਨਾਲ ਜੁੜਣਗੇ ਅਤੇ ਉਨ੍ਹਾਂ ਦਾ ਭਾਸ਼ਣ ਸੁਣ ਕੇ ਉਨ੍ਹਾਂ ਦੇ ਹੱਕ ਵਿੱਚ ਵੋਟ ਭੁਗਤਾਉਣਗੇ। 

ਦੋਸਤੋਂ, ਜੇਕਰ ਚੋਣਾਂ ਦੇ ਦਿਨਾਂ ਵਿੱਚ ਇਨ੍ਹਾਂ ਸੋਸ਼ਲ ਸਾਈਟਾਂ ਨੂੰ ਪੂਰਨ ਤੌਰ 'ਤੇ ਬੰਦ ਕਰ ਦਿੱਤਾ ਜਾਵੇ ਤਾਂ ਨੇਤਾਵਾਂ ਦੀ ਸੱਚਾਈ ਅਤੇ ਉਨ੍ਹਾਂ ਦੇ ਪ੍ਰਚਾਰ ਦਾ ਲੋਕਾਂ ਨੂੰ ਸਹੀ ਅਰਥਾਂ ਵਿੱਚ ਪਤਾ ਲੱਗ ਜਾਵੇਗਾ, ਕਿਉਂਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਹੋਵੇ ਹਰ ਕੋਈ ਅੱਜ ਕੱਲ੍ਹ ਅਖਬਾਰਾਂ ਜਾਂ ਫਿਰ ਟੀ.ਵੀ. ਚੈਨਲਾਂ 'ਤੇ ਪ੍ਰਚਾਰ ਕਰਨ ਦੀ ਬਿਜਾਏ ਫੇਸਬੁੱਕ ਅਤੇ ਵਟਸਐਪ ਦਾ ਸਭ ਤੋਂ ਵੱਧ ਸਹਾਰਾ ਲੈਂਦਾ ਹੈ। ਚੋਣਾਂ ਦੇ ਦਿਨਾਂ ਵਿੱਚ ਫੇਸਬੁੱਕ ਅਤੇ ਵਟਸਐਪ ਦੇ ਉਤੇ ਨੇਤਾਵਾਂ ਵੱਲੋਂ ਪਾਏ ਪੋਸਟਾਂ ਦੇ ਭਾਰ ਦਾ ਆਮ ਲੋਕਾਂ 'ਤੇ ਕਾਫੀ ਜ਼ਿਆਦਾ ਬੁਰਾ ਪ੍ਰਭਾਵ ਪੈਂਦਾ ਹੈ। 

ਹਰ ਉਮੀਦਵਾਰ ਗਲੀਆਂ ਜਾਂ ਫਿਰ ਮੁਹੱਲਿਆਂ ਵਿੱਚ ਤਾਂ ਚੋਣ ਪ੍ਰਚਾਰ ਕਰਦਾ ਵਿਖਾਈ ਨਹੀਂ ਦਿੰਦਾ, ਪਰ ਫੇਸਬੁੱਕ 'ਤੇ ਆਪਣੀਆਂ ਗਤੀਵਿਧੀਆਂ ਨੂੰ ਵਿਖਾਉਂਦਾ ਜ਼ਰੂਰ ਵਿਖਾਈ ਦਿੰਦਾ ਹੈ। ਫੇਸਬੁੱਕ ਅਤੇ ਵਟਸਐਪ ਰਾਹੀਂ ਲੋਕਾਂ ਤੱਕ ਪਹੁੰਚਣ ਦੀ ਨੇਤਾਵਾਂ ਵਿੱਚ ਲੱਗੀ ਹੋੜ ਹੀ ਪ੍ਰੇਸ਼ਾਨ ਕਰੀ ਰੱਖਦੀ ਹੈ। ਜੇਕਰ ਕਿਸੇ ਇੱਕ ਪਾਰਟੀ ਦਾ ਨੇਤਾ ਫੇਸਬੁੱਕ 'ਤੇ ਕਿਸੇ ਹੋਰ ਪਾਰਟੀ ਦੇ ਵਿਰੋਧ ਵਿੱਚ ਪ੍ਰਚਾਰ ਕਰਦਾ ਵਿਖਾਈ ਦਿੰਦਾ ਹੈ ਤਾਂ ਦੂਜੀ ਪਾਰਟੀ ਦਾ ਨੇਤਾ ਉਕਤ ਵਿਰੋਧੀ ਪਾਰਟੀ ਦੇ ਖਿਲਾਫ ਪ੍ਰਚਾਰ ਕਰਦਾ ਫੇਸਬੁੱਕ 'ਤੇ ਮਿਲ ਜਾਂਦਾ ਹੈ।

ਇੱਥੇ ਵਿਸ਼ੇਸ਼ ਤੌਰ 'ਤੇ ਦੱਸ ਦਈਏ ਕਿ ਭਾਰਤ ਆਜ਼ਾਦੀ ਤੋਂ ਬਾਅਦ ਜਦੋਂ ਪਹਿਲੀ ਵਾਰ ਚੋਣਾਂ ਹੋਈਆਂ ਸਨ ਤਾਂ ਉਦੋਂ ਤਾਂ ਲਾਊਡ ਸਪੀਕਰ ਵੀ ਨਹੀਂ ਸੀ ਅਤੇ ਨਾ ਹੀ ਇੰਨੇ ਜ਼ਿਆਦਾ ਟੀ.ਵੀ. ਚੈਨਲ। ਅਖਬਾਰ ਵੀ ਟਾਵਾਂ ਟਾਵਾਂ ਹੀ ਸਨ, ਜਿਨ੍ਹਾਂ ਦੇ ਵਿੱਚ ਵੀ ਨੇਤਾਵਾਂ ਦੇ ਪ੍ਰਚਾਰ ਦੀ ਚੌਥੇ ਪੰਜਵੇਂ ਦਿਨ ਬਾਅਦ ਜਾ ਕੇ ਕਿਤੇ ਖਬਰ ਲੱਗਦੀ ਹੁੰਦੀ ਸੀ। ਜਿਵੇਂ ਜਿਵੇਂ ਭਾਰਤ ਨੇ ਤਰੱਕੀ ਵੱਲ ਕਦਮ ਰੱਖਿਆ, ਭਾਰਤ ਅੰਦਰ ਵੀ ਸੋਸ਼ਲ ਸਾਈਟਾਂ ਅਤੇ ਨਵੀਆਂ ਅਖਬਾਰਾਂ ਤੋਂ ਇਲਾਵਾ ਕੰਪਿਊਟਰੀਕਰਨ ਯੁੱਗ ਨੇ ਜਨਮ ਲਿਆ ਅਤੇ ਹੌਲੀ ਹੌਲੀ ਭਾਰਤ ਵੀ ਦੂਜਿਆਂ ਦੇਸ਼ਾਂ ਵਾਂਗੂ ਆਪਣੇ ਕੰਮ ਆਨਲਾਈਨ ਕਰਨ ਲੱਗ ਪਿਆ। 

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲੋਂ ਵਿਦੇਸ਼ੀ ਅਖਬਾਰਾਂ ਵਿੱਚ ਛਪੀਆਂ ਖਬਰਾਂ ਦੇ ਮੁਤਾਬਿਕ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਰੂਸ ਵੱਲੋਂ ਇੱਕ ਪੰਗਾ ਪਾਇਆ ਗਿਆ ਸੀ, ਜਿਸ ਵਿੱਚ ਇੱਕ ਰੂਸ ਦੇਸ਼ ਦੀ ਜਾਂਚ ਕਮੇਟੀ ਸਾਹਮਣੇ ਫੇਸਬੁੱਕ ਨੇ ਮੰਨਿਆ ਸੀ ਕਿ ਜੂਨ 2015 ਤੋਂ 2017 ਦੇ ਵਿਚਾਲੇ 3000 ਤੋਂ ਜ਼ਿਆਦਾ ਇਸ਼ਤਿਹਾਰ ਰੂਸ ਵਿੱਚੋਂ ਖਰੀਦੇ ਗਏ। ਇਨ੍ਹਾਂ 'ਤੇ ਕਰੀਬ ਇੱਕ ਲੱਖ ਡਾਲਰ ਖਰਚ ਕੀਤਾ ਗਿਆ। ਇਹ ਇਸ਼ਤਿਹਾਰ ਰੂਸ ਦੀ ਫਰਜ਼ੀ ਕੰਪਨੀ ਨੇ ਖਰੀਦੇ ਅਤੇ 470 ਤੋਂ ਵੱਧ ਫਰਜ਼ੀ ਖਾਤੇ ਬਣਾ ਕੇ ਗਲਤ ਖਬਰਾਂ ਨੂੰ ਫੈਲਾਇਆ ਗਿਆ। ਇਹ ਸਾਰੇ ਫਰਜ਼ੀ ਅਕਾਊਂਟ ਇੱਕ-ਦੂਜੇ ਨਾਲ ਜੁੜੇ ਹੋਏ ਸਨ। 

ਇਨ੍ਹਾਂ ਅਕਾਊਂਟਸ ਨੂੰ ਰੂਸ ਤੋਂ ਆਪਰੇਟ ਕੀਤਾ ਜਾ ਰਿਹਾ ਸੀ। ਅਖਬਾਰਾਂ ਵਿੱਚ ਛਪੀਆਂ ਖਬਰਾਂ ਦੀ ਮੰਨੀਏ ਤਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਫੇਸਬੁੱਕ ਦੇ ਜ਼ਰੀਏ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਡੋਨਾਲਡ ਟਰੰਪ ਦੇ ਹੱਕ ਵਿੱਚ ਮਾਹੌਲ ਬਣਾਉਣ ਅਤੇ ਡੈਮੋਕ੍ਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਖਿਲਾਫ ਝੂਠਾ ਪ੍ਰਚਾਰ ਕਰਨ ਲਈ ਇਨ੍ਹਾਂ ਫਰਜ਼ੀ ਖਾਤਿਆਂ ਨੂੰ ਬਣਾਇਆ ਗਿਆ ਸੀ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਭਾਵੇਂ ਹੀ ਅਮਰੀਕੀ ਖੂਫੀਆ ਸਰਵਿਸ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਟਰੰਪ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਪਰ ਹੁਣ ਤੱਕ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਟਰੰਪ ਖਿਲਾਫ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਹੁਣ ਲੋਕਾਂ ਦਾ ਵਿਸ਼ਵਾਸ਼ ਉੱਠ ਚੁੱਕਿਆ ਹੈ। ਦੋਸਤੋਂ, ਜੇਕਰ ਭਾਰਤ ਦੇ ਅੰਦਰ ਚੋਣਾਂ ਦੇ ਸਮੇਂ ਸੋਸ਼ਲ ਸਾਈਟਾਂ, ਜਿਵੇਂ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਆਦਿ 'ਤੇ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਪਾਬੰਦੀ ਲਗਾ ਦਿੱਤੀ ਜਾਵੇ ਤਾਂ ਭਾਰਤੀ ਲੋਕਾਂ ਨੂੰ ਨੇਤਾਵਾਂ ਦੀ ਸਭ ਸੱਚਾਈ ਦਾ ਪਤਾ ਲੱਗ ਸਕਦਾ ਹੈ। ਭਾਰਤ ਦੇ ਅੰਦਰ ਇਸ ਸਮੇਂ ਸੋਸ਼ਲ ਸਾਈਟਾਂ ਦੇ ਜ਼ਰੀਏ ਫੈਲਾਈਆਂ ਜਾ ਰਹੀਆਂ ਫੇਕ ਖਬਰਾਂ ਵੀ ਭਾਰਤ ਲੋਕਾਂ ਲਈ ਕਾਫੀ ਜ਼ਿਆਦਾ ਨੁਕਸਾਨਦਾਇਕ ਸਾਬਤ ਹੋ ਰਹੀਆਂ ਹਨ, ਕਿਉਂਕਿ ਲੋਕਾਂ ਮੂਹਰੇ ਸੱਚਾਈ ਨਹੀਂ ਜਾ ਰਹੀ। 

ਭਾਰਤ ਦੇ ਅੰਦਰ ਜਿਹੜੇ ਮੀਡੀਆ ਅਦਾਰੇ ਸਰਕਾਰਾਂ ਦੀਆਂ ਪੋਲਾਂ ਖੋਲ੍ਹ ਕੇ ਲੋਕਾਂ ਸਾਹਮਣੇ ਸੱਚਾਈ ਪੇਸ਼ ਕਰ ਰਹੇ ਹਨ, ਉਨ੍ਹਾਂ ਮੀਡੀਆ ਅਦਾਰਿਆਂ ਨੂੰ ਸਰਕਾਰਾਂ ਬੰਦ ਕਰਨ ਵਿੱਚ ਰੁਝੀਆਂ ਹੋਈਆਂ ਹਨ। ਸੋ ਦੋਸਤੋਂ, ਬੀਤੇ ਦਿਨ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਅਤੇ ਭਾਰਤ ਅੰਦਰ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤੀ ਚੋਣ ਕਮਿਸ਼ਨ ਸੋਸ਼ਲ ਸਾਈਟਾਂ, ਜਿਵੇਂ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਆਦਿ ਨੂੰ ਬੰਦ ਕਰਨ ਦਾ ਫੈਸਲਾ ਲੈਂਦਾ ਹੈ ਜਾਂ ਨਹੀਂ। ਬਾਕੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਚੋਣਾਂ ਦੌਰਾਨ ਕੀ ਬਣਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।