ਸਰਹਿੰਦ ਚੋਅ ਦੀ ਮਜ਼ਬੂਤੀ ਤੇ ਸੁੰਦਰੀਕਰਨ ਪ੍ਰੋਜੈਕਟ ਦਾ ਕੰਮ ਛੇਤੀ ਹੋਵੇਗਾ ਮੁਕੰਮਲ: ਐਮਐਲਏ ਨਾਗਰਾ

Last Updated: Mar 08 2019 15:10
Reading time: 1 min, 33 secs

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ-ਸਰਹਿੰਦ ਸ਼ਹਿਰ ਚੋਂ ਲੰਘਦੇ ਕੱਚੇ ਚੋਅ ਕਾਰਨ ਇਲਾਕਾ ਵਾਸੀਆਂ ਨੂੰ ਪੇਸ਼ ਆਉਂਦੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਬਹੁਪੱਖੀ ਵਿਕਾਸ ਕਰਵਾਏ ਜਾਣ ਦੀ ਲੜੀ ਅਧੀਨ ਚੋਅ ਨੂੰ ਪੱਕਾ ਕਰਨ ਅਤੇ ਸੁੰਦਰੀਕਰਨ ਦਾ ਪ੍ਰੋਜੈਕਟ ਜੰਗੀ ਪੱਧਰ ਤੇ ਚੱਲ ਰਿਹਾ ਹੈ। ਇਸ ਚੋਅ ਦੀ ਮਜ਼ਬੂਤੀ ਅਤੇ ਸੁੰਦਰੀਕਰਨ ਦੇ ਪ੍ਰੋਜੈਕਟ ਤੇ ਸਰਕਾਰ ਵੱਲੋਂ 5.50 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਰਕਾਰ ਵੱਲੋਂ ਸੂਬੇ ਦੇ ਬਹੁਪੱਖੀ ਵਿਕਾਸ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ ਤੇ ਹਲਕਾ ਫ਼ਤਿਹਗੜ੍ਹ ਸਾਹਿਬ 'ਚ ਕਈ ਸੌ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਰਹਿੰਦ ਚੋਅ ਦੇ ਚੱਲਦੇ ਪ੍ਰੋਜੈਕਟ ਅਤੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੰਦੇ ਸਾਂਝਾ ਕੀਤਾ।

ਇਸ ਸਬੰਧ 'ਚ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਸਰਹਿੰਦ ਚੋਅ ਨੂੰ ਪੱਕਾ ਕਰਨ ਅਤੇ ਸੁੰਦਰੀਕਰਨ ਦੇ ਪ੍ਰੋਜੈਕਟ ਤੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ, ਜਿਸਨੂੰ ਬਹੁਤ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਚੋਅ ਦੀ ਮਜ਼ਬੂਤੀ ਦੇ ਕੰਮ ਤੋਂ ਬਾਅਦ ਇਸਦੇ ਦੋਨਾਂ ਕਿਨਾਰੇ ਸ਼ਾਨਦਾਰ ਸੈਰਗਾਹ ਵੀ ਵਿਕਸਤ ਕੀਤੀ ਜਾਵੇਗੀ, ਜਿੱਥੇ ਵੱਖ-ਵੱਖ ਕਿਸਮ ਦੇ ਬੂਟੇ ਵੀ ਲਾਏ ਜਾਣਗੇ। ਇਸ ਪ੍ਰੋਜੈਕਟ ਦੇ ਬਣਨ ਨਾਲ ਹਲਕਾ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਸਬੰਧੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਸੈਰ ਕਰਨ ਲਈ ਸਾਫ਼ ਸੁਥਰੀ ਥਾਂ ਵੀ ਮਿਲੇਗੀ। ਇਸ ਚੋਅ ਜ਼ਰੀਏ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਾ ਹੋਣ ਕਾਰਨ ਲੋਕਾਂ ਨੂੰ ਪੇਸ਼ ਆਉਂਦੀਆਂ ਦਿੱਕਤਾਂ ਇਸ ਪ੍ਰੋਜੈਕਟ ਦੀ ਪੂਰਤੀ ਨਾਲ ਹੱਲ ਹੋ ਜਾਣਗੀਆਂ।

ਵਿਧਾਇਕ ਨਾਗਰਾ ਨੇ ਕਿਹਾ ਕਿ ਇਤਿਹਾਸਕ ਅਹਿਮੀਅਤ ਸਦਕਾ ਫ਼ਤਿਹਗੜ੍ਹ ਸਾਹਿਬ ਦੀ ਦੁਨੀਆ ਭਰ 'ਚ ਇੱਕ ਵਿਲੱਖਣ ਪਹਿਚਾਣ ਹੈ। ਪਰ ਹੁਣ ਵਿਕਾਸ ਪੱਖੋਂ ਵੀ ਫ਼ਤਿਹਗੜ੍ਹ ਸਾਹਿਬ ਦੀ ਨਿਵੇਕਲੀ ਪਹਿਚਾਣ ਬਣ ਜਾਵੇਗੀ। ਇਸ ਪ੍ਰੋਜੈਕਟ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਵਿਕਾਸ ਕਾਰਜ ਜਿਨ੍ਹਾਂ ਵਿੱਚ ਸੜਕਾਂ, ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ, ਸੀਵਰੇਜ ਪ੍ਰੋਜੈਕਟ, ਬੱਸ ਸਟੈਂਡ, ਸਟਰੀਟ ਲਾਈਟਾਂ ਆਦਿ ਦਾ ਕੰਮ ਵੀ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਹਲਕੇ ਦੇ ਵਿਕਾਸ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।