ਧਾਰਮਿਕ ਸਥਾਨਾਂ ਦੀ ਜਾਂਚ ਸ਼ੁਰੂ

Last Updated: Nov 28 2018 15:24
Reading time: 1 min, 10 secs

ਪਟਿਆਲਾ ਵਿਖੇ ਹਾਲਾਤਾਂ ਨੂੰ ਵੇਖਦੇ ਹੋਏ ਅਤੇ ਆਤੰਕਵਾਦੀ ਸੰਗਠਨਾਂ ਵੱਲੋਂ ਚੇਤਾਵਨੀਆਂ ਤੋਂ ਬਾਅਦ ਇਹ ਜ਼ਰੂਰੀ ਹੋ ਗਿਆ ਹੈ ਕਿ ਪਬਲਿਕ ਸਥਾਨਾਂ ਦਾ ਧਿਆਨ ਰੱਖਿਆ ਜਾਵੇ। ਇਸੇ ਤਹਿਤ ਪਟਿਆਲਾ ਦੇ ਕਾਲੀ ਮੰਦਰ ਤੋਂ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਪੁਲਿਸ ਵੱਲੋਂ ਮੰਦਰ ਦੇ ਅੰਦਰ ਕਾਫ਼ੀ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਹਰ ਪਾਸੋਂ ਸੁਰੱਖਿਆ ਕੜੀਆਂ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਬਲਿਕ ਪਲੇਸਾਂ ਤੇ ਆਤੰਕਵਾਦੀਆਂ ਵੱਲੋਂ ਕਿਸੇ ਤਰ੍ਹਾਂ ਦੇ ਹਮਲੇ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ, ਜਿਸ ਲਈ ਪ੍ਰਸ਼ਾਸਨ ਪੂਰੀ ਚੌਕਸੀ ਵਰਤ ਰਹੀ ਹੈ ਪਰ ਲੋਕਾਂ ਨੂੰ ਵੀ ਲੋੜ ਹੈ ਕਿ ਉਨ੍ਹਾਂ ਵੱਲੋਂ ਆਪਣੇ ਆਲੇ-ਦੁਆਲੇ ਅਸਾਧਾਰਣ ਗਤੀਵਿਧੀਆਂ ਦਾ ਧਿਆਨ ਰੱਖਿਆ ਜਾਵੇ।

ਇੱਥੇ ਦੱਸਣਯੋਗ ਹੈ ਕਿ ਸਿਰਫ਼ ਪਟਿਆਲਾ ਪੁਲਿਸ ਹੀ ਨਹੀਂ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਖ਼ੁਦ ਹੋਰਨਾਂ ਅਧਿਕਾਰੀਆਂ ਨਾਲ ਜਾ ਕੇ ਸ੍ਰੀ ਕਾਲੀ ਮਾਤਾ ਮੰਦਿਰ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਅਤੇ ਸੁਰੱਖਿਆ ਦੀ ਸਮੀਖਿਆ ਕੀਤੀ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਕਿਹਾ ਹੈ ਕਿ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨਾਲ ਇੱਕ-ਇੱਕ ਕਰਕੇ ਮੀਟਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਕੋਨੇ-ਕੋਨੇ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਲਈ ਕਿਹਾ ਜਾ ਰਿਹਾ ਹੈ। ਕੁਮਾਰ ਅਮਿਤ ਨੇ ਵੀ ਇਸ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਆਪਣੇ ਨੇੜੇ-ਤੇੜੇ ਕਿਸੇ ਤਰ੍ਹਾਂ ਦੀ ਅਸਾਧਾਰਣ ਚੀਜ਼ ਦਾ ਅੰਦਾਜ਼ਾ ਲੱਗੇ ਤਾਂ ਉਹ ਪੁਲਿਸ ਨੂੰ ਨਾਲ ਦੀ ਨਾਲ ਸੰਪਰਕ ਕਰਨ ਤਾਂ ਜੋ ਸ਼ਹਿਰ ਦੀ ਕਾਨੂੰਨ ਅਤੇ ਸ਼ਾਂਤੀ ਵਿਵਸਥਾ ਨੂੰ ਬਣਾਏ ਰੱਖਿਆ ਜਾ ਸਕੇ।