ਨਹੀਂ ਝੱਲਿਆ ਸੁਖਬੀਰ ਨੇ ਸੇਖਵਾਂ ਦਾ ਦਬਾਅ, ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਕੀਤਾ ਬਰਖ਼ਾਸਤ ( ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 03 2018 17:11
Reading time: 1 min, 34 secs

ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ ਲਈ ਅੱਜ ਦਾ ਦਿਨ ਸਿਆਸੀ ਪੱਖੋਂ ਕਾਫ਼ੀ ਭਾਰੀ ਰਿਹਾ, ਜਿਉਂ ਹੀ ਉਨ੍ਹਾਂ ਨੇ ਸ੍ਰੋਮਣੀ ਅਕਾਲੀ ਦਲ ਲਦੀ ਕੌਰ ਕਮੇਟੀ ਦੀ ਮੈਂਬਰੀ ਅਤੇ ਸੀਨੀਅਰ ਮੀਤ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਪਾਰਟੀ ਨੇ ਸੇਖਵਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਹੀ ਬਰਖ਼ਾਸਤ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਅੱਜ ਸੇਖਵਾਂ ਨੇ ਆਪਣੇ ਮਿਥੇ ਪ੍ਰੋਗਰਾਮ ਤਹਿਤ ਇੱਕ ਪ੍ਰੈਸਕਾਨਫਰੰਸ ਕਰਕੇ ਪਹਿਲਾਂ ਤਾਂ ਬਾਦਲ ਪਰਿਵਾਰ ਦੇ ਵਿਰੁੱਧ ਖ਼ੂਬ ਭੜਾਸ ਕੱਢੀ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਭਟਕ ਚੁੱਕਾ ਹੈ ਤੇ ਹੁਣ ਜੋ ਧਰਨੇ ਦਿੱਤੇ ਜਾ ਰਹੇ ਹਨ ਇਹ ਸੁਖਬੀਰ ਅਤੇ ਮਜੀਠੀਏ ਦੇ ਡਰਾਮੇ ਹੀ ਹਨ। ਸੇਖਵਾਂ ਨੇ ਕਿਹਾ ਕਿ ਅੱਜ ਸੁਖਬੀਰ ਹੋਰੀਂ ਨਵੰਬਰ ਮਹੀਨੇ ਦੀ ਦੁਹਾਈ ਦੇ ਕੇ ਲੋਕਾਂ ਨੂੰ ਦਿੱਲੀ ਵਿਖੇ ਹੋਈਆਂ ਸ਼ਹੀਦੀਆਂ ਗਿਣਾ ਰਹੇ ਹਨ ਪਰ ਜਦੋਂ ਪੰਜਾਬ ਵਿੱਚ ਅਕਾਲੀ ਦਲ ਦੀ ਹਕੂਮਤ ਸੀ ਤਾਂ ਇਨ੍ਹਾਂ ਦਿਨਾ ਵਿੱਚ ਹੀ ਉਹ ਬਾਲੀਵੁੱਡ ਦੀਆਂ ਹੀਰੋਇਨਾਂ ਦੇ ਠੁਕਮੇ ਲਗਵਾਉਂਦੇ ਹੁੰਦੇ ਸਨ ਤੇ ਗੀਤ ਗਾਣਿਆਂ ਵਿੱਚ ਖੇਡਾਂ ਕਰਵਾਉਂਦੇ ਹੁੰਦੇ ਸਨ।

ਸੇਖਵਾ ਨੇ ਅੱਜ ਰੱਜ ਕੇ ਅਕਾਲੀ ਦਲ ਪ੍ਰਤੀ ਆਪਣੀ ਦੱਬੀ ਹੋਈ ਭੜਾਸ ਬਾਹਰ ਕੱਢੀ ਤੇ ਕਿਹਾ ਕਿ ਲੀਡਰਸ਼ਿਪ ਦੀ ਤਬਲਦੀਲੀ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਉਪਰੰਤ ਸੇਖਵਾਂ ਨੇ ਪਾਰਟੀ ਦੇ ਕੋਰ ਕਮੇਟੀ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ। ਜਿਉਂ ਹੀ ਸੇਖਵਾਂ ਨੇ ਆਪਣਾ ਅਸਤੀਫ਼ਾ ਦਿੱਤਾ ਤਾਂ ਪਾਰਟੀ ਨੇ ਵੀ ਹੁਣ ਬਗਾਵਤੀ ਸੁਰਾਂ ਨੂੰ ਪੂਰੀ ਤਰਾਂ ਨੱਪਣ ਦਾ ਮਨ ਬਣਾ ਲਿਆ ਹੈ ਤੇ ਸੇਖਵਾਂ ਦੇ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੇ ਸੇਖਵਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹੀ ਬਾਹਰ ਕਰ ਮਾਰਿਆ ਹੈ। ਲੱਗਦਾ ਹੈ ਕਿ ਸੇਖਵਾਂ ਵੀ ਦੂਸਰੇ ਸੀਨੀਅਰ ਲੀਡਰਾਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਆਦਿ ਵਾਂਗ ਪਾਰਟੀ ਦੇ ਦਬਾਅ ਬਣਾਉਣ ਦੀ ਰਾਜਨੀਤੀ ਕਰਨਾ ਚਾਹੁੰਦੇ ਸਨ ਪਰ ਪਾਰਟੀ ਨੇ ਅਜਿਹਾ ਫ਼ੈਸਲਾ ਸੁਣਾਇਆ ਹੈ ਕਿ ਸੇਖਵਾਂ ਅਕਾਲੀ ਦਲ ਤੋਂ ਹੀ ਬਾਹਰ ਹੋ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਵਿਰੋਧੀਆਂ ਨਾਲ ਪੂਰੀ ਤਰਾਂ ਸ਼ਕਤੀ ਨਾਲ ਨਜਿੱਠਣ ਲਈ ਤਿਆਰ ਹਨ ਤੇ ਭਵਿੱਖ ਵਿੱਚ ਜੇਕਰ ਕੋਈ ਪਾਰਟੀ ਪ੍ਰਤੀ ਵਿਰੋਧ ਦਾ ਸੁਰ ਅਪਣਾਏਗਾ ਤਾਂ ਪਾਰਟੀ ਤੋਂ ਬਾਹਰ ਹੋ ਜਾਵੇਗਾ।