...ਤੇ ਲਓ ਜੀ ਹੋ ਗਿਆ ''ਦੀਵੇ ਥੱਲੇ ਹੀ ਹਨੇਰਾ''..!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 11 2018 12:46
Reading time: 3 mins, 1 sec

ਸਿਹਤ ਵਿਭਾਗ ਪੰਜਾਬ ਦੇ ਵੱਲੋਂ ਡੇਂਗੂ ਵਰਗੀ ਭਿਆਨਕ ਬਿਮਾਰੀ ਨੂੰ ਠੱਲ ਪਾਉਣ ਦੇ ਲਈ ਕਈ ਪ੍ਰਕਾਰ ਦੇ ਯਤਨ ਕੀਤੇ ਜਾ ਰਹੇ ਹਨ। ਇੱਥੋਂ ਤੱਕ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਿੱਥੇ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ, ਉੱਥੇ ਹੀ ਲੋਕਾਂ ਨੂੰ ਇਹ ਬਿਮਾਰੀ ਕਿਸ ਤਰ੍ਹਾਂ ਫੈਲਦੀ ਹੈ ਉਸਦੇ ਬਾਰੇ ਵਿੱਚ ਦੱਸਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਨੂੰ ਫ਼ਰਮਾਨ ਜਾਰੀ ਕੀਤਾ ਗਿਆ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਨਾਲ ਪੀੜ੍ਹਤ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਵੇ। 

ਪਰ..!! ਇਨ੍ਹਾਂ ਦਿਨਾਂ ਦੇ ਅੰਦਰ ਜੇਕਰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ 'ਤੇ ਨਿਗਾਹ ਮਾਰੀ ਜਾਵੇ ਤਾਂ ਹਰ ਇੱਕ ਦੀ ਜੁਬਾਨ 'ਤੇ ਇਹ ਹੀ ਸੁਣਨ ਨੂੰ ਮਿਲ ਰਿਹਾ ਹੈ ਕਿ ਡੇਂਗੂ ਬਹੁਤ ਭੈੜੀ ਬਿਮਾਰੀ ਹੈ। ਲੋਕ ਕੁੱਲ ਮਿਲਾ ਕੇ ਡੇਂਗੂ ਦੀ ਬਿਮਾਰੀ ਕਾਰਨ ਪੂਰੀ ਤਰ੍ਹਾਂ ਨਾਲ ਡਰੇ ਪਏ ਹਨ। ਦੇਖਿਆ ਜਾਵੇ ਤਾਂ ਲੋਕ ਡਰਨ ਵੀ ਕਿਉਂ ਨਾ ਪੰਜਾਬ ਵਿੱਚ ਸੈਂਕੜੇ ਲੋਕਾਂ ਦੀਆਂ ਮੌਤਾਂ ਜੋ ਡੇਂਗੂ ਦੀ ਬਿਮਾਰੀ ਕਾਰਨ ਹੋ ਗਈਆਂ ਹਨ। ਭਾਵੇਂ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਮੇਂ ਸਮੇਂ 'ਤੇ ਵੱਖ-ਵੱਖ ਮੁਹੱਲਿਆਂ ਵਿੱਚ ਡੇਂਗੂ ਦਾ ਸਰਵੇ ਕਰਕੇ ਲੋਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ, ਪਰ ਫਿਰ ਵੀ ਡੇਂਗੂ ਭਾਰੀ ਮਾਤਰਾ ਵਿੱਚ ਸ਼ਹਿਰ ਅੰਦਰ ਫੈਲਿਆ ਪਿਆ ਹੈ।

ਜੇਕਰ ਦੂਜੇ ਪਾਸੇ ਸਰਕਾਰੀ ਵਿਭਾਗਾਂ ਦੀ ਗੱਲ ਕਰੀਏ ਤਾਂ ਪੰਜਾਬੀ ਦੀ ਇੱਕ ਕਹਾਵਤ ਯਾਦ ਆ ਜਾਂਦੀ ਹੈ ਕਿ ''ਦੀਵੇ ਥੱਲੇ ਹਨੇਰਾ''!! ਜੀ ਹਾਂ, ਲੋਕਾਂ ਨੂੰ ਡੇਂਗੂ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਲੋਕਾਂ ਨੂੰ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਾਲੇ ਵਿਭਾਗਾਂ ਵਿੱਚ ਡੇਂਗੂ ਦੀ ਇਸ ਕਦਰ ਭਰਮਾਰ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਵੇਖਿਆ ਜਾਵੇ ਤਾਂ ਸਿਹਤ ਵਿਭਾਗ ਦੀ ਟੀਮ ਨੂੰ ਸਰਕਾਰੀ ਵਿਭਾਗਾਂ ਵਿੱਚ ਹੀ ਭਾਰੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਸਰਕਾਰੀ ਵਿਭਾਗ ਖੁਦ ਡੇਂਗੂ ਜਿਹੀ ਬਿਮਾਰੀ ਨੂੰ ਆਪਣੇ ਗਲ ਪਾਉਣ ਨੂੰ ਫਿਰਦੇ ਹਨ। 

ਦੋਸਤੋਂ, ਜੇਕਰ ਫਿਰੋਜ਼ਪੁਰ ਰੋਡਵੇਜ਼ ਡਿੱਪੂ ਦੀ ਵਰਕਸ਼ਾਪ ਦੀ ਗੱਲ ਕਰੀਏ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਕਰੀਬ 5 ਵਾਰ ਵਰਕਸ਼ਾਪ ਦਾ ਦੌਰਾ ਕਰਕੇ ਉੱਥੇ ਪਏ ਪੁਰਾਣੇ ਟਾਇਰਾਂ ਆਦਿ ਵਿੱਚ ਜਮਾਂ ਹੋਏ ਪਾਣੀ ਦੇ ਸੈਂਪਲ ਲੈਣ ਤੋਂ ਬਾਅਦ ਵੱਡੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਮਿਲਿਆ। ਜਿਸ ਤੋਂ ਮਗਰੋਂ ਵਿਭਾਗ ਦੀ ਟੀਮ ਵੱਲੋਂ ਫਿਰੋਜ਼ਪੁਰ ਰੋਡਵੇਜ਼ ਡਿੱਪੂ ਦੇ ਜੀਐਮ ਦਾ ਚਲਾਨ ਵੀ ਕੱਟਿਆ ਗਿਆ, ਪਰ ਵੇਖਿਆ ਜਾਵੇ ਤਾਂ 5 ਵਾਰ ਚਲਾਨ ਕੱਟੇ ਜਾਣ ਤੋਂ ਬਾਅਦ ਵਿੱਚ ਵਰਕਸ਼ਾਪ ਵਿੱਚ ਡੇਂਗੂ ਦੀ ਭਰਮਾਰ ਹੈ। ਦੂਜੇ ਪਾਸੇ ਰੇਲਵੇ ਦਫ਼ਤਰ ਵਿਖੇ ਵੀ ਡੇਂਗੂ ਦੀ ਬਹੁਤ ਜ਼ਿਆਦਾ ਭਰਮਾਰ ਹੈ। ਇਸ ਦੀ ਪੁਸ਼ਟੀ ਉਸ ਵੇਲੇ ਹੋਈ ਜਦੋਂ ਬੀਤੇ ਦਿਨੀਂ ਸਿਹਤ ਵਿਭਾਗ ਦੀ ਟੀਮ ਵੱਲੋਂ ਰੇਲਵੇ ਫਿਰੋਜ਼ਪੁਰ ਡਵੀਜਨ ਦੇ ਅਧਿਕਾਰੀਆਂ ਦਾ ਚਲਾਨ ਕੱਟਿਆ ਗਿਆ। 

ਦੋਸਤੋਂ, ਦੂਜੇ ਪਾਸੇ ਜੇਕਰ ਆਪਾ ਫਿਰੋਜ਼ਪੁਰ ਸਿਹਤ ਹਸਪਤਾਲ ਆਦਿ ਦੀਆਂ ਛੱਤਾਂ ਦੀ ਗੱਲ ਕਰੀਏ ਤਾਂ ਛੱਤਾਂ ਉੱਪਰ ਰੱਖੀਆਂ ਪਾਣੀ ਦੀਆਂ ਟੈਂਕੀਆਂ ਵਿੱਚ ਭਾਰੀ ਮਾਤਰਾ ਵਿੱਚ ਸਿਹਤ ਵਿਭਾਗ ਵੱਲੋਂ ਡੇਂਗੂ ਦਾ ਲਾਰਵਾ ਇਕੱਠਾ ਕੀਤਾ ਗਿਆ। ਜਿਸ ਤੋਂ ਇਹ ਸਾਫ਼ ਹੋਇਆ ਕਿ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਦੂਰ ਰਹਿਣ ਲਈ ਸਮੇਂ-ਸਮੇਂ 'ਤੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਵਾਲਾ ਵਿਭਾਗ ਖੁਦ ਡੇਂਗੂ ਵਰਗੀ ਭਿਆਨਕ ਬਿਮਾਰੀ ਨਾਲ ਪੀੜ੍ਹਤ ਹੋਇਆ ਜਾਪ ਰਿਹਾ ਹੈ। ਇਸ ਮਾਮਲੇ ਸਬੰਧੀ ਜਦੋਂ ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡੇਂਗੂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲੋਂ ਹੀ ਜ਼ਿਲ੍ਹੇ ਦੇ ਸਾਰੇ ਐੱਸਐੱਮਓ ਨੂੰ ਮੀਟਿੰਗ ਵਿੱਚ ਇਹ ਗੱਲ ਕਹੀ ਸੀ ਕਿ ਸਾਰੇ ਆਪਣੇ-ਆਪਣੇ ਹਸਪਤਾਲ ਦੀ ਸਫ਼ਾਈ ਦੀ ਜ਼ਿੰਮੇਵਾਰ ਹੋਣਗੇ। 

ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਜਾਂ ਫਿਰ ਹੋਰ ਵਿਭਾਗ ਜਿਵੇਂ ਕਿ ਰੋਡਵੇਜ਼ ਦੀ ਵਰਕਸ਼ਾਪ ਜਾਂ ਫਿਰ ਰੇਲਵੇ ਵਿਭਾਗ ਆਦਿ ਵਿੱਚ ਸਾਫ਼ ਸੁਥਰਾ ਮਾਹੌਲ ਪੈਦਾ ਕਰਨਾ ਅਤੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣਾ ਉਕਤ ਵਿਭਾਗਾਂ ਦੀ ਜ਼ਿੰਮੇਵਾਰੀ ਹੈ। ਸੋ ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਉਕਤ ਵਿਭਾਗਾਂ ਦੇ ਖਿਲਾਫ਼ ਸਿਹਤ ਮਹਿਕਮੇ ਦੀ ਟੀਮ ਕੀ ਕਾਰਵਾਈ ਕਰਦੀ ਹੈ। ਕੀ ਸਿਵਲ ਹਸਪਤਾਲ ਦਾ ਵੀ ਸਿਹਤ ਮਹਿਕਮੇ ਵੱਲੋਂ ਚਲਾਨ ਕੱਟਿਆ ਜਾਵੇਗਾ ਜਾਂ ਫਿਰ ਨਹੀਂ..!!

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।