ਮੰਤਰੀਪੁਣਾ ਛੱਡ ਭਲਵਾਨਪੁਣੇ ਤੇ ਉਤਰੇ, ਸਿੱਖਿਆ ਮੰਤਰੀ ਸੋਨੀ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 10 2018 15:59
Reading time: 1 min, 42 secs

ਜਿੱਥੇ ਇੱਕ ਪਾਸੇ ਪਟਿਆਲਾ ਵਿੱਚ ਸਾਂਝੇ ਅਧਿਆਪਕ ਮੋਰਚੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਕਾਂਗਰਸ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਤੇਜ਼ ਕਰ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਸੂਬਾ ਸਰਕਾਰ ਨੇ ਅਧਿਆਪਕ ਮੋਰਚੇ ਨੂੰ ਫ਼ੇਲ੍ਹ ਅਤੇ ਤਾਰਪੀਡੋ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਵਰਤੇ ਜਾ ਰਹੇ ਹੱਥਕੰਡਿਆਂ ਦੇ ਚਲਦਿਆਂ ਜਾਪਦਾ ਨਹੀਂ ਕਿ, ਕੈਪਟਨ ਸਰਕਾਰ ਛੇਤੀ ਕਿਤੇ ਅਧਿਆਪਕਾਂ ਦੀਆਂ ਮੰਗਾਂ ਮੂਹਰੇ ਝੁਕੇਗੀ। 

ਦੂਜੇ ਪਾਸੇ ਗੱਲ ਕਰੀਏ ਅਗਰ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਦੀ ਤਾਂ, ਅਧਿਆਪਕਾਂ ਅਨੁਸਾਰ ਇੰਝ ਜਾਪਦਾ ਹੈ, ਜਿਵੇਂ ਉਹ ਮੰਤਰੀਪੁਣੇ ਨੂੰ ਛੱਡ ਕੇ ਭਲਵਾਨਪੁਣੇ ਤੇ ਉਤਰ ਆਏ ਹੋਣ। ਕੋਈ ਵਿਚਲਾ ਰਾਹ ਕੱਢਣ ਦੀ ਥਾਂ ਤੇ ਉਨ੍ਹਾਂ ਨੇ ਇੱਕ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਕੇ ਪਹਿਲਾਂ ਪੰਜ ਅਧਿਆਪਕ ਆਗੂਆਂ ਨੂੰ ਮੁਅੱਤਲ ਕਰ ਦਿੱਤਾ ਹੈ, ਤੇ ਹੁਣ ਉਨ੍ਹਾਂ ਨੇ 8886 ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਕੋਰਾ ਕਰਾਰਾ ਜਵਾਬ ਦੇਕੇ ਬਲਦੀ ਤੇ ਪਾਉਣ ਵਾਲਾ ਕੰਮ ਕਰ ਦਿੱਤਾ।

ਅਧਿਆਪਕ ਆਗੂਆਂ ਦਾ ਮੰਨਣਾ ਹੈ ਕਿ, ਸੋਨੀ ਨੇ ਇਹ ਫ਼ੈਸਲਾ ਸ਼ਾਇਦ ਇਹ ਸੋਚ ਕੀਤਾ ਹੋਵੇਗਾ ਕਿ, ਅਧਿਆਪਕ ਡਰਦੇ ਮਾਰੇ ਆਪਣਾ ਸੰਘਰਸ਼ ਖ਼ਤਮ ਕਰ ਦੇਣਗੇ, ਪਰ ਸੋਨੀ ਦਾ ਇਹ ਪੈਂਤਰਾ ਵੀ ਫ਼ੇਲ੍ਹ ਰਿਹਾ, ਡਰਨ ਦੀ ਥਾਂ ਤੇ ਅਧਿਆਪਕਾਂ ਨੇ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਅਤੇ ਤਿੱਖਾ ਕਰ ਦਿੱਤਾ ਹੈ। ਸੋਨੀ ਦੇ ਇਸ ਐਲਾਨ ਦੇ ਬਾਅਦ ਅਧਿਆਪਕਾਂ ਨੇ ਲੰਘੀ ਦੇਰ ਸ਼ਾਮ ਇੱਕ ਵਾਰ ਫ਼ਿਰ ਸਿੱਖਿਆ ਮੰਤਰੀ ਦਾ ਪੁਤਲਾ ਬਣਾ ਕੇ ਪਹਿਲਾਂ ਉਸਦਾ ਪਿੱਟ ਸਿਆਪਾ ਕੀਤਾ ਅਤੇ ਬਾਅਦ ਵਿੱਚ ਪੁਤਲਾ ਫ਼ੂਕ ਸੁੱਟਿਆ। ਅਜਿਹਾ ਕਰਕੇ ਅਧਿਆਪਕ ਆਗੂਆਂ ਨੇ ਸੋਨੀ ਨੂੰ ਇਹੀ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ, ਉਹ ਜਿੰਨੇ ਮਰਜ਼ੀ ਜ਼ੁਲਮੋਂ-ਸਿਤਮ ਕਰ ਲੈਣ, ਲੇਕਿਨ ਉਹ ਹੁਣ ਪਿੱਛੇ ਹਟਣ ਵਾਲੇ ਨਹੀਂ ਹਨ। 

ਕਾਬਿਲ-ਏ-ਗੌਰ ਹੈ ਕਿ, ਅਧਿਆਪਕਾਂ ਵੱਲੋਂ ਸੰਘਰਸ਼ ਤੇਜ਼ ਕਰਨ ਦੇ ਬਾਅਦ ਸਿੱਖਿਆ ਮੰਤਰੀ ਨੇ ਬਿਲਕੁਲ ਸਾਫ਼ ਸ਼ਬਦਾਂ ਵਿੱਚ ਆਖ਼ ਦਿੱਤਾ ਹੈ ਕਿ, ਅਧਿਆਪਕ ਆਗੂ ਇਹ ਭੁੱਲ ਹੀ ਜਾਣ ਕਿ, ਸਰਕਾਰ 8886 ਅਧਿਆਪਕਾਂ ਨੂੰ ਕਦੇ ਰੈਗੂਲਰ ਕਰੇਗੀ। ਅਧਿਆਪਕ ਆਗੂ ਸੋਨੀ ਦੇ ਇਸ ਤੱਤੇ ਵਤੀਰੇ ਨੂੰ ਉਨ੍ਹਾਂ ਦਾ ਭਲਵਾਨਪੁਣਾ ਹੀ ਮੰਨ ਰਹੇ ਹਨ। ਮੰਤਰੀ ਦੇ ਅੜੀਅਲ ਵਤੀਰੇ ਨੂੰ ਵੇਖ਼ਕੇ ਤਾਂ ਨਹੀਂ ਜਾਪਦਾ ਕਿ, ਇਹ ਮਸਲਾ ਇੰਨੀ ਅਸਾਨੀ ਨਾਲ ਖ਼ਤਮ ਹੋ ਜਾਵੇਗਾ। ਆਲਮ ਇਹ ਹੈ ਕਿ, ਅਧਿਆਪਕਾਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ, ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਹੈ, ਇਹ ਭੁੱਖ ਹੜਤਾਲ ਕਦੋਂ ਮਰਨ ਵਰਤ ਵਿੱਚ ਬਦਲ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ।