ਦੁਲੱਦੀ ਗੇਟ ਨਾਭਾ ਬਣ ਚੁੱਕਾ ਹੈ ਜੂਆ ਘਰ

Last Updated: Jul 24 2018 18:37
Reading time: 1 min, 5 secs

ਦੁਲੱਦੀ ਗੇਟ ਨਾਭਾ ਵੀ ਹੁਣ ਜੂਆ ਘਰ ਵਿੱਚ ਤਬਦੀਲ ਹੋ ਚੁੱਕਾ ਹੈ। ਕਾਰਨ  ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਾਭਾ ਸ਼ਹਿਰ ਦੇ ਇਸ ਇਲਾਕੇ ਵਿੱਚ ਵੱਡੇ ਗੈਮਬਲਰਾਂ ਦੇ ਨਾਂ ਸਾਹਮਣੇ ਆਏ ਹਨ। ਥਾਣਾ ਕੋਤਵਾਲੀ ਪੁਲਿਸ ਨੇ ਅੱਜ ਵੀ 2 ਜੁਆਰੀਆਂ ਨੂੰ ਇਸ ਸਥਾਨ ਤੋਂ ਰੰਗੇ ਹੱਥੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਨਾਭਾ ਸ਼ਹਿਰ ਦਾ ਇਹ ਮਸ਼ਹੂਰ ਇਲਾਕਾ ਕਿਸੇ ਵੇਲੇ ਰਾਜਾ-ਰਾਣੀਆਂ ਦੇ ਨਾਭੇ ਦੇ ਕਿਲ੍ਹੇ ਵੱਲ ਜਾਣ ਦਾ ਮੁੱਖ ਅਤੇ ਇਕਲੌਤਾ ਰਾਹ ਹੁੰਦਾ ਸੀ ਪਰ ਅੱਜ ਇਸ ਜਗ੍ਹਾ ਤੇ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡਣਾ ਅਤੇ ਖਿਡਾਉਣਾ ਆਮ ਗੱਲ ਹੋ ਚੁੱਕੀ ਹੈ।

ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਮੁਹੰਮਦ ਰਮਜਾਨ ਪੁੱਤਰ ਮੁਹੰਮਦ ਸੈਨ ਵਾਸੀ ਮੁਹੱਲਾ ਇਸਲਾਮ ਗੰਜ ਬੇਰੀਆ ਮਲੇਰਕੋਟਲਾ ਸੰਗਰੂਰ ਅਤੇ ਸੁਮਿਤ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਬੋੜਾ ਗੇਟ ਬਾਲਮੀਕ ਮੁਹੱਲਾ ਨਾਭਾ ਦੇ ਤੌਰ ਤੇ ਹੋਈ ਹੈ। ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ  ਪੁਲਿਸ ਪਾਰਟੀ ਸਮੇਤ ਗਸ਼ਤ ਦੇ ਦੌਰਾਨ ਦੁਲੱਦੀ ਗੇਟ ਨਾਭਾ ਕੋਲ ਮੌਜੂਦ ਸਨ। ਜਦੋਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਦੋਸ਼ੀ ਦੁਲੱਦੀ ਗੇਟ ਨਾਭਾ ਪਾਸ ਤਾਸ਼ ਦੇ ਪਤਿਆ ਨਾਲ ਜੂਆ ਖੇਡ ਰਹੇ ਹਨ। ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮਾਂ ਕੋਲ 17,810 ਰੁਪਏ ਬਰਾਮਦ ਕੀਤੇ । ਮੁਲਜ਼ਮਾਂ ਦੇ 2 ਹੋਰ ਸਾਥੀ ਦੂਰੋਂ ਹੀ ਪੁਲਿਸ ਨੂੰ ਵੇਖ ਕੇ ਫ਼ਰਾਰ ਹੋ ਗਏ ਪਰ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ  ਕਰਕੇ ਇਹਨਾਂ ਖ਼ਿਲਾਫ਼ ਜੂਆ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ।