ਆਖ਼ਰ ਸੁਣੀ ਹੀ ਗਈ, ਜੈਕਬ ਡ੍ਰੇਨ ਦੀ !!(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 09 2019 11:44
Reading time: 1 min, 21 secs

ਇਸਨੂੰ ਤਾਂ ਕੁਦਰਤ ਦਾ ਹੀ ਇੱਕ ਕ੍ਰਿਸ਼ਮਾ ਮੰਨਿਆ ਜਾ ਸਕਦਾ ਹੈ ਕਿ, ਪੰਜਾਬ ਤੇ ਹਿਮਾਲਚ ਵਿੱਚ ਪਈ ਭਾਰੀ ਬਰਸਾਤ ਵੀ ਪਟਿਆਲਾ ਡੁੱਬਣੋਂ ਬਚ ਗਿਆ ਵਰਨਾਂ ਸਰਕਾਰ ਨੇ ਤਾਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ ਹੋਈ ਸੀ, ਯਾਨੀ ਕਿ ਨਾ ਹੀ ਬਰਸਾਤਾਂ ਤੋਂ ਪਹਿਲਾਂ ਪਟਿਆਲਾ ਦੀ ਵੱਡੀ ਨਦੀ ਦੀ ਹੀ ਸਾਫ਼ ਸਫ਼ਾਈ ਕੀਤੀ ਗਈ ਸੀ ਅਤੇ ਨਾਂ ਹੀ ਐੱਨ.ਆਈ.ਐੱਸ. ਚੌਂਕ ਕੋਲੋਂ ਲੰਘਣ ਵਾਲੀ ਜੈਕਬ ਡ੍ਰੇਨ ਦੀ। ਮਾਹਰ ਦੱਸਦੇ ਹਨ ਕਿ ਜੇਕਰ ਕੁਦਰਤ ਪਟਿਆਲਾ ਤੇ ਮਿਹਰਬਾਨ ਨਾਂ ਹੁੰਦੀ ਤਾਂ, ਪਟਿਆਲਾ ਦੇ ਹਾਲਾਤ ਇੱਕ ਵਾਰ ਫ਼ਿਰ 1993 ਵਾਲੇ ਹੋ ਜਾਣੇ ਸਨ। ਚਲੋ ਦੇਰ ਆਏ ਦਰੁਸਤ ਆਏ, ਨਗਰ ਨਿਗਮ ਨੇ ਗੰਦਗੀ ਨਾਲ ਭਰੀ ਪਈ ਜੈਕਰ ਡ੍ਰੇਨ ਦੀ ਸਾਫ਼ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਦੋਸਤੋਂ, ਇਹ ਵੀ ਹੋ ਸਕਦਾ ਹੈ ਕਿ ਨਗਰ ਨਿਗਮ ਅਜੇ ਵੀ ਸੁੱਤਾ ਰਹਿੰਦਾ ਪਰ, ਪਿਛਲੇ ਦਿਨੀ ਹੀ ਪਟਿਆਲਾ ਵਿੱਚ ਪਈ ਭਾਰੀ ਬਰਸਾਤ ਨੇ ਨਿਗਮ ਅਧਿਕਾਰੀਆਂ ਨੂੰ ਜੈਕਬ ਡ੍ਰੇਨ ਦੀ ਸਾਫ਼ ਸਫ਼ਾਈ ਬਾਰੇ ਵੀ ਸੋਚਣ ਲਈ ਮਜਬੂਰ ਕਰ ਦਿੱਤਾ। ਕਾਬਿਲ-ਏ-ਗੌਰ ਹੈ ਕਿ, ਲੰਘੇ ਦਿਨ ਹੀ ਪਟਿਆਲਾ ਵਿੱਚ 18 ਸੈਂਟੀਮੀਟਰ ਬਾਰਿਸ ਰਿਕਾਰਡ ਕੀਤੀ ਗਈ ਸੀ, ਜਿਸਨੇ ਕਿ ਇੱਕ ਵਾਰ ਤਾਂ ਪਟਿਆਲਾ ਸ਼ਹਿਰ ਦੇ ਅੰਦਰੂਨੀ ਭਾਗ ਨੂੰ ਨੱਕੋ ਨੱਕ ਭਰ ਦਿੱਤਾ ਸੀ। ਲੋਕਾਂ ਦੇ ਘਰਾਂ ਦੁਕਾਨਾਂ ਦੇ ਅੰਦਰ ਤੱਕ ਸੀਵਰੇਜ਼ ਭਰਿਆ ਬਰਸਾਤੀ ਪਾਣੀ ਭਰ ਗਿਆ ਸੀ। ਜਿਸਦੇ ਚਲਦਿਆਂ ਪੰਜਾਬ ਸਰਕਾਰ ਅਤੇ ਇਸਦੀ ਨਗਰ ਨਿਗਮ ਦੀ ਦੱਬ ਕੇ ਥੂਹ ਥੂਹ ਹੋਈ ਸੀ। ਸਾਇਦ ਇਹ ਮੀਂਹ ਦਾ ਕਹਿਰ ਸੀ, ਜਿਸਨੇ ਨਿਗਮ ਨੂੰ ਆਪਣੀਆਂ ਜੰਗ ਲੱਗੀਆਂ ਮਸ਼ੀਨਾਂ ਨੂੰ ਤੇਲ ਦੇਣ ਲਈ ਮਜਬੂਰ ਕਰ ਦਿੱਤਾ। ਨਿਗਮ ਦੀਆਂ ਪੋਕ ਮਸ਼ੀਨਾਂ ਧੜਾ ਧੜ ਸਫ਼ਾਈ ਦੇ ਕੰਮ ਵਿੱਚ ਮਸ਼ਰੂਖ਼ ਹੋ ਚੁੱਕੀਆਂ ਹਨ, ਇਸਨੂੰ ਮੌਸਮ ਵਿਗਿਆਨੀਆਂ ਦੀ ਚਿਤਾਵਨੀ ਦਾ ਵੀ ਅਸਰ ਸਮਝਿਆ ਜਾ ਰਿਹਾ ਹੈ, ਜਿਨਾਂ ਨੇ ਕਿ, ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਮੁੜ ਭਾਰੀ ਸਰਸਾਤ ਦੀ ਭਵਿੱਖ਼ਵਾਣੀ ਕੀਤੀ ਹੋਈ ਹੈ।