ਗੁਰਦੁਆਰਾ ਸਾਹਿਬ 'ਚ ਵੜਿਆ ਸੀਵਰੇਜ ਦਾ ਪਾਣੀ, ਇਲਾਕਾ ਨਿਵਾਸੀਆਂ ਨੇ ਘੇਰਿਆ ਨਿਗਮ !!!

Last Updated: Sep 07 2019 14:00
Reading time: 0 mins, 53 secs

ਲੰਘੇ ਦਿਨ ਪਟਿਆਲਾ 'ਚ ਪਈ ਬਰਸਾਤ ਦੇ ਦੌਰਾਨ, ਇੱਕ ਗੁਰਦੁਆਰਾ ਸਾਹਿਬ ਵਿੱਚ ਮੀਂਹ ਰਲਿਆ ਸੀਵਰੇਜ ਦਾ ਪਾਣੀ ਵੜ ਜਾਣ ਕਾਰਨ ਸਿੱਖ ਸਮਾਜ ਦਾ ਗੁੱਸਾ ਸੱਤਵੇਂ ਅਸਮਾਨ ਤੇ ਪੁੱਜ ਗਿਆ। ਜਿਸਦੇ ਚਲਦਿਆਂ ਉਨ੍ਹਾਂ ਨੇ ਨਿਗਮ ਦਫ਼ਤਰ ਦੇ ਬਾਹਰ ਪੁੱਜ ਕੇ ਖ਼ੂਬ ਪਿੱਟ ਸਿਆਪਾ ਕੀਤਾ। 

ਜਿਸ ਗੁਰਦੁਆਰਾ ਸਾਹਿਬ ਵਿੱਚ ਪਾਣੀ ਵੜਿਆ ਸੀ, ਉਹ ਗੁਰਦੁਆਰਾ ਘੁਮਿਆਰਾਂ ਵਾਲੇ ਮੁਹੱਲੇ ਵਿੱਚ ਸਥਿਤ ਹੈ। ਦੱਸਿਆ ਜਾਂਦੈ ਕਿ, ਜੇਕਰ ਐਨ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਅਨਾਊਂਸਮੈਂਟ ਨਾ ਕੀਤੀ ਜਾਂਦੀ ਤਾਂ ਨੌਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਦੀ ਬੇਅਦਬੀ ਹੋਣ ਤੱਕ ਪੁੱਜ ਸਕਦੀ ਸੀ।

ਪ੍ਰਤੱਖ ਦਰਸ਼ਕਾਂ ਅਨੁਸਾਰ ਪਾਣੀ ਇੰਨੀ ਤੇਜ਼ੀ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਸੀ, ਕਿ ਸਿੱਖ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਉੱਥੋਂ ਹਟਾ ਕੇ ਕਿਸੇ ਹੋਰ ਸੁਰੱਖਿਅਤ ਥਾਂ ਤੇ ਲਿਜਾਉਣਾ ਪੈ ਗਿਆ ਸੀ। ਇਸੇ ਦੌਰਾਨ ਹੀ ਭੜਕੇ ਯੂਥ ਅਕਾਲੀਆਂ ਨੇ ਕਾਂਗਰਸੀ ਮੇਅਰ ਨੂੰ ਸ਼ਹਿਰ ਦੀ ਇਸ ਦੁਰਦਸ਼ਾ ਲਈ ਜ਼ਿੰਮੇਵਾਰ ਠਹਿਰਾਇਆ। ਇਲਾਕਾ ਨਿਵਾਸੀਆਂ ਦਾ ਕਹਿਣੈ ਕਿ, ਜੇਕਰ ਛੇ ਫ਼ੁੱਟ ਚੌੜੇ ਨਾਲੇ ਵਿੱਚ ਮਹਿਜ਼ ਦੋ ਫ਼ੁੱਟ ਦੀ ਪਾਈਪ ਪਾਕੇ ਉਸ ਨੂੰ ਪੂਰ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਨੌਬਤ ਕਦੇ ਵੀ ਨਹੀਂ ਸੀ ਆਉਣੀ।