ਅਕਾਲੀ ਮੰਗਣ ਹਰਿਆਣੇ 'ਚ 30 ਸੀਟਾਂ ਪਰ ਭਾਜਪਾ ਦਾ 15 ਤੋਂ ਵੱਧ ਦਾ ਇਰਾਦਾ ਨਹੀਂ ਜਾਪਦਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 20 2019 18:55
Reading time: 1 min, 15 secs

ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕੁਝ ਹੀ ਮਹੀਨੇ ਬਾਕੀ ਹਨ ਅਤੇ ਇਸ ਵਾਰ ਹਰਿਆਣਾ ਦੇ ਵਿੱਚ ਵੀ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਕਰ ਲਿਆ ਹੈ। ਪੰਜਾਬ ਅਤੇ ਕੇਂਦਰ ਵਿਚਲੇ ਆਪਣੇ ਗੱਠਜੋੜ ਨੂੰ ਅਕਾਲੀ-ਭਾਜਪਾ ਨੇ ਹਰਿਆਣਾ ਵਿਧਾਨ ਸਭਾ ਵਿੱਚ ਵੀ ਪਹਿਲੀ ਵਾਰ ਲਾਗੂ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਵੱਲੋਂ ਭਾਜਪਾ ਕੋਲੋਂ 30 ਸੀਟਾਂ ਦੀ ਮੰਗ ਕੀਤੀ ਜਾ ਰਹੀ ਹੈ। ਰਾਜਨੀਤਿਕ ਗਲਿਆਰਿਆਂ ਦੀ ਚਰਚਾ ਦੇ ਅਨੁਸਾਰ ਭਾਜਪਾ ਕਿਸੇ ਵੀ ਹਾਲ ਵਿੱਚ ਅਕਾਲੀ ਦਲ ਨੂੰ 30 ਸੀਟਾਂ ਦੇਣ ਦੇ ਇਰਾਦੇ ਵਿੱਚ ਨਹੀਂ ਹੈ ਅਤੇ ਇਹ ਅੰਕੜਾ ਜ਼ਿਆਦਾ ਤੋਂ ਜ਼ਿਆਦਾ 15 ਤੱਕ ਜਾਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਬੋਲਣ ਵਾਲੀ ਸਿੱਖ ਵੋਟ ਹੈ ਅਤੇ ਇਸ ਵੋਟ ਦੇ ਵਿੱਚ ਅਕਾਲੀ ਦਲ ਦਾ ਇੱਕ ਵੱਡਾ ਆਧਾਰ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭਾਜਪਾ ਦੀ ਭੂਮਿਕਾ ਹਿੰਦੂ ਵੋਟ ਵਾਸਤੇ ਹੈ ਉਸੇ ਤਰ੍ਹਾਂ ਹਰਿਆਣਾ ਦੇ ਵਿੱਚ ਅਕਾਲੀ ਦਲ ਦੀ ਭੂਮਿਕਾ ਸਿੱਖ ਵੋਟ ਲਈ ਗਿਣੀ ਜਾਂਦੀ ਹੈ। ਪੰਜਾਬ ਦੀਆਂ 117 ਸੀਟਾਂ ਵਿੱਚੋਂ ਭਾਜਪਾ ਨੂੰ ਸਿਰਫ਼ 23 ਸੀਟਾਂ ਮਿਲਦੀਆਂ ਹਨ ਅਤੇ ਇਸੇ ਆਧਾਰ ਤੇ ਹਰਿਆਣਾ ਦੇ ਵਿੱਚ ਅਕਾਲੀ ਦਲ ਨੂੰ ਭਾਜਪਾ 15 ਦੇ ਕਰੀਬ ਤੋਂ ਵੱਧ ਸੀਟ ਦਿੰਦੀ ਨਹੀਂ ਜਾਪਦੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਵਿੱਚ ਭਾਜਪਾ ਨੇ ਸਾਰੀਆਂ ਲੋਕ ਸਭਾ ਸੀਟਾਂ ਤੇ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਪੰਜਾਬ ਦੇ ਵਿੱਚ ਭਾਜਪਾ ਦੇ ਵੱਲੋਂ 2022 ਵਿਧਾਨ ਸਭਾ ਚੋਣਾਂ ਵਿੱਚ ਵੱਧ ਸੀਟਾਂ ਦੀ ਮੰਗ ਹੋਣੀ ਸ਼ੁਰੂ ਹੋ ਗਈ ਹੈ ਅਤੇ ਹਰਿਆਣਾ ਦੀਆਂ ਸੀਟਾਂ ਦੇ ਵੱਲੋਂ ਵੀ ਇਸਦੇ ਵਿੱਚ ਕੋਈ ਭੂਮਿਕਾ ਨਿਭਾਈ ਜਾ ਸਕਦੀ ਹੈ।