ਨਿਆਂਇਕ ਅਧਿਕਾਰੀਆਂ ਤੇ ਸਟਾਫ ਨੇ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ ਲਈ ਦਿੱਤੇ 1.83 ਲੱਖ ਰੁਪਏ

Last Updated: Jun 02 2020 12:35
Reading time: 1 min, 0 secs

ਇੱਕ ਪਾਸੇ ਦੇਸ਼ ਅੰਦਰ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਾਲ ਸੂਬਾ ਸਰਕਾਰਾਂ ਜੰਗ ਲੜ ਰਹੀਆਂ ਹਨ। ਦੂਜੇ ਪਾਸੇ ਸਰਕਾਰੀ ਅਧਿਕਾਰੀ, ਉਦਯੋਗਪਤੀ ਅਤੇ ਸਰਕਾਰੀ ਮੁਲਾਜ਼ਮ ਸੰਗਠਨਾਂ ਨੇ ਕੋਰੋਨਾ ਮਹਾਂਮਾਰੀ ਦੇ ਨਾਲ ਲੜਨ ਦੀ ਦਿਸ਼ਾ 'ਚ ਪੰਜਾਬ ਸਰਕਾਰ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ਆਪਣੇ ਹੱਥ ਅੱਗੇ ਵਧਾਏ ਸੀ।

ਹੁਣ ਕੋਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਜੰਗ ਵਿੱਚ ਯੋਗਦਾਨ ਪਾਉਂਦੇ ਹੋਏ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਿਆਂਇਕ ਅਧਿਕਾਰੀਆਂ ਅਤੇ ਸਟਾਫ ਨੇ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ ਵਿੱਚ 01 ਲੱਖ 83 ਹਜ਼ਾਰ 500 ਰੁਪਏ ਦਿੱਤੇ। ਨਿਆਂਇਕ ਅਧਿਕਾਰੀਆਂ ਤੇ ਸਟਾਫ ਵੱਲੋਂ ਦੂਜੀ ਵਾਰ ਇਹ ਉਪਰਾਲਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੀਫ ਜੁਡੀਸ਼ੀਅਲ ਮੈਜਿਸਟਰੇਟ (ਸੀ.ਜੇ.ਐਮ) ਮਹੇਸ਼ ਗਰੋਵਰ ਨੇ ਦੱਸਿਆ ਕਿ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਦਾ ਸਾਹਮਣਾ ਕਰਨ ਲਈ ਸਾਰੇ ਵਰਗਾਂ ਦੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਅਤੇ ਇਸ ਮੁਸ਼ਕਲ ਦੀ ਘੜੀ ਵਿੱਚ ਨਿਆਂਇਕ ਅਧਿਕਾਰੀਆਂ ਅਤੇ ਸਟਾਫ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ ਹੈ।

ਸੀ.ਜੇ.ਐਮ ਮਹੇਸ਼ ਗਰੋਵਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਸਾਫ-ਸਫਾਈ ਅਤੇ ਸਿਹਤ ਸੰਭਾਲ ਸਬੰਧੀ ਹਦਾਇਤਾਂ, ਜਿਸ ਵਿੱਚ ਸਮਾਜਿਕ ਵਿੱਥ, ਮਾਸਕ ਪਹਿਨਣਾ ਅਤੇ ਆਪਣੇ ਹੱਥ ਵਾਰ-ਵਾਰ ਧੋਣਾ ਸ਼ਾਮਲ ਹੈ, ਦੀ ਪਾਲਣਾ ਕਰਨੀ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਖ਼ਿਲਾਫ਼ ਲੜੀ ਜਾ ਰਹੀ ਜੰਗ ਵਿੱਚ ਨਿਆਂਇਕ ਅਧਿਕਾਰੀਆਂ ਨੇ ਆਪਣਾ ਯੋਗਦਾਨ ਪਾਉਂਦੇ ਹੋਏ ਇਹ ਰਾਸ਼ੀ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ ਵਿੱਚ ਦਿੱਤੀ ਹੈ।