ਨਸ਼ੇ, ਭਰੂਣ ਹੱਤਿਆ, ਦਾਜ ਪ੍ਰਥਾ ਅਤੇ ਬੇਰੁਜ਼ਗਾਰੀ ਚਿੰਤਾ ਦਾ ਵਿਸ਼ਾ- ਡਾ. ਖੇੜਾ

Last Updated: Jan 06 2020 11:36
Reading time: 1 min, 46 secs

ਅਜੋਕੇ ਸਮੇਂ ਵਿੱਚ ਵੱਧ ਰਹੀਆਂ ਸਮਾਜਿਕ ਕੁਰੀਤੀਆਂ ਦੀ ਰੋਕਥਾਮ ਲਈ ਅਤੇ ਮਨੁੱਖਤਾ ਤੇ ਸ਼ਰ੍ਹੇਆਮ ਹੋ ਰਹੇ ਅੱਤਿਆਚਾਰ ਖ਼ਿਲਾਫ਼ ਡਟ ਕੇ ਆਵਾਜ਼ ਨੂੰ ਬੁਲੰਦ ਕਰਕੇ ਸਮਾਜਿਕ ਚੇਤਨਤਾ ਲਿਆਉਣ ਸਬੰਧੀ ਮਨੁੱਖੀ ਅਧਿਕਾਰ ਮੰਚ (ਰਜਿ.) ਪੰਜਾਬ ਵੱਲੋਂ ਨਜ਼ਦੀਕੀ ਪਿੰਡ ਜਰਗ ਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੌਰਾਨ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਵੱਲੋਂ ਮੰਚ ਦੇ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਹੁਸਨ ਲਾਲ ਸੂੰਡ ਸਕੱਤਰ, ਡਾ. ਮਨੋਹਰ ਲਾਲ ਮੈਡੀਕਲ ਸਲਾਹਕਾਰ, ਲਖਵਿੰਦਰ ਸਿੰਘ ਲਾਲੀ ਚੇਅਰਮੈਨ ਬੁੱਧੀਜੀਵੀ ਸੈਲ ਜ਼ਿਲ੍ਹਾ ਲੁਧਿਆਣਾ, ਬੀਰ ਸਿੰਘ ਵਾਈਸ ਚੇਅਰਮੈਨ ਬਲਾਕ ਦੋਰਾਹਾ ਅਤੇ ਹੋਰ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ. ਜਸਵੰਤ ਸਿੰਘ ਖੇੜਾ ਨੇ ਕਿਹਾ ਕਿ ਮੰਚ ਦਾ ਮੁੱਖ ਉਦੇਸ਼ ਸਮਾਜ ਦੇ ਹਰੇਕ ਨਾਗਰਿਕ ਨੂੰ ਮਨੁੱਖੀ ਅਧਿਕਾਰਾਂ ਤੋਂ ਜਾਣੂ ਕਰਵਾ ਕੇ ਹੱਕ, ਸੱਚ ਤੇ ਇਨਸਾਫ਼ ਲਈ ਡਟ ਕੇ ਅਵਾਜ਼ ਨੂੰ ਬੁਲੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਰਿਸ਼ਵਤਖ਼ੋਰੀ, ਮਿਲਾਵਟਖੋਰੀ, ਧੱਕੇਸ਼ਾਹੀ, ਨਸ਼ੇ, ਭਰੂਣ ਹੱਤਿਆ, ਦਾਜ ਪ੍ਰਥਾ ਅਤੇ ਹੋਰ ਸਮਾਜਿਕ ਕੁਰੀਤੀਆਂ ਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ, ਜੋ ਸਮੁੱਚੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਦੇਸ਼ ਅੰਦਰ ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ ਅਤੇ ਮਹਿੰਗਾਈ ਨੇ ਹਰ ਵਰਗ ਨੂੰ ਡੂੰਘੀਆਂ ਸੋਚਾਂ ਵਿੱਚ ਪਾ ਦਿੱਤਾ ਹੈ। ਦੇਸ਼ ਦੀ ਆਜ਼ਾਦੀ ਦੇ 70 ਸਾਲ ਬੀਤਣ ਉਪਰੰਤ ਵੀ ਦੇਸ਼ ਭਗਤਾਂ ਦੇ ਸੁਪਨੇ ਸਾਕਾਰ ਨਹੀਂ ਹੋਏ।

ਉਨ੍ਹਾਂ ਅੱਗੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਪੰਜਾਬ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿਛਲੇ 16 ਸਾਲਾਂ ਤੋਂ ਲੋਕਾਂ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ ਅਤੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਇਕਾਈਆਂ ਦਾ ਗਠਨ ਕਰਕੇ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਸਮਾਰੋਹ ਦੇ ਆਖੀਰ ਚ ਸਰਕਲ ਪਾਇਲ ਦੇ ਪ੍ਰਧਾਨ ਜੋਗਿੰਦਰ ਸਿੰਘ ਜਰਗ ਅਤੇ ਬੁੱਧੀਜੀਵੀ ਸੈਲ ਜ਼ਿਲ੍ਹਾ ਚੇਅਰਮੈਨ ਲਖਵਿੰਦਰ ਸਿੰਘ ਲਾਲੀ ਨੇ ਪੰਜਾਬ ਦੇ ਹਰ ਵਰਗ ਦੇ ਬੁੱਧੀਜੀਵੀ ਸੱਜਣਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਸੋਹਣਾ ਤੇ ਨਿੱਗਰ ਸਮਾਜ ਸਿਰਜਣ ਲਈ ਮਨੁੱਖੀ ਅਧਿਕਾਰ ਮੰਚ ਪੰਜਾਬ ਨਾਲ ਜੁੜਨ ਤਾਂ ਕਿ ਨੌਜਵਾਨ ਪੀੜੀ ਨੂੰ ਕੁਰਾਹੇ ਪੈਣ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਤੇ ਕ੍ਰਿਸ਼ਨ ਕੁਮਾਰ ਮੁੱਖ ਸਲਾਹਕਾਰ ਆਰ.ਟੀ.ਆਈ ਸੈਲ, ਕੁਲਦੀਪ ਸਿੰਘ ਮੰਡੜੀਆ ਜਨਰਲ ਸਕੱਤਰ ਫ਼ਤਿਹਗੜ੍ਹ ਸਾਹਿਬ, ਜਨਾਬ ਰਸੀਦ ਖ਼ਾਨ ਚੇਅਰਮੈਨ ਬੁੱਧੀਜੀਵੀ ਸੈਲ, ਮਹਿੰਦਰ ਅਰੋੜਾ ਚੇਅਰਮੈਨ ਆਰ.ਟੀ.ਆਈ ਸੈਲ, ਗੁਰਪ੍ਰੀਤ ਸਿੰਘ ਗੋਪੀ ਮੀਤ ਪ੍ਰਧਾਨ, ਪ੍ਰਮੋਦ ਕੁਮਾਰ ਮੀਤ ਪ੍ਰਧਾਨ ਬਲਾਕ ਖੰਨਾ, ਤਰਸੇਮ ਸਿੰਘ ਗਿੱਲ ਜ਼ਿਲ੍ਹਾ ਮੀਤ ਪ੍ਰਧਾਨ, ਡਾ.ਬਲਵੀਰ ਸਿੰਘ, ਡਾ.ਰਵੀ ਦੱਤ ਸਮੇਤ ਆਦਿ ਤੋਂ ਇਲਾਵਾ ਹੋਰ ਮੈਂਬਰ ਸਨ।