ਦੁੱਧ ਦੇ ਸੈਂਪਲਾਂ ਦੀ ਜਾਂਚ 'ਚ 36 ਸੈਂਪਲਾਂ ਵਿੱਚੋਂ 8 'ਚ ਪਾਈ ਗਈ ਪਾਣੀ ਦੀ ਮਿਲਾਵਟ

Last Updated: Sep 17 2019 12:15
Reading time: 1 min, 39 secs

ਲੋਕਾਂ ਨੂੰ ਖਾਣ-ਪੀਣ ਵਾਲੀਆਂ ਮਿਆਰੀ ਅਤੇ ਮਿਲਾਵਟ ਰਹਿਤ ਵਸਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਘਰਾਂ 'ਚ ਇਸਤੇਮਾਲ ਕੀਤੇ ਜਾਂਦੇ ਦੁੱਧ ਪ੍ਰਤੀ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਅਤੇ ਮਨੁੱਖੀ ਸਿਹਤ ਲਈ ਇਸਦੇ ਮਹੱਤਵ ਤੇ ਦੁੱਧ 'ਚ ਸੰਭਾਵਿਤ ਮਿਲਾਵਟਾਂ ਸਬੰਧੀ ਜਾਗਰੂਕ ਕਰਨ ਲਈ ਡੇਅਰੀ ਵਿਕਾਸ ਬੋਰਡ ਵੱਲੋਂ ਫ਼ੇਜ਼-1 'ਚ ਦੁੱਧ ਪਰਖ ਕੈਂਪ ਲਗਾਇਆ ਗਿਆ। ਇਸ ਮੌਕੇ ਸਮਾਜਸੇਵੀ ਚਰਨ ਦਾਸ ਨੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਦਾ ਉਦਘਾਟਨ ਕੀਤਾ ਅਤੇ ਵਿਭਾਗ ਦੀ ਮੋਬਾਈਲ ਲੈਬੋਰੇਟਰੀ ਦੁਆਰਾ ਦੁੱਧ ਦੀ ਜਾਂਚ ਕਰਕੇ ਮੌਕੇ ਤੇ ਰਿਪੋਰਟ ਦਿੱਤੀ।

ਇਸ ਮੌਕੇ ਤੇ ਡੇਅਰੀ ਟੈਕਨੋਲੋਜਿਸਟ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਚਲਾਏ ਜਾ ਰਹੇ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਅਧੀਨ ਮੋਬਾਈਲ ਲੈਬੋਰੇਟਰੀ ਰਾਹੀਂ ਦੁੱਧ ਦੇ 36 ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 28 ਸੈਂਪਲ ਤੈਅ ਮਿਆਰਾਂ ਅਨੁਸਾਰ ਸਹੀ ਪਾਏ ਗਏ। ਜਦਕਿ ਦੁੱਧ ਦੇ 8 ਸੈਂਪਲਾਂ ਵਿੱਚ 14 ਫ਼ੀਸਦੀ ਤੋਂ ਲੈ ਕੇ 25 ਫ਼ੀਸਦੀ ਤੱਕ ਪਾਣੀ ਦੀ ਮਿਲਾਵਟ ਪਾਈ ਗਈ। ਸੈਂਪਲਾਂ ਦੀ ਜਾਂਚ 'ਚ ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਹਾਨੀਕਾਰਕ ਕੈਮੀਕਲ ਜਾਂ ਬਾਹਰੀ ਪਦਾਰਥ ਨਹੀਂ ਪਾਏ ਗਏ।

ਡੇਅਰੀ ਟੈਕਨੋਲੋਜਿਸਟ ਦਰਸ਼ਨ ਸਿੰਘ ਨੇ ਦੱਸਿਆ ਕਿ ਦੁੱਧ ਪਰਖ ਕੈਂਪ ਮੌਕੇ ਦੁੱਧ ਖਪਤਕਾਰਾਂ ਵੱਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਨੂੰ ਟੈਸਟ ਕਰਨ ਉਪਰੰਤ ਮੌਕੇ ਤੇ ਹੀ ਦੁੱਧ ਖਪਤਕਾਰਾਂ ਨੂੰ ਟੈਸਟਾਂ ਦੇ ਮੁਫ਼ਤ ਲਿਖਤੀ ਰਿਜ਼ਲਟ ਦਿੱਤੇ ਗਏ। ਡੇਅਰੀ ਵਿਭਾਗ ਦੇ ਦਫ਼ਤਰਾਂ 'ਚ ਵੀ ਦੁੱਧ ਦੀ ਜਾਂਚ ਮੁਫ਼ਤ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਥਾਂ ਤੇ ਅਜਿਹੇ ਕੈਂਪ ਆਯੋਜਿਤ ਕਰਵਾਏ ਜਾਣ ਦੇ ਸਬੰਧ 'ਚ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਜਾਂ ਹੈਲਪ ਲਾਈਨ ਨੰਬਰ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਦੁੱਧ ਖਪਤਕਾਰਾਂ ਨੂੰ ਉਨ੍ਹਾਂ ਵੱਲੋਂ ਖ਼ਰੀਦੇ ਦੁੱਧ ਵਿੱਚ ਮੌਜੂਦ ਤੱਤਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇਣਾ ਹੈ ਅਤੇ ਜਾਗਰੂਕ ਖਪਤਕਾਰ ਹੀ ਦੁੱਧ ਵਿੱਚ ਮਿਲਾਵਟ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਸਕਦੇ ਹਨ। ਇਸ ਮੌਕੇ ਸੁਖਵੀਰ ਸਿੰਘ, ਹਰਦੇਵ ਸਿੰਘ, ਗੁਰਦੀਪ ਸਿੰਘ, ਸੁਦੇਸ਼ ਕੁਮਾਰ, ਪ੍ਰਿੰਸ, ਕਿਰਨ ਬਾਲਾ, ਕਮਲੇਸ਼, ਜਨਕ ਰਾਣੀ, ਸੁਮਨ, ਪੂਜਾ, ਰਾਧਾ ਰਾਣੀ, ਬਿੰਦੂ, ਪੂਨਮ ਆਦਿ ਤੋਂ ਇਲਾਵਾ ਡੇਅਰੀ ਵਿਕਾਸ ਬੋਰਡ ਦੇ ਹੋਰ ਮੁਲਾਜ਼ਮ ਅਤੇ ਇਲਾਕਾ ਵਾਸੀ ਮੌਜੂਦ ਸਨ।